ਚਾਂਦਪੁਰਾ ਬੰਨ੍ਹ ਪੂਰਨ ਦਾ ਕੰਮ ਜਾਰੀ, ਘੱਗਰ ’ਚੋਂ ਪਾਣੀ ਹੋਰ ਘਟਿਆ

Ghaggar
ਬਰੇਟਾ : ਵਿਧਾਇਕ ਬੁੱਧ ਰਾਮ, ਡਵੀਜ਼ਨਲ ਕਮਿਸ਼ਨਰ ਚੰਦਰ ਗੇਂਦ ਅਤੇ ਹੋਰ ਚਾਂਦਪੁਰਾ ਪਾੜ ਨੂੰ ਪੂਰਨ ਦੇ ਕੰਮ ਦਾ ਜਾਇਜ਼ਾ ਲੈਂਦੇ ਹੋਏ। ਤਸਵੀਰ : ਕ੍ਰਿਸ਼ਨ ਭੋਲਾ

(ਸੁਖਜੀਤ ਮਾਨ/ ਕ੍ਰਿਸ਼ ਭੋਲਾ) ਸਰਦੂਲਗੜ੍ਹ/ਬਰੇਟਾ। ਘੱਗਰ ਦਰਿਆ ਦਾ ਚਾਂਦਪੁਰਾ ਬੰਨ੍ਹ ਪੂਰਨ ਦਾ ਕੰਮ ਫੌਜ ਵੱਲੋਂ ਲਗਾਤਾਰ ਜਾਰੀ ਹੈ ਇਹ ਬੰਨ੍ਹ ਫੌਜ ਵੱਲੋਂ ਤਕਨੀਕੀ ਢੰਗ ਨਾਲ ਬੰਦ ਕੀਤਾ ਜਾ ਰਿਹਾ ਹੈ (Ghaggar) ਤਾਂ ਜੋ ਤੇਜ਼ ਵਹਾਅ ’ਚ ਮਿੱਟੀ ਖੁਰ ਨਾ ਸਕੇ ਬੰਨ੍ਹ ਪੂਰਨ ਦੇ ਕੰੰਮ ਦਾ ਅੱਜ ਵਿਧਾਇਕ ਬੁਢਲਾਡਾ ਪਿ੍ਰੰਸੀਪਲ ਬੁੱਧ ਰਾਮ, ਡਵੀਜ਼ਨਲ ਕਮਿਸ਼ਨਰ ਫਰੀਦਕੋਟ ਰੇਂਜ ਚੰਦਰ ਗੇਂਦ, ਡਿਪਟੀ ਕਮਿਸ਼ਨਰ ਮਾਨਸਾ ਰਿਸ਼ੀਪਾਲ ਸਿੰਘ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰ੍ਹੇ ਵੱਲੋਂ ਜਾਇਜ਼ਾ ਲਿਆ ਗਿਆ ਉਨ੍ਹਾਂ ਡਰੇਨਜ਼ ਵਿਭਾਗ ਸਮੇਤ ਫੌਜ ਦੇ ਜਵਾਨਾਂ ਨੂੰ ਸਮੁੱਚੇ ਕਾਰਜ ਨੂੰ ਜਲਦ ਨੇਪਰੇ ਚੜ੍ਹਾਉਣ ਦੇ ਆਦੇਸ਼ ਜਾਰੀ ਕੀਤੇ। ਸਰਦੂਲਗੜ੍ਹ ’ਚ ਵੀ ਘੱਗਰ ਦਾ ਪਾਣੀ ਕੱਲ੍ਹ ਨਾਲੋਂ ਅੱਜ ਹੋਰ ਘਟ ਗਿਆ ਪਰ ਮੀਂਹ ਵਾਲਾ ਬਣਿਆ ਮੌਸਮ ਫਿਰ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਉਦਯੋਗਪਤੀ ਨੇ ਲਗਾਇਆ ਹੜ੍ਹ ਪੀੜਤਾਂ ਲਈ ਲੰਗਰ

ਇਸ ਮੌਕੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਪਾਸੋਂ ਸਥਿਤੀ ਬਾਰੇ ਜਾਣਕਾਰੀ ਲੈਂਣ ਉਪਰੰਤ ਡਵੀਜ਼ਨਲ ਕਮਿਸ਼ਨਰ ਚੰਦਰ ਗੇਂਦ ਨੇ ਦੱਸਿਆ ਕਿ ਲਗਭਗ 180 ਫੁੱਟ ਦਾ ਪਾੜ ਪੈਣ ਕਾਰਨ ਨਜ਼ਦੀਕੀ ਪਿੰਡ ਪਾਣੀ ਨਾਲ ਪ੍ਰਭਾਵਿਤ ਹੋਏ ਹਨ। ਪਾੜ ਨੂੰ ਪੂਰਨ ਦਾ ਕੰਮ ਡਰੇਨਜ ਵਿਭਾਗ ਅਤੇ ਭਾਰਤੀ ਫੌਜ ਦੀਆਂ ਟੀਮਾਂ ਵੱਲੋਂ ਜੰਗੀ ਪੱਧਰ ’ਤੇ ਜਾਰੀ ਹੈ। ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਹੀ ਜ਼ਰੂਰੀ ਮਸ਼ੀਨਰੀ, ਮਿੱਟੀ, ਗੱਟੇ ਅਤੇ ਹੋਰ ਲੋੜੀਂਦਾ ਸਾਜੋ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।

180 ਫੁੱਟ ਪਾੜ ਵਿਚੋਂ ਕਰੀਬ 70 ਫੁੱਟ ਪਾੜ ਨੂੰ ਪੂਰ ਲਿਆ (Ghaggar)

ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਦੀ ਸੁਚੱਜੀ ਅਗਵਾਈ ਵਿਚ ਸਮੁੱਚਾ ਪ੍ਰਸ਼ਾਸਨਿਕ ਅਮਲਾ, ਐਨ.ਡੀ.ਆਰ.ਐਫ ਅਤੇ ਮਿਲਟਰੀ ਦੇ ਜਵਾਨ ਲਗਾਤਾਰ ਬਚਾਅ ਕਾਰਜਾਂ ਵਿਚ ਜੁਟੇ ਹੋਏ ਹਨ, ਜਿਸ ਸਦਕਾ ਚਾਂਦਪੁਰਾ ਨਜ਼ਦੀਕ ਪਏ 180 ਫੁੱਟ ਪਾੜ ਵਿਚੋਂ ਕਰੀਬ 70 ਫੁੱਟ ਪਾੜ ਨੂੰ ਪੂਰ ਲਿਆ ਗਿਆ ਹੈ ਤੇ ਜਲਦ ਹੀ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪ੍ਰਭਾਵਿਤ ਪਿੰਡਾਂ ਨੂੰ ਹਰ ਤਰ੍ਹਾਂ ਦੀ ਰਾਹਤ ਸਮੱਗਰੀ ਅਤੇ ਦਵਾਈਆਂ ਆਦਿ ਪਹੁੰਚਾਈਆਂ ਜਾ ਰਹੀਆਂ ਹਨ ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੰਨ੍ਹ ਨੂੰ ਪੂਰਨ ਦੇ ਕਾਰਜ ਵਿਚ ਲੋੜੀਂਦੀ ਹਰ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਾਰੀਆਂ ਹੀ ਟੀਮਾਂ ਤਨਦੇਹੀ ਨਾਲ ਇਸ ਕਾਰਜ਼ ਵਿਚ ਜੁਟੀਆਂ ਹੋਈਆਂ ਹਨ। ਨਜ਼ਦੀਕੀ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਪਾਸੋਂ ਨਿਰੰਤਰ ਉਨ੍ਹਾਂ ਦੀਆਂ ਜ਼ਰੂਰਤਾਂ ਤੇ ਮੁਸ਼ਕਿਲਾਂ ਬਾਰੇ ਜਾਣਕਾਰੀ ਲੈਂਦਿਆਂ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਘੱਗਰ ’ਚ ਪਾਣੀ ਦਾ ਪੱਧਰ ਘਟਣ ਕਾਰਨ ਇੱਕ ਵਾਰ ਰਾਹਤ ਦੀ ਆਸ ਜਾਗੀ ਹੈ ਘੱਗਰ ’ਚ ਕੱਲ ਕਰੀਬ ਅੱਧਾ ਫੁੱਟ ਪਾਣੀ ਘਟਿਆ ਸੀ ਜੋ ਅੱਜ ਡੇਢ ਫੁੱਟ ਤੱਕ ਹੋਰ ਘਟ ਗਿਆ ਸਰਸਾ-ਸਰਦੂਲਗੜ੍ਹ ਸੜਕ ’ਤੇ ਬਣੇ ਪੁਲ ਤੋਂ ਹੁਣ ਕਰੀਬ ਡੇਢ ਫੁੱਟ ਪਾਣੀ ਹੇਠਾਂ ਚੱਲ ਰਿਹਾ ਹੈ।

ਸੰਕਟ ’ਚ ਸਾਥ ਦੇਣ ਵਾਲਿਆਂ ਦਾ ਦਿਲੋਂ ਧੰਨਵਾਦ : ਵਿਧਾਇਕ ਬਣਾਂਵਾਲੀ

ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਸਰਦੂਲਗੜ੍ਹ ਵਿੱਚੋਂ ਪਾਣੀ ਕਰੀਬ ਡੇਢ ਫੁੱਟ ਘਟ ਗਿਆ ਤੇ ਪਿੰਡਾਂ ਵਿੱਚੋਂ ਹੋਰ ਵੀ ਜ਼ਿਆਦਾ ਘੱਟ ਹੋਇਆ ਹੈ। ਉਹਨਾਂ ਸੰਕਟ ਦੀ ਇਸ ਘੜੀ ਵਿੱਚ ਹੜ੍ਹ ਪੀੜਤਾਂ ਦਾ ਹਰ ਪੱਖੋਂ ਸਾਥ ਦੇਣ ਵਾਲਿਆਂ ਦਾ ਦਿਲ ਦੀਆਂ ਗਹਿਰਾਈਆਂ ’ਚੋਂ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਇਹ ਬਿਪਤਾ ਪਈ ਤਾਂ ਸਾਸ਼ਨ-ਪ੍ਰਸਾਸ਼ਨ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਨੇ ਰਾਸ਼ਨ, ਡੀਜਲ, ਤਰਪਾਲਾਂ ਤੇ ਕਈਆਂ ਨੇ ਜੇਸੀਬੀ ਨਾਲ ਮੱਦਦ ਕੀਤੀ। Ghaggar