ਕੋਰੋਨਾ ਵਾਇਰਸ ‘ਤੇ ਸਰਕਾਰੀ ਸਿਆਸਤ, ਰਾਹਤ ਸਮੱਗਰੀ ‘ਤੇ ਛਾਪੀ ਮੁੱਖ ਮੰਤਰੀ ਦੀ ਫੋਟੋ

ਮੁੱਖ ਮੰਤਰੀ ਦੀ ਫੋਟੋ ਵਾਲੀ ਥੈਲੀ ‘ਚ ਭਰ ਕੇ ਆਏਗਾ ਰਾਸ਼ਨ, 450 ਰੁਪਏ ਦੇ ਲਗਭਗ ਪਏਗੀ ਲਾਗਤ

ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਵਾਇਰਸ ਦੇ ਕਹਿਰ ਹੇਠ ਦੋ ਸਮੇਂ ਦੀ ਰੋਟੀ ਨੂੰ ਤੜਫ਼ ਰਹੇ ਪਰਵਾਸੀ ਮਜ਼ਦੂਰਾਂ ਸਣੇ ਪੰਜਾਬੀਆਂ ਨੂੰ ਰਾਸ਼ਨ ਦੇਣ ਮੌਕੇ ਵੀ ਸਰਕਾਰ ਨੇ ਖ਼ੁਦ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਵੱਲੋਂ ਵੰਡੀ ਜਾਣ ਵਾਲੀ ਰਾਸ਼ਨ ਦੀ ਥੈਲੀ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਫੋਟੋ ਲਗਾਉਣ ਦੇ ਨਾਲ ਹੀ ਸਰਕਾਰ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਇਹ ਨਿਮਾਣਾ ਯਤਨ ਕੀਤਾ ਜਾ ਰਿਹਾ ਹੈ।

ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਰਾਸ਼ਨ ਦੀ ਥੈਲੀ ਵਿੱਚ ਵੀ ਕੋਈ ਜਿਆਦਾ ਰਾਸ਼ਨ ਨਹੀਂ ਭਰਿਆ ਗਿਆ ਹੈ, ਸਗੋਂ ਸਿਰਫ਼ ਆਟਾ ਦਾਲ ਦੇ ਨਾਲ ਹੀ ਚੀਨੀ ਦਿੱਤੀ ਜਾ ਰਹੀ ਹੈ, ਜਿਹੜੀ ਕਿ ਸਿਰਫ਼ 450 ਰੁਪਏ ਦੇ ਲਗਭਗ ਦੀ ਲਾਗਤ ਨਾਲ ਹੀ ਤਿਆਰ ਹੋ ਰਹੀ ਹੈ। ਇਸ ਵਿੱਚ ਸਬਜ਼ੀ ਜਾਂ ਫਿਰ ਦਾਲ ਬਣਾਉਣ ਲਈ ਨਾ ਹੀ ਘਿਓ ਦਿੱਤਾ ਗਿਆ ਹੈ ਅਤੇ ਨਾ ਹੀ ਮਿਰਚ ਮਸਾਲੇ ਪਾਏ ਗਏ ਹਨ।

ਜਦੋਂ ਕਿ ਇਸ ਰਾਸ਼ਨ ਦੀ ਥੈਲੀ ਨੂੰ ਵੰਡਣ ਲਈ ਪਹਿਲਾਂ ਤੋਂ ਹੀ ਸਰਕਾਰੀ ਅਧਿਕਾਰੀਆਂ ਵੱਲੋਂ ਪ੍ਰਚਾਰ ਵੱਡੇ ਪੱਧਰ ‘ਤੇ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਵੱਲੋਂ ਕਰਫਿਊ ਲਗਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸਾਰਿਆਂ ਤੋਂ ਜਿਆਦਾ ਪਰੇਸ਼ਾਨੀ ਰੋਜ਼ਾਨਾ ਕਮਾਈ ਕਰਦੇ ਹੋਏ ਰੋਜ਼ਾਨਾ ਰਾਸ਼ਨ ਖਰੀਦ ਕੇ ਰੋਟੀ ਖਾਣ ਵਾਲੇ ਪਰਿਵਾਰਾਂ ਨੂੰ ਹੋਈ ਸੀ ਜਿਸ ਵਿੱਚ ਪਰਵਾਸੀ ਮਜ਼ਦੂਰ ਵੱਡੀ ਗਿਣਤੀ ਵਿੱਚ ਸ਼ਾਮਲ ਹਨ। ਸਰਕਾਰ ਦੇ ਕਰਫਿਊ ਦੇ ਚਲਦੇ ਜਿੱਥੇ ਇਨ੍ਹਾਂ ਪਰਵਾਸੀ ਮਜ਼ਦੂਰਾਂ ਸਣੇ ਗਰੀਬਾਂ ਦੀ ਕਮਾਈ ਦਾ ਸਾਧਨ ਬੰਦ ਹੋ ਗਿਆ ਤਾਂ ਉਥੇ ਹੀ ਦੁਕਾਨਾਂ ਬੰਦ ਹੋਣ ਕਾਰਨ ਰਾਸ਼ਨ ਵੀ ਮਿਲਣਾ ਬੰਦ ਹੋ ਗਿਆ।

ਇਸ ਦੌਰਾਨ ਦੁਕਾਨਦਾਰਾਂ ਨੇ ਇਨ੍ਹਾਂ ਗਰੀਬਾਂ ਨੂੰ ਉਧਾਰ ਰਾਸ਼ਨ ਦੇਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ। ਜਿਸ ਦੇ ਚਲਦੇ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰਾਂ ਨੇ ਪੰਜਾਬ ਨੂੰ ਛੱਡ ਕੇ ਜਾਣ ਦੀ ਤਿਆਰੀ ਕਰ ਲਈ ਤਾਂ ਗਰੀਬ ਪੰਜਾਬੀਆਂ ਲਈ ਭੁੱਖਮਰੀ ਦੀ ਸਥਿਤੀ ਪੈਦਾ ਹੋ ਗਈ।

ਇਸ ਸਥਿਤੀ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਸੰਸਥਾਵਾਂ ਨੇ ਅੱਗੇ ਆਉਂਦੇ ਹੋਏ ਰਾਸ਼ਨ ਦੀ ਵੰਡ ਕਰਨੀ ਸ਼ੁਰੂ ਕਰ ਦਿੱਤੀ ਤਾਂ ਪੰਜਾਬ ਸਰਕਾਰ ਨੇ ਵੀ ਇਨ੍ਹਾਂ ਪਰਿਵਾਰਾਂ ਨੂੰ ਮਦਦ ਕਰਨ ਲਈ 15 ਲੱਖ ਤੋਂ ਜਿਆਦਾ ਰਾਸ਼ਨ ਦੇ ਪੈਕੇਟ ਤਿਆਰ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ।

ਰਾਸ਼ਨ ਦੇ ਪੈਕੇਟ ਤਿਆਰ ਕਰਨ ਦਾ ਜਿੰਮਾ ਫੂਡ ਅਤੇ ਸਿਵਲ ਸਪਲਾਈ ਵਿਭਾਗ ਨੂੰ ਦਿੱਤਾ ਗਿਆ। ਫੂਡ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਤਿਆਰ ਕਰਵਾਏ ਜਾ ਰਹੇ 15 ਲੱਖ ਤੋਂ ਜਿਆਦਾ ਰਾਸ਼ਨ ਦੇ ਪੈਕਟ ਵਿੱਚ 10 ਕਿਲੋ ਆਟਾ ਅਤੇ 2 ਕਿਲੋ ਦਾਲ ਦੇ ਨਾਲ ਹੀ 2 ਕਿਲੋ ਚੀਨੀ ਵੀ ਪਾਈ ਗਈ ਹੈ। ਇਸ ਰਾਸ਼ਨ ਨੂੰ ਇੱਕ ਛੋਟੇ ਥੈਲੇ ਵਿੱਚ ਪਾਇਆ ਗਿਆ ਹੈ। ਇਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਰਾਸ਼ਨ ਦੀ ਥੈਲੀ ‘ਤੇ ਹੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਇਸ ਰਾਸ਼ਨ ਦੀ ਥੈਲੀ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਵੱਡੀ ਫੋਟੋ ਲਗਾਉਂਦੇ ਹੋਏ ਲਿਖਿਆ ਗਿਆ ਹੈ ਕਿ ਕੋਵਿਡ – 19 ਦੇ ਮੱਦੇ-ਨਜ਼ਰ ਪੰਜਾਬ ਸਰਕਾਰ ਦਾ ਨਿਮਾਣਾ ਯਤਨ। ਇਸ ਫੋਟੋ ਨੂੰ ਲਗਾਉਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਵੀ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਸਲਾਹਕਾਰ ਨੂੰ ਜਾਣਕਾਰੀ ਨਹੀਂ ਤਾਂ ਅਧਿਕਾਰੀ ਨਹੀਂ ਦੇਣਾ ਚਾਹੁੰਦੇ ਬਿਆਨ

ਰਾਹਤ ਸਮੱਗਰੀ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਫੋਟੋ ਲਗਾਉਣ ਦੇ ਨਾਲ ਹੀ ਸਰਕਾਰ ਦੇ ਪ੍ਰਚਾਰ ਸਬੰਧੀ ਮੁੱਖ ਮੰਤਰੀ ਦੇ ਸਲਾਹਕਾਰ ਨਵੀਨ ਠੁਕਰਾਲ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਸਿਰਫ਼ ਇੰਨਾਂ ਹੀ ਕਿਹਾ ਕਿ ਉਹ ਇਸ ਸਬੰਧੀ ਜਲਦ ਹੀ ਜਾਣਕਾਰੀ ਲੈਣਗੇ। ਇੱਥੇ ਹੀ ਫੋਟੋ ਨੂੰ ਲਗਾਉਣ ਸਬੰਧੀ ਇੱਕ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਸ ਸਬੰਧੀ ਬਿਆਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।