ਇੱਕੋ ਸੀਟ ‘ਤੇ ਚੋਣ ਲੜਨ ਲਈ ਦੋ ਕਾਂਗਰਸੀ ਆਗੂਆਂ ‘ਚ ਝੜਪ

ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। 19 ਸਤੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਜਿੱਥੇ ਕਾਂਗਰਸੀਆਂ ‘ਤੇ ਅਕਾਲੀਆਂ ਨੂੰ ਇਨ੍ਹਾਂ ਚੋਣਾਂ ਦੇ ਪੱਤਰ ਦਾਖਲ ਨਾ ਕਰਨ ਦੇ ਦੋਸ਼ ਲੱਗੇ ਹਨ, ਉੱਥੇ ਹੀ ਜ਼ਿਲ੍ਹਾ ਫਿਰੋਜ਼ਪੁਰ ‘ਚ ਇੱਕ ਸੀਟ ‘ਤੇ ਚੋਣ ਲੜਨ ਲਈ ਤਿਆਰ ਦੋ ਕਾਂਗਰਸ ਦੇ ਆਗੂਆਂ ਵਿਚਕਾਰ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਜ਼ੋਨ ਜੋਧਪੁਰ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਆਲ ਇੰਡਿਆ ਕਾਂਗਰਸ ਯੂਥ ਦੇ ਸਕੈਟਰੀ ਗੁਰਭੇਜ ਸਿੰਘ ਟਿੱਬੀ ਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਰਾਣਾ ਸੋਢੀ ਦੇ ਪੀਏ ਨਸੀਬ ਸੰਧੂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ ਪਰ 10 ਸਤੰਬਰ ਨੂੰ ਹੋਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਗੁਰਭੇਜ ਸਿੰਘ ਟਿੱਬੀ ਦੇ ਕਾਗਜ਼ ਕੈਂਸਲ ਕੀਤੇ ਗਏ, ਜਿਸ ਤੋਂ ਬਾਅਦ ਦੋਵਾਂ ਧਿਰਾਂ ‘ਚ ਝੜਪ ਹੋਈ। ਇਸ ਝੜਪ ਦੌਰਾਨ ਪੁਲਿਸ ਵੱਲੋਂ ਗੁਰਭੇਜ ਟਿੱਬੀ ਦੇ ਭਰਾ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਸਬੰਧੀ ਜਦ ਗੁਰਭੇਜ ਸਿੰਘ ਟਿੱਬੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਿਆਸੀ ਦਬਾਅ ਕਾਰਨ ਉਨ੍ਹਾਂ ਝੂਠਾ ਦੋਸ਼ ਲਾ ਕੇ ਉਸ ਦੇ ਕਾਗਜ਼ ਰੱਦ ਕਰਵਾਏ ਗਏ ਤੇ ਇਸ ਸਬੰਧੀ ਉਹ ਦੁਬਾਰਾ ਅਪੀਲ ਕਰਨਗੇ।

ਦੂਜੇ ਪਾਸੇ ਨਸੀਬ ਸੰਧੂ ਨਾਲ ਗੱਲ ਕਰਨ ‘ਤੇ ਉਹਨਾਂ ਦੱਸਿਆ ਕਿ ਗੁਰਭੇਜ ‘ਤੇ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਕਰਨ ਦੇ ਐਲੀਗੇਸ਼ਨ ਹਨ, ਜਿਸ ਕਾਰਨ ਕਾਗਜ਼ ਕੈਂਸਲ ਹੋਏ, ਜਿਸ ਕਾਰਨ ਇਹਨਾਂ ਨੇ ਉਸਨੂੰ ਰਿਵਾਲਵਰ ਕੱਢ ਕੇ ਕਥਿਤ ਤੌਰ ‘ਤੇ ਗੋਲੀ ਮਾਰਨ ਲੱਗੇ ਸਨ ਤਾਂ ਮੌਕੇ ‘ਤੇ ਉਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਜਦ ਇਸ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।