ਕਲਾਸ ਫੋਰਥ ਮੁਲਾਜ਼ਮਾਂ ਵੱਲੋਂ ਕਾਲੇ ਝੰਡੇ ਲਹਿਰਾ ਕੇ ਰੋਸ ਰੈਲੀ

Protest Rally Sachkahoon

ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੇ ਚੌਥਾ ਦਰਜਾ ਕਰਮਚਾਰੀਆਂ, ਕੰਟਰੈਕਟ, ਡੇਲੀਵੇਜਿਜ ਤੇ ਆਊਟ ਸੋਰਸ ਸਮੇਤ ਪਾਰਟ ਟਾਈਮ ਕਾਮਿਆਂ ਵੱਲੋਂ ਪੰਜਾਬ, ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਫਰੰਟ ਵੱਲੋਂ ਦਿੱਤੇ ਸੱਦੇ ’ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ ਯੂਨੀਅਨ ਵੱਲੋਂ ਸੂਬੇ ਭਰ ਵਿੱਚ ਕਾਲੇ ਝੰਡਿਆਂ ਨਾਲ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀਆਂ ਕਰਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਝੰਡਾ ਮਾਰਚ ਕਰਕੇ ਦਿੱਤੇ ਗਏ।

ਇੱਥੇ ਮੁਲਾਜਮ ਸਵੇਰੇ ਸਿੰਚਾਈ ਵਿਭਾਗ ਦੇ ਆਈ.ਬੀ. ਕੰਪਲੈਕਸ ਵਿਖੇ ਇਕੱਤਰ ਹੋਏ, ਜਿੱਥੇ ਯੂਨੀਅਨ ਦੇ ਬਾਨੀ ਸੱਜਣ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਕਾਫਲੇ ਦੇ ਰੂਪ ਵਿੱਚ ਕਾਲੇ ਝੰਡਿਆਂ ਨਾਲ ਵਹੀਕਲ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਪਟਿਆਲਾ ਅੱਗੇ ਪਹੁੰਚ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਸੂਰਜਪਾਲ ਯਾਦਵ ਆਦਿ ਨੇ ਕਿਹਾ ਕਿ ਪ੍ਰਾਈਵੇਟ ਡਾਕਟਰੀ ਕਿੱਤੇ ਨਾਲ ਸਬੰਧਤ ਹਸਪਤਾਲਾਂ/ਡਾਕਟਰਾਂ ਵੱਲੋਂ ਕੋਵਿਡ ਮਹਾਂਮਾਰੀ ਦੌਰਾਨ ਕੀਤੀ ਜਾ ਰਹੀ ਅੰਨ੍ਹੀ ਲੁੱਟ ਅਤੇ ਮਰੀਜ਼ ਦੇਖਣ ਦੀਆਂ ਫੀਸਾਂ ਵਿੱਚ ਕੀਤੇ ਅੰਨੇ੍ਹਵਾਹ ਵਾਧੇ ਨੂੰ ਲੈ ਕੇ 4 ਜੂਨ ਨੂੰ ਪੰਜਾਬ ਦੇ ਸਮੂਹ ਸਿਵਲ ਸਰਜਨ ਦਫਤਰਾਂ ਅੱਗੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ।

ਇਸ ਦੌਰਾਨ ਸਿਹਤ ਵਿਭਾਗ ਦੀਆਂ ਮੰਗਾਂ ਤੇ ਕੰਟਰੈਕਟ ਕਾਮਿਆਂ ਨੂੰ ਘੱਟੋ ਘੱਟ ਉਜਰਤਾਂ ਦੇਣ ਦੇ ਮਾਮਲੇ ਵੀ ਉੱਚ ਪੱਧਰ ’ਤੇ ਉਠਾਏ ਜਾਣਗੇ ਅਤੇ ਠੇਕੇਦਾਰੀ ਪ੍ਰਥਾ ਖਤਮ ਕਰਨ ਤੇ ਕੰਮ ਕਰ ਰਹੇ ਕੰਟਰੈਕਟ ਆਊਟ ਸੋਰਸ ਕਰਮੀਆਂ ਜਿਸ ਵਿੱਚ ਸਫਾਈ ਕਾਮੇ ਵੀ ਸ਼ਾਮਿਲ ਹਨ, ਨੂੰ ਸਿਹਤ ਵਿਭਾਗ ਵਿੱਚ ਕਰਨ ਦੀ ਮੰਗ ਕੀਤੀ ਜਾਵੇਗੀ ਅਤੇ ਵਿਭਾਗ ਵਿਚਲੀ ਲੁੱਟ-ਖਸੁੱਟ ਖਤਮ ਕਰਨ ਦੀ ਮੰਗ ਸਿਹਤ ਮੰਤਰੀ ਤੋਂ ਕੀਤੀ ਜਾਵੇਗੀ। ਇਸ ਮੌਕੇ ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਸ਼ਾਮ ਸਿੰਘ, ਰਾਮ ਕਿਸ਼ਨ, ਵੇਦ ਪ੍ਰਕਾਸ਼ ਕਾਲੀ, ਅਸ਼ੋਕ ਕੁਮਾਰ ਬਿੱਟੂ, ਰਾਮ ਪ੍ਰਸਾਦ ਸਹੋਤਾ, ਓਂਕਾਰ ਸਿੰਘ ਦਮਨ, ਜਗਤਾਰ ਸਿੰਘ, ਅਮਰਨਾਥ ਨਰੜੂ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।