ਪੰਚਾਇਤੀ ਜ਼ਮੀਨ ਨੂੰ ਲੈ ਕੇ ਜਲੂਰ ‘ਚ ਟਕਰਾਅ

ਬੋਲੀ ਦੌਰਾਨ ਹੋਇਆ ਝਗੜਾ, ਦੋ ਜ਼ਖਮੀ

(ਭੀਮ ਸੈਨ ਇੰਸਾਂ) ਲਹਿਰਾਗਾਗਾ। ਨਜ਼ਦੀਕੀ ਪਿੰਡ ਜਲੂਰ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਇੱਕ ਵਾਰ ਫਿਰ ਦੋ ਧਿਰਾਂ ਦਰਮਿਆਨ ਤਕਰਾਰ ਹੋ ਗਿਆ। ਝਗੜੇ ‘ਚ ਦੋ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਫੋਰਸ ਵੱਡੀ ਗਿਣਤੀ ‘ਚ ਪਹੁੰਚ ਗਈ। ਪੂਰਾ ਪਿੰਡ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਇਸੇ ਪਿੰਡ ‘ਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਦਲਿਤਾਂ ਤੇ ਜਮੀਂਦਾਰਾਂ ਦਰਮਿਆਨ ਖੂਨੀ ਝੜਪਾਂ ਹੋਈਆਂ ਸਨ, ਜਿਸ ‘ਚ ਦਲਿਤ ਪਰਿਵਾਰ ਦੀ ਮਾਤਾ ਗੁਰਦੇਵ ਕੌਰ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੰਚਾਇਤੀ ਜ਼ਮੀਨ ਨੂੰ ਲੈ ਕੇ ਦੋਵੇਂ ਧਿਰਾਂ ਕਈ ਵਾਰ ਆਹਮੋ-ਸਾਹਮਣੇ ਹੁੰਦੀਆਂ ਰਹੀਆਂ ਤੇ ਇਹ ਵਿਵਾਦ ਜਾਰੀ ਰਿਹਾ। ਅੱਜ ਫਿਰ ਪਿੰਡ ਜਲੂਰ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਰੱਖੀ ਗਈ ਸੀ। ਹਾਲਾਂਕਿ ਕਿਸੇ ਮੰਦਭਾਗੀ ਘਟਨਾ ਦੇ ਮੱਦੇਨਜ਼ਰ ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ ਸੀ।

ਬੋਲੀ ਮੌਕੇ ਦੋਵਾਂ (ਐੱਸਸੀ) ਧਿਰਾਂ ਦਰਮਿਆਨ ਤਕਰਾਰ ਹੋ ਗਿਆ, ਜਿਸ ‘ਚ ਇੱਕ ਧਿਰ ਦੇ ਦੋ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਸਿਵਲ ਹਸਪਤਾਲ ‘ਚ ਮੌਜੂਦ ਪਿੰਡ ਜਲੂਰ ਦੀ ਸਰਪੰਚ ਜਸਵਿੰਦਰ ਕੌਰ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਪਿੰਡ ਦੀ ਐੱਸਸੀ ਧਰਮਸ਼ਾਲਾ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਰੱਖੀ ਸੀ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਡਾਂਗਾਂ ਸੋਟੀਆਂ ਨਾਲ ਗੁਰਨਾਮ ਸਿੰਘ ਜਲੂਰ ਤੇ ਪਾਲ ਸਿੰਘ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵੇਂ ਜ਼ਖਮੀ ਹੋ ਗਏ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਬੋਲੀ ਮੁਲਤਵੀ ਕਰ ਦਿੱਤੀ। ਬੋਲੀ ਮੌਕੇ ਐਸਡੀਐਮ ਬਿਕਰਮਜੀਤ ਸਿੰਘ ਸ਼ੇਰਗਿੱਲ, ਡੀਐਸਪੀ ਅਜੈਪਾਲ ਸਿੰਘ ਮੂਨਕ, ਡਾ. ਜਗਵੀਰ ਸਿੰਘ ਐਸਐਚਓ ਸਦਰ ਲਹਿਰਾਗਾਗਾ ਪੁਲਿਸ ਪਾਰਟੀ ਨਾਲ ਮੌਜੂਦ ਸਨ।

ਡੀਐੱਸਪੀ ਨੇ ਕੀਤੀ ਝਗੜੇ ਦੀ ਪੁਸ਼ਟੀ

ਡੀਐੱਸਪੀ ਅਜੈਪਾਲ ਸਿੰਘ ਨੇ ਕਿਹਾ ਕਿ ਦੋ ਧਿਰਾਂ ਦਰਮਿਆਨ ਹੋਏ ਟਕਰਾਅ ਦੌਰਾਨ ਦੋ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਝਗੜੇ ਕਾਰਨ ਬੋਲੀ ਕੀਤੀ ਰੱਦ: ਐੱਸਡੀਐੱਮ

ਐੱਸਡੀਐੱਮ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਬੋਲੀ ਦੌਰਾਨ ਅਜੇ ਉਹ ਬੋਲੀ ਦੇ ਨਿਯਮਾਂ ਦੀ ਜਾਣਕਾਰੀ ਦੇ ਰਹੇ ਸਨ ਕਿ ਅਚਾਨਕ ਝਗੜਾ ਹੋ ਗਿਆ, ਜਿਸ ਕਾਰਨ ਫਿਲਹਾਲ ਅਜੇ ਜ਼ਮੀਨ ਦੀ ਬੋਲੀ ਰੱਦ ਕਰ ਦਿੱਤੀ ਗਈ ਹੈ ਤੇ ਅਗਲੀ ਬੋਲੀ ਦੀ ਤਾਰੀਕ ਸੀਨੀਅਰ ਅਫਸਰ ਨਾਲ ਗੱਲ ਕਰਕੇ ਦੁਬਾਰਾ ਰੱਖੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ