ਬਿਮਾਰ ਹੋਣ ਕਾਰਨ ਡਾਕਟਰਾਂ ਵੱਲੋਂ ਅਰਾਮ ਦੀ ਸਲਾਹ
ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 29 ਨਵੰਬਰ ਨੂੰ ਲੱਗ ਰਹੇ ਮੈਗਾ ਰੋਜ਼ਗਾਰ ਮੇਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਮਾਰ ਹੋਣ ਕਾਰਨ ਨਹੀਂ ਪੁੱਜ ਰਹੇ। ਮੁੱਖ ਮੰਤਰੀ ਦੀ ਆਮਦ ਸਬੰਧੀ ਪੁਲਿਸ ਪ੍ਰਸ਼ਾਸਨ ਨੇ ਪਿਛਲੇ ਕਈ ਦਿਨਾਂ ਤੋਂ ਪੱਬਾਂਭਾਰ ਹੁੰਦਿਆਂ ਆਪਣੀਆਂ ਤਿਆਰੀਆਂ ਨੂੰ ਵਿੱਢਿਆ ਹੋਇਆ ਸੀ। ਮੁੱਖ ਮੰਤਰੀ ਵੱਲੋਂ ਇੱਥੇ ਦੂਜੇ ਸਮਾਗਮ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਵਿੱਚ ਵੀ ਸਿਰਕਤ ਕਰਨੀ ਸੀ।
ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਖੇ ਮੈਗਾ ਰੋਜ਼ਾਗਾਰ ਮੇਲੇ ਦੌਰਾਨ ਮੁੱਖ ਮੰਤਰੀ ਵੱਲੋਂ ਨਿਯੁਕਤੀ ਪੱਤਰ ਦਿੱਤੇ ਜਾਣੇ ਸਨ, ਜੋ ਕਿ ਪਹਿਲਾਂ ਵੱਖ-ਵੱਖ ਕੰਪਨੀਆਂ ਵੱਲੋਂ ਸਲੈਕਟ ਕੀਤੇ ਗਏ ਸਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਮੇਲੇ ਵਿੱਚ 20 ਹਜਾਰ ਦੇ ਕਰੀਬ ਨੌਜਵਾਨ ਪੁੱਜ ਰਹੇ ਹਨ
ਜਿਸ ਸਬੰਧੀ ਸਾਰੇ ਪ੍ਰਬੰਧ ਪੂਰੇ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਸ ਰੁਜ਼ਗਾਰ ਮੇਲੇ ਸਬੰਧੀ ਸ਼ਹਿਰ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਫਲੈਕਸ ਬੋਰਡ ਸਮੇਤ ਬੈਨਰ ਲੱਗ ਚੁਕੇ ਹਨ। ਉਂਜ ਦੁਪਹਿਰ ਤੋਂ ਬਾਅਦ ਮੁੱਖ ਮੰਤਰੀ ਦੇ ਬਿਮਾਰ ਹੋਣ ਕਰਕੇ ਚੰਡੀਗੜ੍ਹ ਪੀਜੀਆਈ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਕਿ ਵਾਇਰਲ ਹੋਣ ਕਾਰਨ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਅਰਾਮ ਦੀ ਸਲਾਹ ਦਿੱਤੀ ਗਈ ਹੈ, ਜਿਸ ਦੌਰਾਨ Àਹਂ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ ਨਿਯੁਕਤੀ ਪੱਤਰ ਪ੍ਰੋਗਾਮ ਵਿੱਚ ਨਹੀਂ ਆ ਰਹੇ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਦੀ ਥਾਂ ਹੁਣ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੌਜਵਾਨਾਂ ਨੂੰ ਉਕਤ ਨਿਯੁਕਤੀ ਪੱਤਰ ਦੇਣਗੇ।
ਮੁੱਖ ਮੰਤਰੀ ਵੱਲੋਂ ਕੱਲ੍ਹ ਇੱਥੇ ਦੂਜੇ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕਰਨੀ ਸੀ, ਜੋ ਕਿ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਆਪਣੀ ਜਨਰਲ ਬਾਡੀ ਦਾ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਪੁੱਜ ਰਹੇ ਹਨ। ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਆਪਣੇ ਪ੍ਰਬੰਧ ਪੁਖਤਾ ਹਨ ਅਤੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ