Punjabi Story: ਬਦਲਦੇ ਕਿਰਦਾਰ (ਪੰਜਾਬੀ ਕਹਾਣੀ)

Punjabi Story
Punjabi Story: ਬਦਲਦੇ ਕਿਰਦਾਰ (ਪੰਜਾਬੀ ਕਹਾਣੀ)

Punjabi Story: ਸਰਦੀ ਆਪਣਾ ਕਹਿਰ ਢਾਅ ਰਹੀ ਸੀ। ਹਰ ਕੋਈ ਆਪਣਾ ਅੰਦਰ ਹੀ ਬੈਠਣ ਵਿੱਚ ਭਲਾਈ ਸਮਝਦਾ ਸੀ ਕਿਉਂਕਿ ਇਸ ਤਰ੍ਹਾਂ ਲੱਗਦਾ ਸੀ ਕਿ ਜੇਕਰ ਬਾਹਰ ਚਲੇ ਗਏ ਤਾਂ ਕਿਤੇ ਜੰਮ ਹੀ ਨਾ ਜਾਈਏ। ਇਹ ਵਰਤਾਰਾ ਕਈ ਦਿਨਾਂ ਤੋਂ ਜਾਰੀ ਸੀ। ਠੰਢ ਕਾਰਨ ਰੁੱਖਾਂ ਦੇ ਪੱਤੇ ਵੀ ਪਿਚਕੇ ਪਏ ਸਨ। ਅੱਜ ਜਦੋਂ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ ਤਾਂ ਮਹਿੰਦਰ ਦੀ ਘਰਵਾਲੀ ਪੂਜਾ ਬਰਾਂਡੇ ਵਿੱਚ ਮੰਜੇ ’ਤੇ ਬੈਠੀ ਸੀ ਤੇ ਦਰਸ਼ਨ ਅੰਦਰ ਕਮਰੇ ਵਿੱਚ ਹੀ ਰਜਾਈ ਲਈ ਪਿਆ ਸੀ। ਪੂਜਾ ਅਜੇ ਕਿਸੇ ਕੰਮ ਦੀ ਵਿਉਂਤ ਬਣਾ ਹੀ ਰਹੀ ਸੀ ਕਿ ਉਸ ਦੀ ਗੁਆਂਢਣ ਨਰਿੰਦਰ ਦੀ ਘਰਵਾਲੀ ਵੀਰਪਾਲ ਉਨ੍ਹਾਂ ਦੇ ਘਰ ਆਈ ਸ਼ਾਇਦ ਕੋਈ ਕੰਮ ਸੀ ਪਰ ਗਲਾਕੜ ਹੋਣ ਕਾਰਨ ਉਹ ਉੱਥੇ ਹੀ ਬੈਠ ਗਈ।

ਬੈਠੇ-ਬੈਠੇ ਹੀ, ਗੱਲਾਂ-ਗੱਲਾਂ ਵਿੱਚ ਉਸਨੇ ਆਪਣੀ ਸੱਸ ਸੁਰਜੀਤ ਕੌਰ ਦੀ ਨਿੰਦਿਆ ਕਰਦਿਆਂ ਕਿਹਾ, ‘‘ਕੀ ਦੱਸਾਂ ਭੈਣੇ ਮੇਰੇ ਤਾਂ ਕਰਮ ਹੀ ਫੁੱਟ ਗਏ!’’ Punjabi Story
‘‘ਕਿਉਂ ਕੀ ਗੱਲ?’’ ਪੂਜਾ ਨੇ ਪੁੱਛਿਆ।
‘‘ਬੱਸ ਸਾਰਾ ਦਿਨ ਮਾਂ-ਮਾਂ ਕਰੀ ਜਾਂਦੈ, ਮੇਰੀ ਤਾਂ ਗੱਲ ਹੀ ਨਹੀਂ ਸੁਣਦਾ।’’
‘‘ਨਹੀਂ-ਨਹੀਂ ਭੈਣ ਜੀ, ਪਰ ਨਰਿੰਦਰ ਤਾਂ ਤੁਹਾਡੇ ਸਾਹ ਵਿੱਚ ਸਾਹ ਲੈਂਦੈ ਪਰ….।’’ ਗੱਲ ਭਾਵੇਂ ਪੂਜਾ ਨੇ ਸੱਚੀ ਕਹਿ ਦਿੱਤੀ ਪਰ ਫਿਰ ਵੀ ਉਸ ਨੇ ਆਪਣੀ ਸਹੇਲੀ ਦਾ ਮਾਣ ਰੱਖਣ ਲਈ ‘ਪਰ’ ਸ਼ਬਦ ਵਰਤ ਕੇ ਉਸ ਦੇ ਗੁੱਸੇ ਨੂੰ ਠੰਢਾ ਕਰ ਦਿੱਤਾ।
‘‘ਨਹੀਂ ਪੂਜਾ, ਕੋਈ ਕੰਮ ਕਰੂ, ਮਾਂ ਨੂੰ ਜ਼ਰੂਰ ਪੁੱਛੂ। ਭਲਾ ਮੈਂ ਘਰੇ ਨਹੀਂ ਬੈਠੀ, ਉਹ ਕੋਈ ਜ਼ਿਆਦਾ ਮੱਤ ਦੇਊਗੀ?’’
‘‘ਹਾਂ ਜੀ, ਇਹ ਤਾਂ ਹੈ ਈ, ਪਰ ਗੱਲ ਤਾਂ ਸਾਡੀ ਵੀ ਤੇਰੇ ਵਾਲੀ ਈ ਐ।’’ ਪੂਜਾ ਨੇ ਦੱਬਵੀਂ ਆਵਾਜ਼ ਵਿੱਚ ਕਿਹਾ
ਜਦੋਂ ਵੀਰਪਾਲ ਕੁੱਝ ਕਹਿਣ ਲੱਗੀ ਤਾਂ ਪੂਜਾ ਨੇ ਉਸਨੂੰ ਸਮਝਾਉਂਦੇ ਹੋਏ ਕਿਹਾ, ‘‘ਥੋੜ੍ਹਾ ਜਿਹਾ ਹੌਲੀ ਬੋਲ। ਅੰਦਰ ਬੈਠੇ ਨੇ, ਕੀ ਪਤੈ ਕੀ ਬੋਲਣ?’’

Punjabi Literature

ਇੰਨਾ ਕਹਿ ਕੇ ਪੂਜਾ ਮਹਿੰਦਰ ਨੂੰ ਦੇਖਣ ਚਲੀ ਗਈ ਕਿ ਉਹ ਸੁੱਤਾ ਹੈ ਜਾਂ ਜਾਗਦਾ? ਉੁਧਰ ਮਹਿੰਦਰ ਨੇ ਪੈੜ ਚਾਲ ਸੁਣਦਿਆਂ ਹੀ ਆਪਣਾ ਮੂੰਹ ਢੱਕ ਲਿਆ। ਇਹ ਦੇਖ ਕੇ ਪੂਜਾ ਨੂੰ ਯਕੀਨ ਹੋ ਗਿਆ ਕਿ ਉਹ ਸੱਚਮੁੱਚ ਹੀ ਸੁੱਤਾ ਪਿਆ ਹੈ।
ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ ਉਹ ਫਿਰ ਉਹੀ ਗੱਲਾਂ ਕਰਨ ਲੱਗੀਆ।
‘‘ਭੈਣੇ ਕੋਈ ਘੱਟ ਨਹੀਂ।’’ ਪੂਜਾ ਬੋਲੀ।
‘‘ਕਿਵੇਂ?’’
‘‘ਸਾਡੀ ਬੁੜ੍ਹੀ ਹੁਣ ਕੁੜੀ ਕੋਲ ਗਈ ਹੋਈ ਐ। ਘਰ ਸੁਰਨ-ਸੁਰਨ ਵੱਸਦੈ। ਜਦੋਂ ਆ ਗਈ ਬੱਸ ਫੇਰ ਦੇਖੀਂ, ਇਹੋ-ਜਿਹੇ ਕੰਨ ਭਰਦੀ ਐ, ਮਿੰਟਾਂ ’ਚ ਈ ਭੀਸਰ ਜੂ ਮੇਰੇ ਨਾਲ।’’
‘‘ਅੱਛਾ? ਮੈਨੂੰ ਤਾਂ ਲੱਗਦੈ ਮਹਿੰਦਰ ਚੰਗੈ?’’
‘‘ਭੈਣੇ ਦੂਜੇ ਦੀ ਥਾਲੀ ’ਚ ਲੱਡੂ ਵੱਡਾ ਦਿਸਦੈ!

Read Also : ਟੁੱਟਦੇ ਰਿਸ਼ਤਿਆਂ ਤੇ ਪਰਿਵਾਰਾਂ ਨੂੰ ਕਿਵੇਂ ਰੋਕੀਏ?

ਉਹ ਗੱਲਾਂ ਕਰਦੀਆਂ ਰਹੀਆਂ ਤੇ ਮਹਿੰਦਰ ਸਾਰੀਆਂ ਗੱਲਾਂ ਸੁਣਦਾ ਰਿਹਾ। ਕੁਝ ਦੇਰ ਬਾਅਦ ਵੀਰਪਾਲ ਦੇ ਮੋਬਾਇਲ ਦੀ ਘੰਟੀ ਵੱਜੀ ਤਾਂ ਅੱਗੋਂ ਪੁੱਛਿਆ, ‘‘ਕੌਣ ਬੋਲਦੈ? ਅੱਛਾ? ਬਹੂ ਘਰ ਦੀ ਕੀ ਲੱਗਦੀ ਐ? ਘਰ ਮੇਰੇ ਮਾਂ-ਪਿਓ ਦਾ। ਕੱਲ੍ਹ ਨੂੰ ਤੁਹਾਨੂੰ ਘਰੋਂ ਕੱਢੂ? ਕੋਈ ਨਹੀਂ ਆ ਲੈਣ ਦੇ ਮੈਨੂੰ। ਮੈਂ ਕਰਦੀ ਆਂ ਗੱਲ।’’
‘‘ਕੀ ਗੱਲ ਹੋ ਗਈ ਭੈਣ ਜੀ?’’ ਪੂਜਾ ਨੇ ਪੁੱਛਿਆ।
‘‘ਹੋਣਾ ਕੀ ਐ? ਕੱਲ੍ਹ ਦੀ ਨੀਂਗਰੀ ਆ ਕੇ ਕਹਿੰਦੀ ਮੈਨੂੰ ਕਬੀਲਦਾਰੀ ਫੜਾਓ! ਭਲਾ ਐਂ ਕਿਵੇਂ ਕੰਮ ਚੱਲੂ?’’ ਇਹ ਕਹਿ ਕੇ ਵੀਰਪਾਲ ਪੂਜਾ ਦੇ ਘਰੋਂ ਚਲੀ ਗਈ ਤਾਂ ਮਹਿੰਦਰ ਬਾਹਰ ਆ ਗਿਆ ਤੇ ਹੱਸਣ ਲੱਗਾ।
‘‘ਕੀ ਗੱਲ, ਹੱਸਦੇ ਕਾਹਤੋਂ ਓ?’’
‘‘ਹੱਸਦਾ ਤਾਂ ਕਿ ਬਈ ਤਖਤਾ ਪਲਟਾਉਂਦੇ-ਪਲਟਾਉਂਦੇ ਆਪਦਾ ਹੀ ਤਖਤਾ ਪਲਟਾ ਲਿਆ।’’ Punjabi Story

ਪੂਜਾ ਕੁਝ ਨਾ ਬੋਲੀ ਪਰ ਮਹਿੰਦਰ ਨੇ ਫਿਰ ਕਿਹਾ, ‘‘ਕਦੋਂ ਦੀਆਂ ਲੱਗੀਆਂ ਸੀ ਕਬੀਲਦਾਰੀ ਹੱਥ ’ਚ ਲੈਣ! ਜੇ ਤੁਹਾਨੂੰ ਕਬੀਲਦਾਰੀ ਦੀ ਲੋੜ ਹੈ ਤਾਂ ਦੂਜਿਆਂ ਨੂੰ ਵੀ ਐ।’’ ਪੂਜਾ ਨੂੰ ਅੱਗੋਂ ਕੋਈ ਜਵਾਬ ਨਾ ਸੁੱਝਿਆ ਪਰ ਮਹਿੰਦਰ ਬਦਲਦੇ ਕਿਰਦਾਰਾਂ ਬਾਰੇ ਸੋਚਣ ਲੱਗਾ।

ਜਤਿੰਦਰ ਮੋਹਨ, ਪੰਜਾਬੀ ਅਧਿਆਪਕ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੱਤੜ (ਸਰਸਾ)
ਮੋ. 94630-20766