ਸਾਲ 2022 ਦੇ ਜਸ਼ਨ ਮਨਾਉਣ ਸਮੇਂ ਸਮਾਜ ਤੇ ਦੇਸ਼ ਦੇ ਵਿਕਾਸ ਲਈ ਦਿ੍ਰੜ ਸੰਕਲਪ ਦੀ ਖਾਉ ਕਸਮ

New Year Celebration Sachkahoon

ਸਾਲ 2022 ਦੇ ਜਸ਼ਨ ਮਨਾਉਣ ਸਮੇਂ ਸਮਾਜ ਤੇ ਦੇਸ਼ ਦੇ ਵਿਕਾਸ ਲਈ ਦਿ੍ਰੜ ਸੰਕਲਪ ਦੀ ਖਾਉ ਕਸਮ

ਅੰਗਰੇਜੀ ਮਹੀਨੇ ਜਨਵਰੀ ਦੀ ਪਹਿਲੀ ਤਰੀਕ ਤੋਂ ਨਵੇਂ ਸਾਲ ਦੀ ਸੁਰੂਆਤ ਸਦੀਆਂ ਤੋਂ ਹੁੰਦੀ ਆ ਰਹੀ ਹੈ। ਜਿਸ ਤਰਾਂ ਅੱਜ 2022 ਈਸਵੀ ਦਾ ਨਵਾਂ ਸਾਲ ਸੁਰੂ ਹੋ ਚੁੱਕਾ ਹੈ। ਹਾਲਾਂ ਕਿ ਸਦੀਆਂ ਪਹਿਲਾਂ ਨਵਾਂ ਸਾਲ ਇਕ ਜਨਵਰੀ ਨੂੰ ਨਹੀ ਸੀ ਮਨਾਇਆ ਜਾਂਦਾ। ਵੱਖ ਵੱਖ ਦੇਸ਼ਾਂ ਵਿਚ ਅਲੱਗ ਅਲੱਗ ਦਿਨ ਕਦੇ 25 ਮਾਰਚ ਅਤੇ ਕਦੇ 25 ਦਸੰਬਰ ਨੂੰ ਵੀ ਨਵਾਂ ਸਾਲ ਮਨਾਇਆ ਜਾਂਦਾ ਸੀ। ਲੇਕਿਨ ਬਾਅਦ ਵਿਚ ਹੋਏ ਬਦਲਾਅ ਕਾਰਨ 1 ਜਨਵਰੀ ਤੋਂ ਨਵਾਂ ਸਾਲ ਮਨਾਇਆ ਜਾਣ ਲੱਗ ਪਿਆ। ਇਸ ਦੀ ਸੁਰੂਆਤ ਰੋਮ ਤੋਂ ਹੋਈ, ਉਥੇ ਰਾਜਾ ਪੋਂਪਲਿਸ ਨੇ ਰੋਮਨ ਕਲੰਡਰ ਵਿਚ ਬਦਲਾਅ ਕੀਤਾ। ਇਸ ਕਲੰਡਰ ਦੇ ਆਉਣ ਤੋਂ ਬਾਅਦ ਨਵਾਂ ਸਾਲ ਇਕ ਜਨਵਰੀ ਤੋਂ ਮਨਾਇਆ ਜਾਣਾ ਸੁਰੂ ਹੋਇਆ। ਸਦੀਆਂ ਪਹਿਲਾਂ ਈਜਾਦ ਕਲੰਡਰ 10 ਮਹੀਨੇ ਦਾ ਹੋਇਆ ਕਰਦਾ ਸੀ, ਤੇ ਪੂਰੇ ਸਾਲ ਵਿਚ 310 ਦਿਨ ਅਤੇ ਹਫਤੇ ਦੇ 8 ਦਿਨ ਹੁੰਦੇ ਸਨ। ਇਸ ਤੋਂ ਬਾਅਦ ਰੋਮ ਦੇ ਸ਼ਾਸਕ ਜੂਲੀਅਸ ਸੀਜਰ ਨੇ ਰੋਮਨ ਕਲੰਡਰ ਵਿਚ ਬਦਲਾਅ ਕਰਨ ਤੋਂ ਬਾਅਦ ਸਾਲ ਦੇ 12 ਮਹੀਨੇ ਅਤੇ ਸਾਲ ਦੇ 365 ਦਿਨ ਕਰ ਦਿੱਤੇ ਗਏ।

ਸੀਜ਼ਰ ਨੇ ਖਗੋਲ ਵਿਗਿਆਨੀ ਤੋਂ ਜਾਣਕਾਰੀ ਹਾਸਲ ਕੀਤੀ ਕਿ ਧਰਤੀ 365 ਦਿਨ ਅਤੇ 6 ਘੰਟਿਆਂ ਵਿਚ ਸੂਰਜ ਦੀ ਪਰਿਕਰਮਾ ਕਰਦੀ ਹੈ। ਇਸ ਲਈ ਸੀਜ਼ਰ ਨੇ ਸਾਲ ਦੇ ਦਿਨਾਂ ਨੂੰ ਵਧਾ ਦਿੱਤਾ ਅਤੇ ਉਦੋਂ ਤੋਂ ਹੀ ਨਵੇਂ ਸਾਲ ਦੀ ਸੁਰੂਆਤ 1 ਜਨਵਰੀ ਤੋਂ ਹੋਈ। ਸਾਲ ਦੇ ਭਾਵੇਂ 365 ਦਿਨ ਹੁੰਦੇ ਹਨ, ਪਰੰਤੂ ਜਦੋਂ ਹਰ ਚੌਥੇ ਸਾਲ ਲੀਪ ਦਾ ਸਾਲ ਆਉਂਦਾ ਤਾਂ ਉਸ ਸਾਲ ਦੇ 366 ਦਿਨ ਹੁੰਦੇ ਹਨ। ਲੀਪ ਦਾ ਸਾਲ ਉਸ ਨੂੰ ਕਿਹਾ ਜਾਂਦਾ, ਜੋ ਕਿ 4 ਤੇ ਭਾਗ ਕਰਨ ਤੇ ਵੰਡਿਆ ਜਾਵੇ, ਉਦਾਹਰਣ ਦੇ ਤੌਰ ਕਰੋਨਾ ਦੀ ਮਹਾਂਮਾਰੀ ਕਰਕੇ ਯਾਦਗਾਰੀ ਮੰਨਿਆ ਜਾਂਦਾ ਸੰਨ 2020 ਈਸਵੀ ਲੀਪ ਦਾ ਸਾਲ ਸੀ। ਸਾਲ ਦਾ ਆਖਰੀ ਮਹੀਨਾ 31 ਦਸੰਬਰ ਨੂੰ ਰਾਤ ਦੇ ਬਾਰਾਂ ਵਜੇ ਖਤਮ ਹੋਣ ਦੇ ਨਾਲ ਹੀ ਸੰਨ 2022 ਦੇ ਨਵੇਂ ਕਲੰਡਰ ਦੁਕਾਨਾਂ, ਮਕਾਨਾਂ, ਦਫਤਰਾਂ, ਬੈਂਕਾਂ, ਸਕੂਲਾਂ, ਕਾਲਜਾਂ ਵਿਚ ਲੱਗ ਜਾਂਦੇ ਹਨ। ਇਕੱਲੇ ਭਾਰਤ ਦੇਸ ਵਿਚ ਹੀ ਨਹੀਂ ਸਗੋ ਦੁਨੀਆਂ ਦੇ ਹੋਰ ਵੀ ਬਹੁਤ ਸਾਰੇ ਦੇਸਾਂ ਵਿਚ ਨਵੇਂ ਸਾਲ ਦੀ ਸੁਰੂਆਤ 1 ਜਨਵਰੀ ਤੋਂ ਹੀ ਹੁੰਦੀ ਹੈ। ਲੇਕਿਨ ਭਾਰਤ ਵਿਚ ਲੋਕ ਆਪਣੇ ਰੀਤੀ ਰਿਵਾਜਾਂ ਦੇ ਅਨੁਸਾਰ ਵੀ ਅਲੱਗ ਅਲੱਗ ਦਿਨ ਤੇ ਨਵਾਂ ਸਾਲ ਮਨਾਉਂਦੇ ਹਨ। ਜਿਸ ਤਰਾਂ ਪੰਜਾਬ ਅੰਦਰ ਨਵੇਂ ਸਾਲ ਦੀ ਸੁਰੂਆਤ ਦੇਸੀ ਮਹੀਨਾ ਵਿਸਾਖ ਵਿਸਾਖੀ ਵਾਲੇ ਦਿਨ 13 ਅਪਰੈਲ ਨੂੰ ਵੀ ਹੁੰਦੀ ਹੈ। ਉਸ ਤਰਾਂ ਭਾਵੇਂ ਅਸੀਂ ਨਵੇਂ ਸਾਲ ਨੂੰ 1 ਜਨਵਰੀ ਤੋਂ 31 ਦਸੰਬਰ ਤੱਕ ਪੂਰਾ ਹੁੰਦਾ ਮੰਨਦੇ ਹਾਂ। ਪਰ ਸਾਡੇ ਕਿਤਾਬਚੀ ਲੇਖੇ ਜੋਖੇ ਦਾ ਸਾਲ 1 ਅਪਰੈਲ ਤੋਂ ਸੁਰੂ ਹੋਕੇ 31 ਮਾਰਚ ਤੱਕ ਮੰਨਿਆ ਜਾਂਦਾ।

ਜੇਕਰ ਦੇਖਿਆ ਜਾਵੇ ਅਸੀਂ ਕਹਿੰਦੇ ਹਾਂ ਕਿ ਅੱਜ ਨਵਾਂ ਸਾਲ ਹੈ, ਉਹ ਇਸ ਲਈ ਕਿਉਂਕਿ ਨਵੇਂ ਸਾਲ ਵਾਲੇ ਦਿਨ ਈਸਵੀ ਸੰਨ ਬਦਲ ਜਾਂਦਾ ਹੈ, ਜਿਸ ਤਰਾਂ 2021 ਤੋਂ ਪੂਰੇ ਇਕ ਸਾਲ ਬਾਅਦ 2022 ਸੰਨ ਆ ਗਿਆ ਹੈ। ਧਿਆਨਪੂਰਵਕ ਦੇਖਿਆ ਜਾਵੇ ਤਾਂ ਹਰ ਦਿਨ ਹੀ ਸਾਲ ਬਾਅਦ ਆਉਂਦਾ, ਉਦਾਹਰਣ ਦੇ ਤੌਰ ਤੇ ਜਿਸ ਤਰਾਂ 2 ਜਨਵਰੀ 2022 ਦਾ ਦਿਨ ਵੀ ਤਾਂ ਸਾਲ ਬਾਅਦ ਹੀ ਆਵੇਗਾ। ਇਸ ਦੇ ਨਾਲ ਹੀ ਸਾਨੂੰ ਨਵਾਂ ਸਾਲ ਦੇ ਜਸ਼ਨ ਦੇਸ ਜਾਂ ਵਿਦੇਸ ਵਿਚ ਮਨਾਉਂਦਿਆਂ 1 ਜਨਵਰੀ ਵਾਲੇ ਦਿਨ ਮਨਾਉਂਦਿਆਂ ਜਿੰਦਗੀ ਨੂੰ ਵਿਕਾਸ ਦੇ ਰਾਹ ਤੇ ਤੋਰਨ ਲਈ ਕੁਝ ਦਿ੍ਰੜ ਸੰਕਲਪ ਵੀ ਲੈਣੇ ਚਾਹੀਦੇ ਹਨ। ਜਿਸ ਤਰਾਂ ਹਰ ਕੋਈ ਆਪਣੇ ਪਰਿਵਾਰ ਅਤੇ ਕਰੀਬੀ ਦੋਸ਼ਤਾਂ ਨਾਲ ਤਾਂ ਨਵੇਂ ਸਾਲ ਦੇ ਜਸ਼ਨ ਮਨਾਉਂਦਾ ਹੀ ਹੈ। ਪਰ ਜੇਕਰ ਅਸੀਂ ਨਵੇਂ ਸਾਲ ਦੇ ਜਸ਼ਨਾਂ ਦੀਆਂ ਖੁਸ਼ੀਆਂ ਅਜਿਹੇ ਲੋਕਾਂ ਨਾਲ ਵੀ ਸਾਂਝੀਆ ਕਰੀਏ ਜੋ ਲੋਕ ਗਰੀਬੀ ਦੀ ਰੇਖਾ ਤੋਂ ਵੀ ਥੱਲੇ ਰਹਿਣ ਲਈ ਮਜ਼ਬੂਰ ਹਨ, ਤੇ ਉਹ ਨਵੇਂ ਸਾਲ ਦੇ ਜਸਨ ਮਨਾਉਣਾ ਚਾਹੁੰਦੇ ਹਨ, ਪਰ ਮਨਾ ਹੀ ਨਹੀਂ ਸਕਦੇ, ਜਾਂ ਫਿਰ ਅਜਿਹੇ ਲੋਕਾਂ ਨਾਲ ਵੀ ਨਵਾਂ ਸਾਲ ਸੈਲੀਬਰੇਟ ਕੀਤਾ ਜਾ ਸਕਦਾ ਹੈ, ਜੋ ਅਨਾਥ ਆਸਰਮਾਂ, ਜਾਂ ਅਜਿਹੇ ਇਲਾਕਿਆਂ ਵਿਚ ਰਹਿੰਦੇ ਹੋਣ। ਸਿਆਣਿਆ ਦਾ ਕਥਨ ਹੈ ਕਿ ਖੁਸ਼ੀ ਵੰਡਣ ਨਾਲ ਘਟਦੀ ਨਹੀਂ। ਅਗਰ ਅਸੀਂ ਅਜਿਹੇ ਲੋਕਾਂ ਨਾਲ ਨਵੇਂ ਸਾਲ ਦੀਆਂ ਖੁਸ਼ੀਆਂ ਸਾਂਝੀਆਂ ਕਰਾਂਗੇ ਤਾਂ ਸਾਡੇ ਨਾਲ ਨਾਲ ਹੋਰ ਲੋਕਾਂ ਨੂੰ ਵੀ ਖੁਸ਼ੀ ਮਿਲ ਸਕੇਗੀ। ਇਕ ਕਹਾਵਤ ਹੈ ਕਿ ‘‘ਜੈਸੀ ਕਰਨੀ ,ਵੈਸੀ ਭਰਨੀ’’ ਇਕ ਗੱਲ ਤਾਂ ਤੈਅ ਹੈ ਕਿ ਜਿਸ ਤਰਾਂ ਦੇ ਅਸੀਂ ਖੁਦ ਹੋਵਾਂਗੇ, ਸਾਡਾ ਸਾਹਮਣਾ ਵੀ ਅੱਗੋਂ ਅਜਿਹੇ ਲੋਕਾਂ ਨਾਲ ਹੀ ਪਵੇਗਾ। ਫਿਰ ਕਿਉਂ ਨਾ ਅਸੀ ਨਵੇਂ ਸਾਲ ਵਾਲੇ ਦਿਨ ਆਪਣੀ ਜਿੰਦਗੀ ਵਿਚ ਕਰਵਟ ਲਿਆਉਣ ਲਈ ਸਮਾਜਿਕ ਬੁਰਾਈਆਂ ਦਾ ਤਿਆਗ ਕਰਕੇ ਇਸ ਦਿਨ ਚੰਗੇ ਕਰਮ ਕਰਨ ਦੀ ਕਸਮ ਖਾਕੇ ਦੇਸ ਦੇ ਚੰਗੇ ਨਾਗਰਿਕਾਂ ਵਿਚ ਆਪਣਾ ਨਾਮ ਸ਼ਾਮਲ ਕਰ ਲਈਏ।

ਯਾਦ ਰੱਖਣ ਵਾਲੀ ਗੱਲ ਹੈ ਕਿ ਜਦੋਂ ਅਸੀਂ ਬੁਰਾਈਆਂ ਦਾ ਤਿਆਗ ਕਰਕੇ ਚੰਗਿਆਈ ਦੇ ਰਸਤੇ ਤੇ ਚਲਦੇ ਹੋ ਤਾਂ ਅਸੀਂ ਇਕ ਤਰਾਂ ਨਾਲ ਹਜਾਰਾਂ ਲੋਕਾਂ ਨੂੰ ਵੀ ਚੰਗੇ ਰਸਤੇ ਤੇ ਚੱਲਣ ਦੀ ਪ੍ਰੇਰਨਾ ਦੇ ਹੁੰਦੇ ਹਾਂ। ਇਨਾਂ ਗੱਲਾਂ ਨੂੰ ਵਾਰ ਵਾਰ ਯਾਦ ਨਾ ਕਰੋ, ਕਿ ਤੁਸੀਂ ਬੀਤੇ ਸਾਲ ਵਿਚ ਕੀ ਕੁਝ ਕੀਤਾ ਜਾਂ ਤੁਹਾਡਾ ਵਿਵਹਾਰ ਕਿਸ ਤਰਾਂ ਦਾ ਸੀ। ਨਵੇਂ ਸਾਲ ਵਿਚ ਇਹ ਪ੍ਰਣ ਕਰੋ ਕਿ ਮੈਂ ਖੁਦ ਨੂੰ ਇਕ ਚੰਗਾ ਇਨਸਾਨ, ਸਾਰਿਆਂ ਦੀ ਲੋੜ ਅਨੁਸਾਰ ਸਹਾਇਤਾ ਕਰਨ ਵਾਲਾ ਪ੍ਰੇਮ-ਪਿਆਰ ਤੇ ਖੁਸੀਆਂ ਵੰਡਣ ਵਾਲਾ ਬਣਾਂਗਾ। ਇਸ ਦਿਨ ਅਸੀਂ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਕਿਸੇ ਜਰੂਰਤਮੰਦ ਦੀ ਸਹਾਇਤਾ ਕਰਕੇ ਇਸ ਨੂੰ ਯਾਦਗਾਰੀ ਪਲ ਵੀ ਬਣਾ ਸਕਦੇ ਹਾਂ। ਕੁਝ ਇਸ ਤਰਾਂ ਦਾ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਸਮਾਜ ਦੇ ਆਰਥਿਕ ਪੱਖੋਂ ਕਮਜੋਰ ਲੋਕਾਂ ਸਹਾਇਤਾ ਕੀਤੀ ਜਾਵੇ, ਹੋ ਸਕੇ ਤਾਂ ਇਸ ਸੇਵਾ ਨੂੰ ਬੰਦ ਨਾ ਕੀਤਾ ਜਾਵੇ। ਅਗਰ ਅਸੀਂ ਉਪਰੋਕਤ ਤਰੀਕਿਆਂ ਨਾਲ ਨਵੇਂ ਸਾਲ 2022 ਦਾ ਜਸ਼ਨ ਮਨਾਂਵਾਂਗੇ ਤਾਂ ਫਿਰ ਦੇਖੋ ਤੁਹਾਡਾ ਨਵਾਂ ਸਾਲ ਕਿੰਨਾ ਵਧੀਆ ਬੀਤ ਸਕਦਾ, ਤੇ ਨਵਾਂ ਸਾਲ ਸਾਡੀ ਜਿੰਦਗੀ ਦਾ ਸਭ ਤੋਂ ਖੂਬਸੂਰਤ ਸਾਲ ਵੀ ਸਾਬਿਤ ਹੋ ਸਕਦਾ।

ਅਸੀਂ ਸਾਰੇ ਨਵੇਂ ਸਾਲ ਵਾਲੇ ਦਿਨ ਤੋਂ ਇਕ ਨਵੀਂ ਜਿੰਦਗੀ ਦੀ ਸੁਰੂਆਤ ਕਰਨਾ ਚਾਹੁੰਦੇ ਹਨ, ਤਾਂ ਕਿਉਂ ਨਾ ਫਿਰ ਨਵਾਂ ਸਾਲ ਨਵੇਂ ਅੰਦਾਜ ਤੇ ਤਰੀਕਿਆ ਨਾਲ ਮਨਾਇਆ ਜਾਵੇ। ਨਵਾਂ ਸਾਲ ਸਾਨੂੰ ਸਮਾਜ ਦੇ ਅਜਿਹੇ ਲੋਕਾਂ ਨਾਲ ਰਲਕੇ ਮਨਾਉਣਾ ਚਾਹੀਦਾ ਹੈ, ਜੋ ਲੋਕ ਨਵੇਂ ਸਾਲ ਦਾ ਜਸ਼ਨ ਤਾਂ ਮਨਾਉਣਾ ਚਾਹੁੰਦੇ ਹਨ, ਪਰੰਤੂ ਮਜ਼ਬੂਰੀਆਂ ਵੱਸ ਮਨਾ ਨਹੀਂ ਸਕਦੇ। ਇਸ ਤਰਾਂ ਕਰਨ ਨਾਲ ਅਸੀਂ ਪਰਿਵਾਰ ਸਮੇਤ ਖੁਸ਼ੀਆਂ ਹਾਸਲ ਕਰ ਸਕਦੇ ਹਾਂ, ਤੇ ਫਿਰ ਹੋ ਸਕਦਾ ਜਿਹੜੇ ਆਰਥਿਕ ਮਜ਼ਬੂਰੀਆਂ ਵਿਚ ਫਸੇ ਹੋਏ ਲੋਕਾਂ ਨਾਲ ਅਸੀਂ ਨਵੇਂ ਸਾਲ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ, ਉਨਾਂ ਲੋਕਾਂ ਦਾ ਦਿਲ ਵੀ ਉਸ ਅਕਾਲਪੁਰਖ ਅੱਗੇ ਅਰਦਾਸ ਕਰੇ ਕਿ ਸਾਡਾ ਤੇ ਸਾਡੇ ਪਰਿਵਾਰ ਦਾ ਖਿਆਲ ਰੱਖਣ ਵਾਲਿਆਂ ਦਾ ਨਵਾਂ ਸਾਲ ਇਨਾਂ ਨੂੰ ਹਰ ਸਮੇਂ ਖੁਸ਼ੀਆਂ ਨਾਲ ਲਬਰੇਜ ਕਰਦਾ ਰਹੇ। ਜੇਕਰ ਅਸੀਂ ਨਵੇਂ ਸਾਲ ਦੀ ਸੁਰੂਆਤ ਇਸ ਤਰੀਕੇ ਨਾਲ ਕਰਾਂਗੇ ਤਾਂ ਸਾਨੂੰ ਇਹ ਨਵਾਂ ਸਾਲ ਉਸ ਮੰਜਿਲ ਤੇ ਪਹੁੰਚਾ ਸਕਦਾ, ਜਿਸ ਤੇ ਅਸੀਂ ਪਹੁੰਚਣਾ ਚਾਹੁੰਦੇ ਹੋਈਏ। ਅਸੀਂ ਕਈ ਵਾਰ ਆਪਣੇ ਕਾਰ ਵਿਹਾਰ, ਦੁਕਾਨ, ਮਕਾਨ ਦੀ ਸੁਰੂਆਤ ਨਵੇਂ ਸਾਲ ਵਾਲੇ ਦਿਨ ਕਰਨ ਨੂੰ ਸ਼ੁਭ ਮੰਨਦੇ ਹੋਏ ਕਰਦੇ ਹਾਂ। ਇਸ ਦੇ ਨਾਲ ਨਾਲ ਜੇਕਰ ਇਨਸਾਨੀ ਸੋਚ ਵਿਚ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਪੁਰਾਣੇ ਗਲੇ ਸੜੇ ਵਿਚਾਰਾਂ, ਚੁਗਲੀ ਨਿੰਦਿਆ, ਰਿਸ਼ਵਤਖੋਰੀ, ਬਲੈਕਮੇਿਗ, ਧੋਖਾਧੜੀ ਨੂੰ ਜੜੋਂ ਉਖਾੜਨ ਦਾ ਪ੍ਰਣ ਵੀ ਇਮਾਨਦਾਰੀ ਨਾਲ ਸੱਚੇ ਦਿਲੋਂ ਕੀਤਾ ਜਾਵੇ ਤਾਂ ਅਸੀਂ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਆਖਰਲੇ ਦਿਨ ਤੱਕ ਭਾਵੇਂ ਕੁਝ ਔਖਾ ਵਕਤ ਵੀ ਆ ਜਾਵੇ,ਤਾਂ ਉਸ ਔਖੇ ਵਕਤ ਨੂੰ ਵੀ ਖੁਸ਼ੀ ਖੁਸੀ ਸਹਾਰਦੇ ਗੁਜਾਰ ਸਕਦੇ ਹਾਂ।

ਇਸ ਤੋਂ ਇਲਾਵਾ ਨਵੇਂ ਸਾਲ ਦੇ ਸੁਰੂਆਤ ਦਿਨ ਮੌਕੇ ਕੁਝ ਇਸ ਤਰਾਂ ਦਾ ਵੀ ਕੀਤਾ ਜਾਣਾ ਚਾਹੀਦਾ, ਜਿਸ ਤਰਾਂ ਅਸੀਂ ਸਾਰੇ ਸਵੇਰੇ ਸਵੇਰੇ ਆਪਣੇ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਅਰਾਧਨਾ ਕਰਨ ਲਈ ਧਾਰਮਿਕ ਸਥਾਨਾਂ ਤੇ ਨਤਮਸਤਕ ਹੁੰਦੇ ਹਾਂ, ਦੂਸਰੇ ਪਾਸੇ ਜੇਕਰ ਅਸੀਂ ਸਵੇਰ ਵੇਲੇ ਆਪਣੇ ਕੰਮ ਧੰਦੇ ਦੀ ਸੁਰੂਆਤ ਕਰਨ ਤੋਂ ਪਹਿਲਾਂ ਨਵੇਂ ਸਾਲ ਦੇ ਦਿਨ ਇਕ ਪੱਕਾ ਨਿਯਮ ਹੋਰ ਬਣਾ ਲਈੇਏ, ਕਿ ਆਪਣੇ ਬਜੁਰਗ ਮਾਤਾ ਪਿਤਾ ਦਾ ਦਿਲੋਂ ਸਤਿਕਾਰ, ਉਨਾਂ ਦੀ ਸਰੀਰਕ ਤੌਰ ਤੇ ਸਾਂਭ-ਸੰਭਾਲ, ਆਪਣੇ ਤੋਂ ਉਮਰ ਵਿਚ ਵੱਡਿਆਂ ਦਾ ਆਦਰ ਸਤਿਕਾਰ ਕਰਦੇ ਹੋਏ ਮਾਤਾ-ਪਿਤਾ ਸਮਾਨ, ਬਰਾਬਰ ਉਮਰ ਵਾਲਿਆਂ ਨੂੰ ਭੈਣਾਂ ਤੇ ਭਰਾਵਾਂ ਵਾਂਗ ਅਤੇ ਆਪਣੇ ਤੋਂ ਛੋਟੀ ਉਮਰ ਛੋਟੇ ਬੱਚਿਆਂ ਨੂੰ ਬੇਟੇ ਤੇ ਬੇਟੀ ਸਮਾਨ ਮੰਨਕੇ ਸਮਾਜ ਅੰਦਰ ਜਾਗਰੂਤੀ ਲਿਆ ਸਕਦੇ ਹਾਂ। ਆਖਰ ਦੇ ਵਿਚ ਨਵੇਂ ਸਾਲ ਨੂੰ ਹੋਰ ਵੀ ਯਾਦਗਰੀ ਪਲ ਬਣਾਉਣ ਲਈ ਇਸ ਦਿਨ ਤੋਂ ਇਕ ਨਵੀਂ ਸੁਰੂਆਤ ਕਰਕੇ ਸਾਨੂੰ ਦੂਰ ਦਿ੍ਰਸ਼ਟੀ ਵਾਲੀ ਸੋਚ ਨੂੰ ਕਾਇਮ ਰੱਖਦਿਆਂ ਉਸ ਦੁਨੀਆਂ ਦੇ ਮਾਲਕ ਸੁਪਰੀਮ ਪਾਵਰ ਦੇ ਅੱਗੇ ਅਰਦਾਸ ਕਰਦੇ ਹੋਏ ਆਪਣੇ ਘਰ ਪਰਿਵਾਰ, ਆਂਢ ਗੁਆਂਢ, ਨਗਰ ਤੇ ਇਲਾਕਾ ਨਿਵਾਸੀਆਂ ਦੀ ਖੈਰ-ਸੁੱਖ ਮੰਗਣ ਦੀ ਅਰਦਾਸ ਕਰਨ ਦੀ ਆਦਤ ਪੱਕੇ ਤੌਰ ਤੇ ਬਣਾਉਣੀ ਚਾਹੀਦੀ ਹੈ। ਤਾਂ ਜੋ ਅਸੀਂ ਸਾਰੇ ਨਵੇਂ ਸਾਲ ਦਾ ਅਸਲੀ ਆਨੰਦ 12 ਮਹੀਨੇ 30 ਦਿਨ ਬਹੁਤ ਖੂੁਬਸੂਰਤੀ ਨਾਲ ਮਨਾ ਸਕੀਏ।

ਮੇਵਾ ਸਿੰਘ
ਪ੍ਰਤੀਨਿਧ ਜਿਲਾ ਸ੍ਰੀ ਮੁਕਤਸਰ ਸਾਹਿਬ,
ਮੋ: 9872600923

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ