ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਮੁੱਖ ਮੰਤਰੀ ਅਮਰਿੰਦਰ ਵੱਲੋਂ ਸ਼ਰਧਾਂਜਲੀਆਂ ਭੇਂਟ

ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਸਾਰਾਗੜ੍ਹੀ ਜੰਗ ਦੀ 121ਵੀਂ ਵਰ੍ਹੇਗੰਢ ਮੌਕੇ ਇਸ ਜੰਗ ਵਿੱਚ ਹਿੱਸਾ ਲੈਣ ਵਾਲੇ ਫੌਜੀਆਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਇਸ ਮੌਕੇ ਅਗਲੀ ਵਰ੍ਹੇਗੰਢ ਤੋਂ ਪਹਿਲਾਂ ਅਤਿ ਆਧੁਨਿਕ ਸਾਰਾਗੜ੍ਹੀ ਯਾਦਗਾਰ ਬਣਾਉਣ ਦਾ ਭਰੋਸਾ ਦਿਵਾਇਆ ਹੈ। ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਮੁੱਖ ਮੰਤਰੀ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਬਰਕੀ ਸੁਕਏਅਰ ਵਿਖੇ ਗਏ, ਜਿਨ੍ਹਾਂ ਭਾਰਤ-ਪਾਕਿ ਜੰਗ ਦੌਰਾਨ ਆਪਣੀਆਂ ਜਾਨਾਂ  ਵਾਰੀਆਂ ਸਨ।

ਇਸ ਤੋਂ ਬਾਅਦ ਰਾਜ ਪੱਧਰੀ ਸ਼ਹੀਦੀ ਸਮਾਗਮ ‘ਚ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਸਮਾਣਾ ਰਿੱਜ (ਹੁਣ ਪਾਕਿਸਤਾਨ) ਨੇੜੇ ਬਹਾਦਰੀ ਦੀ ਮਿਸਾਲ ਕਾਇਮ ਕਰਦੇ ਹੋਏ ਆਪਣੀ ਜਾਨਾਂ ਵਾਰਨ ਵਾਲੇ 36 ਸਿੱਖ ਬਟਾਲੀਅਨ ਦੇ 22 ਫੌਜੀਆਂ ਨੂੰ ਯਾਦ ਕੀਤਾ, ਜਿਨ੍ਹਾਂ ਫੌਜੀਆਂ ਨੇ 12 ਸਤੰਬਰ, 1897 ਵਿੱਚ ਤਕਰੀਬਨ 10 ਹਜ਼ਾਰ ਅਫਗਾਨਾਂ ਨਾਲ ਲੜਦੇ ਹੋਏ ਸ਼ਹੀਦੀ ਪਾਈ ਸੀ। ਮੁੱਖ ਮੰਤਰੀ ਨੇ ਕਿਹਾ ਕਿ  ਨਾਇਕ ਲਾਲ ਸਿੰਘ, ਲਾਂਸ ਨਾਇਕ ਚੰਦਾ ਸਿੰਘ ਦੇ ਨਾਲ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਸਿੱਖ ਰੈਜੀਮੈਂਟ ਦੇ ਫੌਜੀਆਂ ਨੇ ਮਿਸਾਲੀ ਬਹਾਦਰੀ ਅਤੇ ਨਾਇਕਾਂ ਵਾਲੀ ਭੂਮਿਕਾ ਨਿਭਾਉਂਦੇ ਹੋਏ 10 ਹਜ਼ਾਰ ਅਫਗਾਨਾਂ ਨਾਲ ਆਪਣੇ ਅੰਤਿਮ ਸਾਹਾਂ ਤੱਕ ਲੜਾਈ ਕੀਤੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਅਤਿ ਆਧੁਨਿਕ ਯਾਦਗਾਰ ਦੇ ਮਾਡਲ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ 7ਵੀ ਇਨਫੈਂਟਰੀ ਡਿਵੀਜ਼ਨ ਦੇ ਮੇਜਰ ਜਨਰਲ ਜੇ ਐਸ ਸੰਧੂ ਦੀ ਅਗਵਾਈ ਵਿੱਚ ਸਾਰਾਗੜੀ ਯਾਦਗਾਰ ਪ੍ਰਬੰਧਕ ਕਮੇਟੀ ਇਸ ਯਾਦਗਾਰ ਦੇ ਸਮੁੱਚੇ ਨਿਰਮਾਣ ਕਾਰਜਾਂ ਨੂੰ ਦੇਖੇਗੀ। ਉਨ੍ਹਾਂ ਪ੍ਰਬੰਧਕੀ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਸਾਰਾਗੜੀ ਸ਼ਹੀਦਾਂ ਨੂੰ ਵਧੀਆ ਤਰੀਕੇ ਨਾਲ ਸ਼ਰਧਾਂਜਲੀ ਭੇਂਟ ਕਰਨ ਵਾਸਤੇ ਤਿਆਰ ਕੀਤੇ ਜਾ ਰਹੇ ਇਸ ਸ਼ਾਨਾਮੱਤੇ ਪ੍ਰਾਜੈਕਟ ਦੇ ਵਾਸਤੇ ਪੂਰਾ ਸਹਿਯੋਗ ਅਤੇ ਸਮਰਥਨ ਦੇਵੇਗੀ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿਖੇ ਮੁਕਾਬਲੇਬਾਜ਼ੀ ਦੇ ਇਮਤਿਹਾਨਾਂ ਵਾਸਤੇ ਸਾਰਾਗੜੀ ਮੈਮੋਰੀਅਲ ਇੰਸਟੀਚਿਊਟ ਸਥਾਪਤ ਕਰਨ ਬਾਰੇ ਸਥਾਨਕ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਉਠਾਈ ਗਈ ਮੰਗ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਦਾ ਪੂਰੀ ਤਰ੍ਹਾਂ ਜਾਇਜ਼ਾ ਲੈਣ ਤੋਂ ਬਾਅਦ ਇਸ ਸਬੰਧੀ ਜ਼ਰੂਰੀ ਕਦਮ ਚੁੱਕੇਗੀ।

ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਸਾਰਾਗੜੀ ਸ਼ਹੀਦਾਂ ਦੇ 11 ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਤੇ ਲੋਈ ਨਾਲ ਸਨਮਾਨਿਤ ਕੀਤਾ, ਜਿਨ੍ਹਾਂ ਵਿੱਚ ਹਵਾਲਦਾਰ ਈਸ਼ਰ ਸਿੰਘ ਦੇ ਵਾਰਸ ਸੰਤੋਖ ਸਿੰਘ, ਨਾਇਕ ਲਾਲ ਸਿੰਘ ਦੇ ਵਾਰਸ ਬਲਰਾਜ ਸਿੰਘ, ਕਾਬਲ ਸਿੰਘ ਤੇ ਸਰਬਜੀਤ ਸਿੰਘ, ਲਾਂਸ ਨਾਇਕ ਚੰਦਾ ਸਿੰਘ ਦੇ ਵਾਰਸ ਹਰਬੰਸ ਸਿੰਘ, ਸਿਪਾਹੀ ਉੱਤਮ ਸਿੰਘ ਦੇ ਵਾਰਸ ਗੁਰਨੇਕ ਸਿੰਘ, ਸਿਪਾਹੀ ਨਰੈਣ ਸਿੰਘ ਦੇ ਵਾਰਸ ਮਹਿੰਦਰ ਸਿੰਘ, ਭਗਵਾਨ ਸਿੰਘ ਦੇ ਵਾਰਸ ਜੋਗਿੰਦਰ ਸਿੰਘ, ਸਿਪਾਹੀ ਸਾਹਿਬ ਸਿੰਘ ਦੇ ਵਾਰਸ ਬਲਵਿੰਦਰ ਸਿੰਘ, ਰਘੁਬੀਰ ਸਿੰਘ ਤੇ ਜਸਪਾਲ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ ਵੱਖ ਰੈਜੀਮੈਂਟਾਂ ਦੇ ਜਵਾਨਾਂ ਵੱਲੋਂ ਬਹਾਦਰੀ ਦੀ ਮਿਸਾਲ ਪੇਸ਼ ਕਰਦਿਆਂ ਸ਼ਹੀਦ ਹੋਣ ਵਾਲੇ 28 ਸੈਨਿਕਾਂ ਦੇ ਪਰਿਵਾਰ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਜ਼ੀਰਾ ਕੁਲਬੀਰ ਜ਼ੀਰਾ, ਜੀ.ਓ.ਸੀ ਜੇ.ਐਸ ਸੰਧੂ, ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਸੁਮੇਰ ਸਿੰਘ ਗੁਰਜਰ, ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਅਤੇ ਐਸ.ਐਸ.ਪੀ ਪ੍ਰੀਤਮ ਸਿੰਘ ਆਦਿ ਵੀ ਹਾਜ਼ਰ ਸਨ।