ਸੀਨੀਅਰ ਨਾਗਰਿਕਾਂ ਪ੍ਰਤੀ ਸਮਾਜ ਦਾ ਬਦਲਦਾ ਰਵੱਈਆ

ਸੀਨੀਅਰ ਨਾਗਰਿਕਾਂ ਪ੍ਰਤੀ ਸਮਾਜ ਦਾ ਬਦਲਦਾ ਰਵੱਈਆ

ਰਾਸ਼ਟਰੀ ਅੰਕੜਾ ਦਫ਼ਤਰ (ਐਨਐਸਓ) ਨੇ ਦੇਸ਼ ਵਿੱਚ ਬਜ਼ੁਰਗ ਆਬਾਦੀ ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਇਸ ਦੇ ਅਨੁਸਾਰ ਇਸ ਸਾਲ ਭਾਰਤ ਦੀ ਬਜ਼ੁਰਗ ਆਬਾਦੀ ਵਧ ਕੇ 13 ਕਰੋੜ 80 ਲੱਖ ਹੋ ਗਈ। ਹਾਲਾਂਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ। ਬਜ਼ੁਰਗ ਆਬਾਦੀ ਤਾਂ ਪਿਛਲੇ ਛੇ ਦਹਾਕਿਆਂ ਤੋਂ ਵਧ ਰਹੀ ਹੈ। ਇਸ ਦਾ ਵੱਡਾ ਕਾਰਨ ਜੀਵਨ ਪ੍ਰਤਿਆਸ਼ਾ ਦਾ ਵਧਣਾ ਰਿਹਾ ਹੈ। ਜਿਵੇਂ-ਜਿਵੇਂ ਦੁਨੀਆਂ ਵਿੱਚ ਸਿਹਤ ਸੁਵਿਧਾਵਾਂ ਵਧੀਆਂ ਹਨ ਅਤੇ ਸਾਧਾਰਨ ਤੋਂ ਲੈ ਕੇ ਗੰਭੀਰ ਬਿਮਾਰੀਆਂ ਤੱਕ ਦੇ ਇਲਾਜ ਮਿਲ ਗਏ ਹਨ। ਉਸ ਨਾਲ ਜਾਨ ਬਚਾ ਸਕਣਾ ਸੰਭਵ ਹੋਇਆ ਹੈ।

ਪਿਛਲੇ ਤਿੰਨ ਦਹਾਕਿਆਂ ਵਿੱਚ ਤਾਂ ਭਾਰਤ ਵਿੱਚ ਇਹ ਸਥਿਤੀ ਹੋਰ ਬਿਹਤਰ ਹੋਈ ਹੈ ਨਹੀਂ ਤਾਂ ਛੇ-ਸੱਤ ਦਹਾਕੇ ਪਹਿਲਾਂ ਤਾਂ ਮਾਮੂਲੀ ਬਿਮਾਰੀਆਂ ਹੀ ਜਾਨਲੇਵਾ ਰੂਪ ਧਾਰਨ ਕਰ ਲੈਂਦੀਆਂ ਸਨ ਅਤੇ ਜੀਵਨ ਬਚਾ ਸਕਣਾ ਸੰਭਵ ਨਹੀਂ ਹੁੰਦਾ ਸੀ, ਪਰ ਹੁਣ ਅਜਿਹਾ ਨਹੀਂ ਹੈ। ਦੇਖਿਆ ਜਾਵੇ ਤਾਂ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਕਾਫ਼ੀ ਬਦਲਾਅ ਆਇਆ ਹੈ। ਰਹਿਣ-ਸਹਿਣ ਅਤੇ ਖਾਣ-ਪੀਣ ਤੋਂ ਲੈ ਕੇ ਹਰ ਤਰ੍ਹਾਂ ਨਾਲ ਜੀਵਨਸ਼ੈਲੀ ਬਦਲੀ ਹੈ। ਬਦਲਦੀ ਜੀਵਨਸ਼ੈਲੀ ਨੇ ਭਾਵੇਂ ਮੁਸ਼ਕਲ ਬਿਮਾਰੀਆਂ ਕਿਉਂ ਨਾ ਦਿੱਤੀਆਂ ਹੋਣ, ਪਰ ਹੁਣ ਜ਼ਿਆਦਾਤਰ ਦਾ ਇਲਾਜ ਹੈ ਅਤੇ ਇਸ ਲਈ ਲੋਕ ਲੰਬੀ ਉਮਰ ਪਾ ਰਹੇ ਹਨ। ਐਨਐਸਓ ਦੀ ਰਿਪੋਰਟ ਦੱਸਦੀ ਹੈ ਕਿ ਆਉਣ ਵਾਲੇ ਦਹਾਕਿਆਂ ਵਿੱਚ ਬਜ਼ੁਰਗ ਆਬਾਦੀ ਹੋਰ ਤੇਜ਼ੀ ਨਾਲ ਵਧੇਗੀ ਜ਼ਾਹਿਰ ਹੈ ਅਜਿਹੇ ਵਿਚ ਸਰਕਾਰ ਅਤੇ ਸਮਾਜ ਦੀਆਂ ਜ਼ਿੰਮੇਵਾਰੀਆਂ ਵੀ ਵਧਣਗੀਆਂ।

ਕਿ ਬਜ਼ੁਰਗਾਂ ਦੀ ਵਧਦੀ ਆਬਾਦੀ ਨੂੰ ਕਿਸ ਰੂਪ ਵਿੱਚ ਦੇਖਿਆ ਜਾਵੇ ਕਿ ਬਜ਼ੁਰਗ ਆਬਾਦੀ ਸਮਾਜ ਅਤੇ ਦੇਸ਼ ਲਈ ਸਮੱਸਿਆ ਹੈ ਜਾਂ ਫਿਰ ਇਸ ਨੂੰ ਸਾਕਾਰਾਤਮਕ ਰੂਪ ਦੇ ਨਾਲ ਸੰਸਾਧਨ ਦੇ ਰੂਪ ਵਿੱਚ ਦੇਖੇ ਜਾਣ ਦੀ ਲੋੜ ਹੈ। ਉਂਜ ਤਾਂ ਇਹ ਇੱਕ ਅੰਤਹੀਣ ਬਹਿਸ ਦਾ ਵਿਸ਼ਾ ਹੈ, ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਧਰਤੀ ਦੇ ਹਰ ਵਿਅਕਤੀ ਨੂੰ ਚੰਗਾ, ਸਨਮਾਨਿਤ ਅਤੇ ਮਾਣਮੱਤਾ ਜੀਵਨ ਜਿਊਣ ਦਾ ਅਧਿਕਾਰ ਹੈ। ਅਜਿਹੇ ਵਿੱਚ ਬਜ਼ੁਰਗ ਆਬਾਦੀ ਨੂੰ ਸਮੱਸਿਆ ਮੰਨਣਾ ਅਣਮਨੁੱਖਤਾ ਤੋਂ ਘੱਟ ਨਹੀਂ ਹੋਵੇਗਾ। ਭਾਰਤੀ ਸੰਸਕਿ੍ਰਤੀ ਵਿੱਚ ਤਾਂ ਬਜ਼ੁਰਗ ਹੀ ਪਰਿਵਾਰ ਦਾ ਮੂਲ ਰਹੇ ਹਨ, ਪਰ ਵਕਤ ਦੇ ਨਾਲ ਬਦਲਦੇ ਸਮਾਜਿਕ ਮੁੱਲਾਂ ਅਤੇ ਜੀਵਨ ਸੰਸਕਿ੍ਰਤੀ ਨੇ ਬਜ਼ੁਰਗਾਂ ਦੇ ਪ੍ਰਤੀ ਧਾਰਨਾ ਨੂੰ ਬਦਲ ਦਿੱਤਾ ਹੈ।

ਇਸ ਲਈ ਬਜ਼ੁਰਗ ਆਬਾਦੀ ਇਸ ਸਮੇਂ ਜਾਂ ਆਉਣ ਵਾਲੇ ਸਮੇਂ ਲਈ ਇੱਕ ਸੰਕਟ ਦੇ ਰੂਪ ਵਿੱਚ ਦੇਖੀ ਜਾ ਰਹੀ ਹੈ। ਆਏ ਦਿਨ ਅਦਾਲਤਾਂ ਵਿੱਚ ਮਾਤਾ-ਪਿਤਾ ਦੇ ਨਾਲ ਪਰਿਵਾਰਕ ਅਤੇ ਸੰਪੱਤੀ ਸਬੰਧੀ ਵਿਵਾਦ ਦੇਖਣ ਨੂੰ ਮਿਲਦੇ ਰਹੇ ਹਨ। ਮਾਤਾ-ਪਿਤਾ ਨੂੰ ਘਰ ਤੋਂ ਕੱਢ ਦੇਣ ਤੱਕ ਦੀਆਂ ਘਟਨਾਵਾਂ ਦੇਖਣ ਵਿੱਚ ਆਉਂਦੀਆਂ ਹਨ। ਇਹ ਸਭ ਸੀਨੀਅਰ ਨਾਗਰਿਕਾਂ ਦੇ ਪ੍ਰਤੀ ਸਮਾਜ ਦੇ ਬਦਲਦੇ ਰਵੱਈਏ ਦਾ ਸੂਚਕ ਹੈ। ਪੱਛਮੀ ਦੇਸ਼ਾਂ ਦੀ ਤਰਜ਼ ’ਤੇ ਬਿਰਧ ਆਸ਼ਰਮਾਂ ਦਾ ਚਲਨ ਚੱਲ ਪਿਆ ਹੈ। ਅਜਿਹੇ ਵਿਚ ਇਸ ਸਵਾਲ ’ਤੇ ਵਿਚਾਰ ਜ਼ਰੂਰੀ ਹੋ ਜਾਂਦਾ ਹੈ ਕਿ ਵਧਦੀ ਬਜ਼ੁਰਗ ਅਬਾਦੀ ਨੂੰ ਕਿਵੇਂ ਸਨਮਾਨਜਨਕ ਜੀਵਨ ਜਿਊਣ ਦਾ ਅਧਿਕਾਰ ਮਿਲੇ?

ਬਜ਼ੁਰਗਾਂ ਦੀ ਵਧਦੀ ਆਬਾਦੀ ਨੂੰ ਲੈ ਕੇ ਹੁਣ ਜ਼ਿਆਦਾ ਚਿੰਤਾ ਤਾਂ ਇਸ ਗੱਲ ਦੀ ਸਤਾਉਣ ਲੱਗੀ ਹੈ ਕਿ ਕਿਤੇ ਆਉਣ ਵਾਲੇ ਸਮੇਂ ਵਿੱਚ ਇਸ ਨਾਲ ਜਨ ਅੰਕੜਾ ਸੰਤੁਲਨ ਨਾ ਵਿਗੜ ਜਾਵੇ। ਚੀਨ, ਜਾਪਾਨ ਸਮੇਤ ਕਈ ਦੇਸ਼ਾਂ ਵਿੱਚ ਤਾਂ ਅਜਿਹੇ ਮੁਲਾਂਕਣ ਆਉਂਦੇ ਰਹੇ ਹਨ ਕਿ ਬਜ਼ੁਰਗਾਂ ਦੀ ਆਬਾਦੀ ਬੱਚਿਆਂ ਅਤੇ ਨੌਜਵਾਨਾਂ ਤੋਂ ਕਿਤੇ ਜ਼ਿਆਦਾ ਹੋ ਜਾਵੇਗੀ। ਇਸ ਲਈ ਚੀਨ ਨੇ ਹਾਲ ਵਿਚ ਇੱਕ ਬੱਚਾ ਨੀਤੀ ਨੂੰ ਖ਼ਤਮ ਕਰਕੇ ਤਿੰਨ ਬੱਚੇ ਪੈਦਾ ਕਰਨ ਦੀ ਛੋਟ ਦੇ ਦਿੱਤੀ।

ਮਨੁੱਖਤਾ ਦਾ ਤਕਾਜ਼ਾ ਤਾਂ ਇਹੀ ਹੈ ਕਿ ਬਜ਼ੁਰਗ ਆਬਾਦੀ ਨੂੰ ਸਮੱਸਿਆ ਦੇ ਰੂਪ ਵਿੱਚ ਨਾ ਦੇਖਿਆ ਜਾਵੇ ਬਲਕਿ ਉਨ੍ਹਾਂ ਦੀ ਸਮਾਜਿਕ ਤੇ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਯਤਨਾਂ ਨੂੰ ਪਹਿਲ ਦਿੱਤੀ ਜਾਵੇ। ਭਾਰਤ ਵਿੱਚ 60 ਸਾਲ ਤੋਂ ਉੱਪਰ ਦੀ ਆਬਾਦੀ ਦਾ ਵੱਡਾ ਹਿੱਸਾ ਪੈਨਸ਼ਨ ਵਰਗੀ ਸਮਾਜਿਕ, ਆਰਥਿਕ ਸੁਰੱਖਿਆ ਤੋਂ ਵਾਂਝਾ ਹੈ। ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਲਾਭ ਵੀ ਹਰੇਕ ਤੱਕ ਨਹੀਂ ਪਹੁੰਚਦੇ। ਇਸ ਦੀ ਸਿੱਧੀ ਵਜ੍ਹਾ ਸਾਡੇ ਇੱਥੇ ਅਸੰਗਠਿਤ ਖੇਤਰ ਨੂੰ ਅਣਗੌਲਣਾ ਵੀ ਹੈ। ਉਦਾਰਵਾਦੀ ਅਰਥਵਿਵਸਥਾਵਾਂ ਵਿੱਚ ਵਧਦੀ ਬਜ਼ੁਰਗ ਆਬਾਦੀ ਨੂੰ ਆਰਥਿਕ ਵਿਕਾਸ ਵਿੱਚ ਇੱਕ ਵੱਡੀ ਰੁਕਾਵਟ ਮੰਨਿਆ ਜਾਂਦਾ ਹੈ। ਇਸ ਧਾਰਨਾ ਨੂੰ ਬਦਲਣਾ ਪਵੇਗਾ। ਬਜ਼ੁਰਗ ਆਬਾਦੀ ਨੂੰ ਦੇਸ਼ ਦੇ ਸਮਾਜਿਕ, ਆਰਥਿਕ ਵਿਕਾਸ ਵਿੱਚ ਭਾਗੀਦਾਰ ਕਿਵੇਂ ਬਣਾਇਆ ਜਾਵੇ, ਇਸ ’ਤੇ ਗੰਭੀਰਤਾ ਨਾਲ ਵਿਚਾਰ ਦੀ ਲੋੜ ਹੈ।
ਸਾਬਕਾ ਪੀਈਐਸ-1,
ਸੇਵਾ ਮੁਕਤ ਪ੍ਰਿੰਸੀਪਲ, ਮਲੋਟ
ਵਿਜੈ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ