ਕੋਲਾ ਸੰਕਟ : ਰਾਜਪੁਰਾ ਥਰਮਲ ਪਲਾਂਟ ਵੀ ਹੋਇਆ ਪੂਰੀ ਤਰ੍ਹਾਂ ਠੱਪ, ਪਾਵਰਕੌਮ ਨੂੰ ਭਖਾਉਣੇ ਪੈ ਸਕਦੇ ਹਨ ਆਪਣੇ ਥਰਮਲ

thermal
ਬਿਜਲੀ ਦੀ ਮੰਗ ਵਧਣ ਨਾਲ ਪਾਵਰਕੌਮ ਵੱਲੋਂ ਥਰਮਲਾਂ ਦੇ ਚਾਰ ਯੂਨਿਟ ਚਾਲੂ।

ਉਗਰਾਹਾਂ ਗਰੁੱਪ ਨੇ ਪ੍ਰਾਈਵੇਟ ਥਰਮਲਾਂ ਦੀਆਂ ਪਟੜੀਆਂ ਤੋਂ ਧਰਨੇ ਚੁੱਕਣ ਨੂੰ ਨਕਾਰਿਆ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੋਲੇ ਦੇ ਸੰਕਟ ਨਾਲ ਜੂਝ ਰਹੇ ਪੰਜਾਬ ਦੇ ਥਰਮਲ ਪਲਾਂਟਾਂ ਦੇ ਯੂਨਿਟ ਲਗਾਤਾਰ ਬੰਦ ਹੋ ਰਹੇ ਹਨ। ਅੱਜ ਸਵੇਰੇ ਰਾਜਪੁਰਾ ਥਰਮਲ ਪਲਾਂਟ ਦਾ ਯੂਨਿਟ ਵੀ ਬੰਦ ਹੋ ਗਿਆ ਹੈ। ਉਕਤ ਯੂਨਿਟ ਕੋਲੇ ਦੀ ਘਾਟ ਕਾਰਨ ਪਹਿਲਾਂ ਹੀ ਅੱਧੀ ਮਾਤਰਾ ਦੇ ਚੱਲ ਰਿਹਾ ਸੀ। ਇਸ ਥਰਮਲ ਦਾ ਇੱਕ ਹੋਰ ਯੂਨਿਟ ਪਿਛਲੇ ਕਈ ਦਿਨਾਂ ਤੋਂ ਬੰਦ ਹੈ। ਇਸ ਦੇ ਨਾਲ ਹੀ ਤਲਵੰਡੀ ਸਾਬੋ ਦਾ ਥਰਮਲ ਪਲਾਂਟ ਵੀ ਕੋਲੇ ਦੀ ਘਾਟ ਕਾਰਨ ਠੱਪ ਹੈ। ਹੁਣ ਸਿਰਫ਼ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਯੂਨਿਟ ਹੀ ਚੱਲ ਰਿਹਾ ਹੈ,

ਜਿਸ ਵਿੱਚ ਸਿਰਫ਼ ਇੱਕ ਦਿਨ ਦਾ ਹੀ ਕੋਲਾ ਬਚਿਆ ਹੈ। ਪਾਵਰਕੌਮ ਨੂੰ ਪ੍ਰਾਈਵੇਟ ਜ਼ਨਰੇਸ਼ਨ ਲਗਾਤਾਰ ਠੱਪ ਹੋਣ ਕਾਰਨ ਹੁਣ ਆਪਣੇ ਬੰਦ ਪਏ ਸਰਕਾਰੀ ਥਰਮਲ ਭਖਾਉਣ ਤੋਂ ਬਿਨਾ ਕੋਈ ਚਾਰਾ ਨਹੀਂ ਰਹਿ ਗਿਆ। ਜਾਣਕਾਰੀ ਅਨੁਸਾਰ ਭਾਵੇਂ ਪੰਜਾਬ ਅੰਦਰ ਸਾਰੀਆਂ ਪਟੜੀਆਂ ਕਿਸਾਨਾਂ ਵੱਲੋਂ ਖਾਲੀ ਕੀਤੀਆਂ ਹੋਈਆਂ ਹਨ, ਸਿਰਫ਼ ਰਾਜਪੁਰਾ ਥਰਮਲ ਪਲਾਂਟ ਅਤੇ ਤਲਵੰਡੀ ਸਾਬੋਂ ਪਲਾਂਟ ਅੱਗੇ ਹੀ ਇਸ ਦੀਆਂ ਅੰਦਰੂਨੀ ਪਟੜੀਆਂ ‘ਤੇ ਧਰਨਾ ਲਾਇਆ ਹੋਇਆ ਹੈ।

ਕੇਂਦਰ ਸਰਕਾਰ ਨੇ ਅੜੀ ਕਰ ਲਈ ਹੈ ਕਿ ਪਹਿਲਾਂ ਸਾਰੀਆਂ ਪਟੜੀਆਂ ਖਾਲੀ ਕਰਵਾਈਆਂ ਜਾਣ, ਉਸ ਤੋਂ ਬਾਅਦ ਹੀ ਮਾਲ ਗੱਡੀਆਂ ਦੀ ਸਪਲਾਈ ਬਹਾਲ ਹੋਵੇਗੀ। ਅੱਜ ਵੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਦੀ ਪੰਜਾਬ ਦੇ ਮੰਤਰੀਆਂ ਨਾਲ ਮੀਟਿੰਗ ਸੀ, ਜਿਸ ਵਿੱਚ ਜਥੇਬੰਦੀ ਵੱਲੋਂ ਇਨ੍ਹਾਂ ਪ੍ਰਾਈਵੇਟ ਥਰਮਲਾਂ ਦੀਆਂ ਪਟੜੀਆਂ ਉੱਪਰੋਂ ਆਪਣਾ ਧਰਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਾਰਪੋਰੇਟ ਘਰਾਣਿਆ ਅੱਗੇ ਲਾਏ ਧਰਨਿਆਂ ਚੋਂ ਹੀ ਪ੍ਰਾਈਵੇਟ ਥਰਮਲਾਂ ਅੱਗੇ ਲਾਏ ਧਰਨੇ ਸ਼ਾਮਲ ਹਨ,

ਕਿਉਕਿ ਇਹ ਥਰਮਲ ਵੀ ਉਨ੍ਹਾਂ ਘਰਾਣਿਆਂ ਦੇ ਹੀ ਹਨ। ਉਗਰਾਹਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਆਪਣੇ ਯਾਰਾਂ ਦੇ ਕਾਰੋਬਾਰ ਠੱਪ ਦਾ ਵੱਡਾ ਦੁੱਖ ਲੱਗਾ ਹੈ ਜਿਸ ਕਾਰਨ ਹੀ ਉਨ੍ਹਾਂ ਨੇ ਪੰਜਾਬ ਦੀਆਂ ਗੱਡੀਆਂ ਬੰਦ ਕਰਕੇ ਪੰਜਾਬ ਨਾਲ ਬਾਈਕਾਟ ਵਰਗਾ ਰਵੱਈਆਂ ਅਪਣਾਇਆ ਜਾ ਰਿਹਾ ਹੈ। ਕੋਲੇ ਨਾ ਆਉਣ ਕਾਰਨ ਪੰਜਾਬ ਦੇ ਦਿਹਾਤੀ ਖੇਤਰਾਂ ਵਿੱਚ ਕੱਟ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਪਾਵਰਕੌਮ ਨੂੰ ਰੋਜਾਨਾ ਹੀ ਇੱਕ ਹਜ਼ਾਰ ਮੈਗਾਵਾਟ ਬਿਜਲੀ ਦਾ ਬਾਹਰੋਂ ਪ੍ਰਬੰਧ ਕਰਨਾ ਪੈ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਵਰਕੌਮ ਵੱਲੋਂ ਹੁਣ ਕੋਈ ਚਾਰਾ ਬੱਚਦਾ ਨਾ ਦੇਖ ਆਪਣੇ ਯੂਨਿਟਾਂ ਨੂੰ ਭਖਾਉਣ ਬਾਰੇ ਸੋਚਿਆ ਜਾ ਰਿਹਾ ਹੈ ਕਿਉਂਕਿ ਪ੍ਰਾਈਵੇਟ ਉਤਪਾਦਨ ਠੱਪ ਹੋ ਗਿਆ ਹੈ।

ਰਾਜਪੁਰਾ ਥਰਮਲ ਪਲਾਂਟ ਵੱਲੋਂ ਦਿੱਤੀ ਜਾ ਰਹੀ ਐ ਸਭ ਤੋਂ ਸਸਤੀ ਬਿਜਲੀ

ਰਾਜਪੁਰਾ ਥਰਮਲ ਪਲਾਂਟ ਅਨੁਸਾਰ ਉਨ੍ਹਾਂ ਵੱਲੋਂ ਪੰਜਾਬ ਅੰਦਰ ਸਭ ਤੋਂ ਸਸਤੀ ਬਿਜਲੀ ਮੁਹੱਈਆਂ ਕਰਵਾਈ ਜਾ ਰਹੀ ਹੈ। ਉਨ੍ਹਾਂ ਵੱਲੋਂ ਪਾਵਰਕੌਮ ਨੂੰ 2.91 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ। ਬਾਵਜ਼ੂਦ ਇਸ ਦੇ ਥਰਮਲ ਤੱਕ ਪਹੁੰਚਣ ਵਾਲਾ ਕੋਲਾ ਰੋਕ ਦਿਤਾ ਗਿਆ ਹੈ। ਉਨ੍ਹਾਂ ਅਨੁਸਾਰ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਹੀ ਨੁਕਸਾਨ ਹੋ ਰਿਹਾ ਹੈ, ਕਿਉਂਕਿ ਪਾਵਰਕੌਮ ਨੂੰ ਬਾਹਰੋਂ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ, ਜਿਸ ਦਾ ਬੋਝ ਆਮ ਲੋਕਾਂ ‘ਤੇ ਪੈਣਾ ਸੁਭਾਵਿਕ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.