ਬਾਲ ਕਹਾਣੀ : ਘੁਮੰਡੀ ਕਾਂ (Arrogant Crow)
ਸਮੁੰਦਰ ਕਿਨਾਰੇ ਲੱਗੇ ਪਿੱਪਲ ਦੇ ਰੁੱਖ ’ਤੇ ਇੱਕ ਕਾਂ ਰਹਿੰਦਾ ਸੀ। ਉਹ ਕਾਂ (Arrogant Crow) ਬਹੁਤ ਘੁਮੰਡੀ ਸੀ। ਉਹ ਦੂਜੇ ਪੰਛੀਆਂ ਨੂੰ ਸਦਾ ਆਪਣੇ ਤੋਂ ਨੀਵਾਂ ਸਮਝਦਾ ਅਤੇ ਉਨ੍ਹਾਂ ਦਾ ਹਰ ਵੇਲੇ ਅਪਮਾਨ ਕਰਨ ਬਾਰੇ ਹੀ ਸੋਚਦਾ ਰਹਿੰਦਾ। ਇੱਕ ਦਿਨ ਸਮੁੰਦਰ ਕਿਨਾਰੇ ਕੁਝ ਹੰਸ ਆ ਬੈਠੇ। ਸਾਰੇ ਪੰਛੀਆਂ ਨੇ ਹੰਸਾਂ ਦੀ ਸੁੰਦਰਤਾ ਦੀ ਬਹੁਤ ਪ੍ਰਸੰਸਾ ਕੀਤੀ ਪਰ ਕਾਂ ਹੰਸਾਂ ਨੂੰ ਵੇਖ ਕੇ ਈਰਖਾ ਮਹਿਸੂਸ ਕਰਨ ਲੱਗਾ।
ਉਹ ਹੰਸਾਂ ਦਾ ਅਪਮਾਨ ਕਰਨ ਦੇ ਉਦੇਸ਼ ਨਾਲ ਹੰਸਾਂ ਕੋਲ ਗਿਆ ਅਤੇ ਬੋਲਿਆ, ‘‘ਮੈਂ ਤੁਹਾਡੇ ਨਾਲ ਉੱਡਣ ਦਾ ਮੁਕਾਬਲਾ ਕਰਨਾ ਚਾਹੁੰਦਾ ਹਾਂ, ਤੁਸੀਂ ਮੇਰੇ ਜਿੰਨੀ ਲੰਮੀ ਉਡਾਰੀ ਨਹੀਂ ਮਾਰ ਸਕਦੇ।’’ ਇੱਕ ਹੰਸ ਨੇ ਉਸਨੂੰ ਸਮਝਾਉਂਦਿਆਂ ਆਖਿਆ, ‘‘ਭਾਈ ਅਸੀਂ ਤਾਂ ਬਹੁਤ ਦੂਰ-ਦੁਰਾਡੇ ਤੱਕ ਉੱਡਣ ਵਾਲੇ ਪੰਛੀ ਹਾਂ, ਤੂੰ ਸਾਡੇ ਜਿੰਨੀ ਲੰਮੀ ਉਡਾਨ ਨਹੀਂ ਭਰ ਸਕੇਂਗਾ।’’ ਘੁਮੰਡੀ ਕਾਂ ਨੇ ਹੰਸ ਨੂੰ ਲਲਕਾਰਦੇ ਹੋਏ ਆਖਿਆ, ‘‘ਮੈਂ ਉੱਡਣ ਦੀਆਂ ਸੌ ਗਤੀਆਂ ਜਾਣਦਾ ਹਾਂ, ਤੁਸੀਂ ਬੋਲੋ ਕਿਸ ਗਤੀ ਨਾਲ ਉੱਡਣਾ ਚਾਹੁੰਦੇ ਹੋ?’’
ਘੁਮੰਡੀ ਕਾਂ
ਹੰਸ ਕਾਂ ਦੀਆਂ ਗੱਲਾਂ ਸੁਣ ਕੇ ਹੱਸਦਾ ਹੋਇਆ ਬੋਲਿਆ, ‘‘ਫਿਰ ਤਾਂ ਤੁਸੀਂ ਉੱਡਣ ਵਿੱਚ ਬੜੇ ਮਾਹਿਰ ਹੋ, ਅਸੀਂ ਤਾਂ ਸਿਰਫ਼ ਇੱਕੋ ਗਤੀ ਹੀ ਜਾਣਦੇ ਹਾਂ, ਉਹ ਗਤੀ ਜਿਸ ਨਾਲ ਸਾਰੇ ਪੰਛੀ ਉੱਡਦੇ ਹਨ।’’ ਕਾਂ ਅਤੇ ਹੰਸ ਦੀਆਂ ਗੱਲਾਂ ਸੁਣ ਕੇ ਆਸ-ਪਾਸ ਦੇ ਬਹੁਤ ਸਾਰੇ ਪੰਛੀ ਉੱਥੇ ਇਕੱਠੇ ਹੋ ਗਏ। ਸਾਰੇ ਪੰਛੀਆਂ ਦੇ ਸਾਹਮਣੇ ਹੰਸ ਅਤੇ ਕਾਂ ਦੇ ਉੱਡਣ ਦਾ ਮੁਕਾਬਲਾ ਤੈਅ ਹੋ ਗਿਆ।
ਮੁਕਾਬਲਾ ਸ਼ੁਰੂ ਹੋਇਆ ਤਾਂ ਹੰਸ ਅਤੇ ਕਾਂ ਸਮੁੰਦਰ ’ਤੇ ਉੱਡਣ ਲੱਗੇ। ਹੰਸ ਆਪਣੀ ਇੱਕੋ ਗਤੀ ਨਾਲ ਉੱਡ ਰਿਹਾ ਸੀ ਪਰ ਕਾਂ ਕਈ ਤਰ੍ਹਾਂ ਦੀਆਂ ਕਲਾਬਾਜ਼ੀਆਂ ਕਰਦਾ ਹੋਇਆ ਹੰਸ ਤੋਂ ਅੱਗੇ ਨਿੱਕਲ ਗਿਆ। ਦੋਵੇਂ ਕਾਫੀ ਦੇਰ ਤੱਕ ਸਮੁੰਦਰ ਉੱਪਰ ਉੱਡਦੇ ਰਹੇ। ਅੰਤ ਕਾਂ ਉੱਡਦਾ-ਉੱਡਦਾ ਥੱਕਣ ਲੱਗ ਪਿਆ। ਹੁਣ ਉਹ ਕੁਝ ਅਰਾਮ ਕਰਨਾ ਚਾਹੁੰਦਾ ਸੀ ਪਰ ਸਮੁੰਦਰ ’ਤੇ ਉੱਡਣ ਕਾਰਨ ਅਰਾਮ ਕਰਨ ਲਈ ਕਿਧਰੇ ਵੀ ਥਾਂ ਨਹੀਂ ਸੀ।
ਹੰਸ ਆਪਣੀ ਚਾਲ ਵਿੱਚ ਮਸਤ ਹੋਇਆ ਉੱਡ ਰਿਹਾ ਸੀ। ਆਖਿਰ ਕਾਂ ਥੱਕ ਕੇ ਸਮੁੰਦਰ ਵਿੱਚ ਡਿੱਗਣ ਲੱਗਿਆ। ਉਸਦੀ ਅਜਿਹੀ ਸਥਿਤੀ ਵੇਖ ਕੇ ਹੰਸ ਨੇ ਕਾਂ ਨੂੰ ਪੁੱਛਿਆ, ‘‘ਭਾਈ ਜਰਾਂ ਮੈਨੂੰ ਦੱਸਣਾ ਇਹ ਉੱਡਣ ਦੀ ਕਿਹੜੀ ਗਤੀ ਐ?’’ ਕਾਂ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਕੁਝ ਹੀ ਦੇਰ ਬਾਅਦ ਉਹ ਪੂਰੀ ਤਰ੍ਹਾਂ ਥੱਕ ਕੇ ਸਮੁੰਦਰ ਵਿੱਚ ਡਿੱਗ ਕੇ ਆਪਣੀ ਜਾਨ ਤੋਂ ਹੱਥ ਧੋ ਬੈਠੇਗਾ।
ਬਾਲ ਕਹਾਣੀ :
ਕਾਂ ਬੋਲਿਆ, ‘‘ਹੰਸ ਭਰਾ ਮੈਨੂੰ ਆਪਣੇ ਘੁਮੰਡ ਦਾ ਫ਼ਲ ਮਿਲ ਗਿਆ ਹੈ, ਹੁਣ ਤੂੰ ਮਿਹਰਬਾਨੀ ਕਰਕੇ ਮੇਰੀ ਜਾਨ ਬਚਾ।’’ ਤਰਸ ਕਰਕੇ ਅੱਧਮਰੇ ਕਾਂ ਨੂੰ ਹੰਸ ਨੇ ਆਪਣੀ ਪਿੱਠ ’ਤੇ ਬਿਠਾ ਲਿਆ। ਉਹ ਕਾਂ ਨੂੰ ਵਾਪਸ ਉਸੇ ਥਾਂ ’ਤੇ ਲੈ ਆਇਆ ਜਿੱਥੋਂ ਦੋਵਾਂ ਨੇ ਉੱਡਣਾ ਸ਼ੁਰੂ ਕੀਤਾ ਸੀ। ਸਾਰੇ ਪੰਛੀ ਇਸੇ ਸਥਾਨ ’ਤੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਹੰਸ ਨੇ ਕਾਂ ਨੂੰ ਲਿਆ ਕੇ ਪੰਛੀਆਂ ਕੋਲ ਛੱਡ ਦਿੱਤਾ। ਹੁਣ ਕਾਂ ਦਾ ਘੁਮੰਡ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ। ਉਸਨੇ ਸਾਰੇ ਪੰਛੀਆਂ ਸਾਹਮਣੇ ਮੁਆਫ਼ੀ ਮੰਗੀ ਤੇ ਅੱਗੇ ਤੋਂ ਸਾਰੇ ਪੰਛੀਆਂ ਨਾਲ ਰਲ-ਮਿਲ ਕੇ ਰਹਿਣ ਦੀ ਸਹੁੰ ਖਾਧੀ।
ਜਗਤਾਰ ਸਮਾਲਸਰ,
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ