ਮੁੱਖ ਮੰਤਰੀ ਵੱਲੋਂ 100 ਬਿਸਤਰਿਆਂ ਵਾਲੇ ਕੈਂਸਰ ਹਸਪਤਾਲ ਦਾ ਉਦਘਾਟਨ

CM, Inaugurates, 100-bed, Cancer Hospital

ਸੰਗਰੂਰ ਵਿਖੇ ਆਨਕੌਲੋਜੀ ਟ੍ਰੇਨਿੰਗ ਸੈਂਟਰ ਦੀ ਸਥਾਪਤੀ ਦਾ ਐਲਾਨ

ਮੁੱਲਾਂਪੁਰ ਕੈਂਸਰ ਹਸਪਤਾਲ ਦੀ ਪ੍ਰਗਤੀ ਦਾ ਜਾਇਜ਼ਾ, ਅਗਲੇ ਸਾਲ ਦੀਵਾਲੀ ਤੱਕ ਇਸ ਨੂੰ ਮੁਕੰਮਲ ਕਰਨ ਦੇ ਨਿਰਦੇਸ਼

ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਵਾਜ਼ਿਬ ਦਰਾਂ ‘ਤੇ ਕੈਂਸਰ ਦਾ ਇਲਾਜ ਮੁਹੱਈਆ ਕਰਵਾਉਣ ਸਬੰਧੀ ਆਪਣੀ ਸਰਕਾਰ ਦੇ ਮਿਸ਼ਨ ਅੱਗੇ ਖੜ੍ਹਦੇ ਹੋਏ ਅੱਜ ਸੰਗਰੂਰ ਵਿਖੇ 100 ਬਿਸਤਰਿਆਂ ਦੇ ਅਤਿ-ਆਧੁਨਿਕ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਦੀ ਸਥਾਪਨਾ ਸੂਬਾ ਸਰਕਾਰ ਦੇ ਸਹਿਯੋਗ ਨਾਲ ਕੀਤੀ ਗਈ ਹੈ ਅਤੇ ਉਦਘਾਟਨ ਕੀਤੇ ਗਏ ਇਸ ਨਵੇਂ ਹਸਪਤਾਲ ਵਿੱਚ ਅਤਿ-ਅਧੁਨਿਕ ਆਨਕੋਲੋਜੀ ਟ੍ਰੇਨਿੰਗ ਸੈਂਟਰ ਦੀ ਯੋਜਨਾ ਵੀ ਬਣਾਈ ਗਈ ਹੈ। ਉਨਾਂ ਦੇ ਨਾਲ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਪੀ.ਡਬਲਿਊ.ਡੀ. ਮੰਤਰੀ ਵਿਜੇ ਇੰਦਰ ਸਿੰਗਲਾ ਵੀ ਹਾਜ਼ਰ ਸਨ।

ਮੁੱਖ ਮੰਤਰੀ ਨੇ ਸੰਗਰੂਰ ਜ਼ਿਲ੍ਹੇ ਲਈ ਕੈਂਸਰ ਰੋਕਥਾਮ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ ਜਿਸ ਹੇਠ ਕੈਂਸਰ ਦੇ ਜੋਖ਼ਮ ਕਾਰਕਾਂ ਅਤੇ ਬਿਮਾਰੀ ਸਬੰਧੀ ਹਿਫਾਜਤੀ ਕਾਰਨਾਂ ਬਾਰੇ ਵਿਆਪਕ ਸਿਹਤ ਸਿੱਖਿਆ ਮੁਹੱਈਆ ਕਰਵਾਉਣ ਤੋਂ ਇਲਾਵਾ ਕੈਂਸਰ ਦਾ ਪਤਾ ਲਾਉਣ ਅਤੇ ਇਸ ਇਲਾਜ ਨੂੰ ਸੁਖਾਲੇ ਢੰਗ ਨਾਲ ਪ੍ਰਾਪਤ ਕਰਨ ਵਾਸਤੇ ਇਸ ਸਬੰਧੀ ਸੁਵਿਧਾਵਾਂ ਨੂੰ ਲੋਕਾਂ ਦੇ ਦਰਾਂ ‘ਤੇ ਮੁਹੱਈਆ ਕਰਾਇਆ ਜਾਵੇਗਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਚੰਡੀਗੜ ਦੇ ਨੇੜੇ ਮੁੱਲਾਂਪੁਰ ਵਿਖੇ ਬਣਾਏ ਜਾ ਰਹੇ ਟਾਟਾ ਕੈਂਸਰ ਹਸਪਤਾਲ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਅਗਲੀ ਦੀਵਾਲੀ ਤੱਕ ਇਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਹਸਪਤਾਲ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਲਈ ਸਬੰਧਤ ਕਰਚਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ।

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ 29 ਕਰੋੜ ਰੁਪਏ ਦੀ ਲਾਗਤ ਨਾਲ ਫਾਜ਼ਿਲਕਾ ਵਿਖੇ ਤੀਜੇ ਦਰਜ਼ੇ ਦੇ ਕੈਂਸਰ ਕੇਅਰ ਸੈਂਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਸਤੰਬਰ, 2019 ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ 114 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਵੀ ਸਥਾਪਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸੰਗਰੂਰ ਸਿਵਲ ਹਸਪਤਾਲ ਵਾਸਤੇ ਸੱਤ ਕਰੋੜ ਰੁਪਏ ਦਾ ਵੀ ਐਲਾਨ ਕੀਤਾ।

ਇਸ ਮੌਕੇ ਬ੍ਰਹਮ ਮਹਿੰਦਰਾ ਅਤੇ ਵਿਜੇ ਇੰਦਰ ਸਿੰਗਲਾ ਦੇ ਨਾਲ ਮੁੱਖ ਮੰਤਰੀ ਨੇ ਨਵੇਂ ਕੈਂਸਰ ਹਸਪਤਾਲ ਵਿਖੇ ਸੁਵਿਧਾਵਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਹਸਪਤਾਲ ਦਾ ਗੇੜਾ ਵੀ ਮਾਰਿਆ ਅਤੇ ਡਾਕਟਰਾਂ ਤੇ ਮੈਡੀਕਲ ਸਟਾਫ ਨਾਲ ਗੱਲਬਾਤ ਕੀਤੀ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ ਸੁਵਿਧਾਵਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਵਾਸਤੇ ਠੋਸ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 588 ਡਾਕਟਰ ਛੇਤੀ ਹੀ ਸਿਹਤ ਵਿਭਾਗ ਨੂੰ ਜੁਆਇਨ ਕਰ ਲੈਣਗੇ ਅਤੇ ਉਨ੍ਹਾਂ ਨੂੰ ਆਪਣੇ ਨਿਵਾਸ ਸਥਾਨਾਂ ਦੇ ਨੇੜੇ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਉਹ ਮਰੀਜਾਂ ਦੀ ਤਹਿ-ਦਿਲੋਂ ਸੇਵਾ ਕਰਨ ਲਈ ਸਮਰਥ ਹੋ ਸਕਣ।

ਸ਼੍ਰੀ ਸਿੰਗਲਾ ਨੇ ਸੰਗਰੂਰ ਵਿਖੇ ਕੈਂਸਰ ਹਸਪਤਾਲ ਸਥਾਪਤ ਕਰਨ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਿਰਦੇਸ਼ਾਂ ‘ਤੇ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਪਦਮਸ਼੍ਰੀ ਡਾ. ਆਰ.ਏ. ਵਧਵਾ ਦੇ ਨਾਲ ਆਪਣੀ ਪਹਿਲੀ ਮੀਟਿੰਗ ਦਾ ਜ਼ਿਕਰ ਕੀਤਾ। ਉਨਾਂ ਕਿਹਾ ਕਿ ਇਹ ਹਸਪਤਾਲ ਦਵਾਈਆਂ ‘ਤੇ 66 ਫੀਸਦੀ ਸਬਸਿਡੀ ਦੇਵੇਗਾ ਅਤੇ ਟੈਸਟਾਂ ਦੀਆਂ ਦਰਾਂ ਵਾਜ਼ਬ ਹੋਣਗੀਆਂ। ਇਸ ਤੋਂ ਇਲਾਵਾ ਬਿਮਾਰੀ ਦਾ ਪਤਾ ਲੱਗਣ ‘ਤੇ ਉਸ ਦਾ ਮੁਫ਼ਤ ਇਲਾਜ਼ ਹੋਵੇਗਾ।

ਡਾ. ਆਰ.ਏ. ਬਡਵੇ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਹੋਮੀ ਭਾਭਾ ਕੈਂਸਰ ਹਸਪਤਾਲ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਰਾਹੀਂ ਬੀ.ਐਸਸੀ. ਦੇ ਪੰਜ ਕੋਰਸ ਚਲਾ ਰਿਹਾ ਹੈ। ਇਸ ਤੋਂ ਇਲਾਵਾ ਇਸ ਅਕਾਦਮਿਕ ਸਾਲ ਤੋਂ ਹਿਸਟੋਪਾਥ ਦੀ ਮਾਸਟਰ ਡਿਗਰੀ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨਾਂ ਅੱਗੇ ਦੱਸਿਆ ਕਿ ਬੀ.ਐਸਸੀ., ਆਈ.ਸੀ.ਯੂ. ਅਤੇ ਆਨਕੋਲੋਜ਼ੀ ਨਰਸਿੰਗ ਬਾਰੇ ਡਿਪਲੋਮਾ ਅਗਲੇ ਸਾਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਐਚ.ਪੀ.ਸੀ.ਐਲ. ਦੇ ਅਨੂਪ ਗੁਪਤਾ, ਐਚ.ਐਮ.ਈ.ਸੀ. ਦੇ ਚਰਨਜੀਤ ਸਿੰਘ, ਆਈ.ਓ.ਸੀ. ਦੇ ਰਵਿੰਦਰ ਸਿੰਘ ਨੰਦਾ ਅਤੇ ਕੈਂਸਰ ਦੇ ਮਰੀਜ਼ਾਂ ਦੀ ਭਲਾਈ ਲਈ ਸੇਵਾਵਾਂ ਵਾਸਤੇ ਮੁਨੀਸ਼ ਗਰਗ ਅਤੇ ਅਨੂਪ ਸਿੰਗਲਾ ਨੂੰ ਸਨਮਾਨਿਤ ਕੀਤਾ।

ਇਸ ਤੋਂ ਪਹਿਲਾਂ ਮੁੱਖ ਮੰਤਰੀ, ਜੋ ਕਿ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਦੇ ਚੇਅਰਮੈਨ ਵੀ ਹਨ, ਵੱਲੋਂ ਸਕੂਲ ਕੈਂਪਸ ਵਿੱਚ ਗਰਿੱਡ ਨਾਲ ਜੁੜੇ ਹੋਏ ਰੂਫ਼ ਟੋਪ ਸੋਲਰ ਪਲਾਂਟ ਦਾ ਉਦਘਾਟਨ ਵੀ ਕੀਤਾ। 120 ਕਿਲੋਵਾਟ ਦੀ ਸਮਰੱਥਾ ਵਾਲਾ ਇਹ ਪ੍ਰੋਜੈਕਟ 52.80 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਰਜ਼ੀਆ ਸੁਲਤਾਨਾ, ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਪਰਸਨ ਰਜਿੰਦਰ ਕੌਰ ਭੱਠਲ, ਵਿਧਾਇਕ ਸੁਰਜੀਤ ਸਿੰਘ ਧੀਮਾਨ ਅਤੇ ਦਲਵੀਰ ਸਿੰਘ ਗੋਲਡੀ, ਬੁਲਾਰਾ ਪੰਜਾਬ ਕਾਂਗਰਸ ਦਮਨ ਥਿੰਦ ਬਾਜਵਾ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਅਤੇ ਐਡੀਸ਼ਨਲ ਚੀਫ ਸੈਕਟਰੀ ਸਿਹਤ ਸਤੀਸ਼ ਚੰਦਰਾ ਵੀ ਉਨਾਂ ਦੇ ਨਾਲ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।