ਪਹਿਲੀ ਵਾਰ ਦੇ ਰਹੇ ਨੇ ਪਟਿਆਲਾ ’ਚ ਵੱਧ ਸਮਾਂ, ਤਿੰਨ ਦਿਨਾਂ ’ਚ ਹੀ ਅੱਧੀ ਦਰਜ਼ਨ ਤੋਂ ਵੱਧ ਚੋਣ ਜਲਸਿਆਂ ਨੂੰ ਕੀਤਾ ਸੰਬੋਧਨ
ਸਨੌਰ ਅਤੇ ਬਨੂੜ ਵਿਖੇ ਵੱਖ-ਵੱਖ ਰੈਲੀਆਂ ਨੂੰ ਕੀਤਾ ਸੰਬੋਧਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਆਪਣੇ ਜੱਦੀ ਜ਼ਿਲ੍ਹੇ ਅੰਦਰ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਡਟਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਅਮਰਿੰਦਰ ਸਿੰਘ ਵੱਲੋਂ ਆਪਣੀ ਸੀਟ ’ਤੇ ਵੀ ਪੂਰਾ ਜੋਰ ਲਗਾਇਆ ਜਾ ਰਿਹਾ ਹੈ। ਉਂਜ ਪਹਿਲੀ ਵਾਰ ਅਮਰਿੰਦਰ ਸਿੰਘ ਆਪਣੇ ਜ਼ਿਲ੍ਹੇ ਵਿੱਚ ਕਾਫ਼ੀ ਸਮਾਂ ਦੇ ਰਹੇ ਹਨ ਜਦਕਿ ਪਿਛਲੇ ਸਮੇਂ ਦੌਰਾਨ ਉਹ ਇੱਕ ਅੱਧਾ ਦਿਨ ਲਈ ਰੈਲੀਆਂ ’ਚ ਪ੍ਰਚਾਰ ਲਈ ਪੁੱਜਦੇ ਸਨ।
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਪਿਛਲੇ ਦੋ ਦਿਨਾਂ ’ਚ ਹੀ ਅੱਧੀ ਦਰਜ਼ਨ ਦੇ ਕਰੀਬ ਮੀਟਿੰਗਾਂ ਅਤੇ ਰੈਲੀਆਂ ਨੂੰ ਸੰਬੋਧਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਵੱਲੋਂ ਆਪਣੀ ਪਾਰਟੀ ਦੇ ਹਲਕਾ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਸੰਜੀਵ ਬਿੱਟੂ ਦੇ ਹੱਕ ਵਿੱਚ ਵੀ ਰੈਲੀ ਕੀਤੀ ਜਾ ਚੁੱਕੀ ਹੈ ਜਦਕਿ ਅੱਜ ਸਨੌਰ ਵਿਖੇ ਆਪਣੀ ਪਾਰਟੀ ਦੇ ਉਮੀਦਵਾਰ ਬਿਕਰਮਇੰਦਰ ਚਹਿਲ ਦੇ ਹੱਕ ਵਿੱਚ ਰੈਲੀ ਕੀਤੀ ਗਈ। ਇਸ ਤੋਂ ਇਲਾਵਾ ਬਨੂੜ ਵਿਖੇ ਵੀ ਅੱਜ ਅਮਰਿੰਦਰ ਸਿੰਘ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ।
ਬੀਤੇ ਦਿਨੀਂ ਉਨ੍ਹਾਂ ਵੱਲੋਂ ਪਟਿਆਲਾ ਸ਼ਹਿਰ ਅੰਦਰ ਰਾਘੋਮਾਜਰਾ ਵਿਖੇ ਰਾਮ ਲੀਲਾ ਮੈਦਾਨ, ਜੋੜੀਆਂ ਭੱਠੀਆਂ ਚੌਂਕ ਅਤੇ ਸ਼ਹੀਦ ਭਗਤ ਸਿੰਘ ਬੁੱਤ ਚੌਂਕ ਮਾਈ ਸਰਾਂ ਵਿਖੇ ਚੋਣ ਜਲਸੇ ਨੂੰ ਸੰਬੋਧਨ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਅੱਜ ਪਟਿਆਲਾ ਦੀ ਬਾਰ ਐਸੋਸੀਏਸ਼ਨ ਵਿਖੇ ਵਕੀਲਾਂ ਨਾਲ ਆਪਣਾ ਸੰਵਾਦ ਰਚਾਇਆ। ਅਮਰਿੰਦਰ ਸਿੰਘ ਵੱਲੋਂ ਆਪਣੀ ਸੀਟ ’ਤੇ ਕੋਈ ਕਸਰ ਨਹੀਂ ਛੱਡੀ ਜਾ ਰਹੀ, ਜਿਸ ਕਾਰਨ ਉਹ ਪਹਿਲੀ ਵਾਰ ਆਪਣੇ ਪ੍ਰਚਾਰ ਲਈ ਐਨਾ ਸਮਾਂ ਲਗਾ ਰਹੇ ਹਨ। ਅਮਰਿੰਦਰ ਸਿੰਘ ਨੂੰ ਵੀ ਪਤਾ ਹੈ ਕਿ ਉਹ ਇਸ ਕਾਂਗਰਸ ਦੀ ਥਾਂ ਆਪਣੀ ਪਾਰਟੀ ਤੋਂ ਚੋਣ ਲੜ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਮਿਹਨਤ ਕਰਨੀ ਪੈ ਰਹੀ ਹੈ।
ਅਮਰਿੰਦਰ ਸਿੰਘ (Amarinder Singh) ਦੀ ਸ਼ਹਿਰ ’ਚ ਹਾਜਰੀ ਕਾਰਨ ਵਿਰੋਧੀ ਉਮੀਦਵਾਰਾਂ ਨੂੰ ਵੀ ਆਪਣਾ ਹੋਰ ਜੋਰ ਲਗਾਉਣਾ ਪਵੇਗਾ। ਪਟਿਆਲਾ ਜ਼ਿਲ੍ਹੇ ਅੰਦਰ ਅਮਰਿੰਦਰ ਸਿੰਘ ਦੇ ਜਿਆਦਾ ਵਿਚਰਨ ਕਾਰਨ ਕਾਂਗਰਸ ਦੀ ਵੋਟ ਬੈਂਕ ਨੂੰ ਖੋਰਾ ਲੱਗਣਾ ਸੁਭਾਵਿਕ ਹੈ। ਅਮਰਿੰਦਰ ਸਿੰਘ ਵੱਲੋਂ ਆਪਣੇ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਆਖਿਆ ਜਾ ਰਿਹਾ ਹੈ ਕਿ ਜੇਕਰ ਪੰਜਾਬ ਦੇ ਕਰਜ਼ੇ ਸਮੇਤ ਪੰਜਾਬ ਨੂੰ ਮੁੜ ਤੋਂ ਖੜ੍ਹਾ ਕਰਨਾ ਹੈ ਤਾਂ ਕੇਂਦਰ ਦਾ ਸਾਥ ਬੇਹੱਦ ਜ਼ਰੂਰੀ ਹੈ। ਉਹ ਤਾਂ ਮੁੱਖ ਮੰਤਰੀ ਚੰਨੀ ’ਤੇ ਨਿਸ਼ਾਨੇ ਲਗਾ ਰਹੇ ਹਨ ਕਿ 111 ਦਿਨਾਂ ਵਿੱਚ ਹੀ ਪੰਜਾਬ ਨੂੰ 33 ਹਜਾਰ ਕਰੋੜ ਕਰਜ਼ੇ ਵਿੱਚ ਡੁਬੋ ਦਿੱਤਾ ਗਿਆ ਹੈ। ਇੱਧਰ ਅਮਰਿੰਦਰ ਸਿੰਘ ਦੇ ਵਿਰੋਧੀ ਉਮੀਦਵਾਰ ਅਕਾਲੀ ਦਲ ਦੇ ਹਰਪਾਲ ਜੁਨੇਜਾ ਦਾ ਕਹਿਣਾ ਹੈ ਕਿ ਇਸ ਵਾਰ ਅਮਰਿੰਦਰ ਸਿੰਘ ਨੂੰ ਆਪਣੀ ਹਾਰ ਦਾ ਡਰ ਸਤਾ ਰਿਹਾ ਹੈ ਕਿ ਜਿਸ ਕਾਰਨ ਹੀ ਉਹ ਐਨੀਆਂ ਚੋਣ ਮੀਟਿੰਗਾਂ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ