ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਖੇ ਪਾਈ ਆਪਣੀ ਵੋਟ , ਜਿੱਤ ਦਾ ਕੀਤਾ ਦਾਅਵਾ

Amrinder, Capt. Amarinder Singh

ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਪਟਿਆਲਾ ਵਿਖੇ ਪਾਈ ਆਪਣੀ ਵੋਟ , ਜਿੱਤ ਦਾ ਕੀਤਾ ਦਾਅਵਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਸਰਕਾਰੀ ਕਾਲਜ ਲੜਕੀਆਂ ਚ ਆਪਣੀ ਵੋਟ ਪਾਈ। ਇਸ ਮੌਕੇ ਉਹਨਾਂ ਨਾਲ ਸੰਸਦ ਮੈਬਰ ਪ੍ਰਨੀਤ ਕੌਰ ਅਤੇ ਉਹਨਾਂ ਦੀ ਬੇਟੀ ਬੀਬਾ ਜੈ ਇੰਦਰ ਕੌਰ ਵੀ ਸਨ । ਕੈਪਟਨ ਨੇ ਵਿਸ਼ਵਾਸ਼ ਜਤਾਇਆ ਕਿ ਉਹ ਵੱਡੇ ਫਰਕ ਨਾਲ ਚੌਣ ਜਿੱਤਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਵੇਰ ਤੋਂ ਹੀ ਉਨ੍ਹਾਂ ਦੇ ਗਠਬੰਧਨ ਲਈ ਪਾਜ਼ੀਟਿਵ ਰੁਝਾਨ ਸਾਹਮਣੇ ਆ ਰਹੇ ਹਨ। ਉਨ੍ਹਾਂ ਕਾਂਗਰਸ ਤੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਦੇ ਪੋਲਿੰਗ ਬੂਥ ਸਮੇਂ ਤੋਂ ਪਹਿਲਾਂ ਹੀ ਵਿਹਲੇ ਹੋ ਰਹੇ ਹਨ। ਅਮਰਿੰਦਰ ਸਿੰਘ ਨੇ ਮੁੜ ਦਾਅਵਾ ਕੀਤਾ ਕਿ ਪੰਜਾਬ ਵਿੱਚ ਪੰਜਾਬ ਲੋਕ ਕਾਂਗਰਸ ਭਾਜਪਾ ਅਤੇ ਸੰਯੁਕਤ ਅਕਾਲੀ ਦਲ ਗੱਠਜੋੜ ਦੀ ਸਰਕਾਰ ਬਣਨੀ ਜ਼ਰੂਰੀ ਹੈ ਤਾਂ ਜੋ ਪੰਜਾਬ ਨੂੰ ਮੁੜ ਖ਼ੁਸ਼ਹਾਲ ਬਣਾਇਆ ਜਾ ਸਕੇ ।

117 ਸੀਟਾਂ, 1304 ਉਮੀਦਵਾਰ ਮੈਦਾਨ ’ਚ

ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ’ਤੇ ਵੋਟਾਂ ਪੈਣਗੀਆਂ। ਪੰਜਾਬ ਵਿੱਚ 93 ਔਰਤਾਂ ਸਮੇਤ ਕੁੱਲ 1304 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਈ.ਵੀ.ਐਮ. ਮਸ਼ੀਨ ’ਚ ਬੰਦ ਹੋਵੇਗਾ। ਇਸ ਚੋਣ ਵਿੱਚ ਵੱਖ-ਵੱਖ ਕੌਮੀ ਪਾਰਟੀਆਂ ਦੇ 231 ਉਮੀਦਵਾਰ, ਸੂਬਾਈ ਪਾਰਟੀਆਂ ਦੇ 250, ਗੈਰ ਮਾਨਤਾ ਪ੍ਰਾਪਤ ਪਾਰਟੀਆਂ ਦੇ 362 ਅਤੇ ਆਜ਼ਾਦ ਉਮੀਦਵਾਰ 462 ਹਨ। ਇਨ੍ਹਾਂ ਵਿੱਚੋਂ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਹਨ। ਸੂਬੇ ’ਚ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ-ਬਸਪਾ ਗਠਜੋੜ, ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਦੇ ਸਾਂਝੇ ਮੋਰਚੇ ਤੋਂ ਇਲਾਵਾ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਚੋਣ ਲੜ ਰਹੀ ਹਨ।

24,740 ਪੋਲਿੰਗ ਸਟੇਸ਼ਨਾਂ ‘ਤੇ ਵੋਟਿੰਗ

ਸੂਬੇ ਵਿੱਚ 14,684 ਥਾਵਾਂ ‘ਤੇ 24,740 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 1,051 ਥਾਵਾਂ ’ਤੇ 2,013 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਚੋਣਾਂ ਵਿੱਚ ਸੂਬੇ ਦੇ ਕੁੱਲ 2,14,99,804 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ। ਇਨ੍ਹਾਂ ਵਿੱਚੋਂ 1,12,98,081 ਪੁਰਸ਼, 1,02,00,996 ਔਰਤਾਂ ਅਤੇ 727 ਟਰਾਂਸਜੈਂਡਰ ਹਨ। ਚੋਣਾਂ ਵਿੱਚ ਪਹਿਲੀ ਵਾਰ 348836 ਵੋਟਰ ਵੋਟ ਪਾਉਣਗੇ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

ਧਾਂਦਲੀ ਦੀ ਸ਼ਿਕਾਇਤ 1950 ‘ਤੇ ਕਰੋ

ਕਮਿਸ਼ਨ ਨੇ ਵੋਟਰਾਂ ਨੂੰ ਸੁਚੇਤ ਕੀਤਾ ਹੈ ਕਿ ਜੇਕਰ ਉਨ੍ਹਾਂ ਕੋਲ ਕੋਈ ਪੈਸਾ, ਸ਼ਰਾਬ, ਨਸ਼ੀਲੇ ਪਦਾਰਥ ਜਾਂ ਕਿਸੇ ਕਿਸਮ ਦਾ ਕੋਈ ਲਾਲਚ ਜਾਂ ਧਮਕੀ ਦਿੰਦਾਹੈ, ਤਾਂ ਉਹ ਇਸ ਦੀ ਸ਼ਿਕਾਇਤ ਸੀ-ਵਿਜੀਲ ਐਪ ਜਾਂ ਵੋਟਰ ਹੈਲਪਲਾਈਨ 1950 ‘ਤੇ ਕਰਨ।

ਵੈਕਸੀਨ ਸਰਟੀਫਿਕੇਟ ਦੀ ਲੋੜ ਨਹੀਂ ਹੈ

ਸੂਬੇ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ ਕਰੁਣਾ ਰਾਜੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੋਟਿੰਗ ਲਈ ਵੈਕਸੀਨ ਸਰਟੀਫਿਕੇਟ ਦਿਖਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਵੋਟਰ ਕੋਲ ਆਪਣਾ ਵੋਟਰ ਕਾਰਡ ਅਤੇ ਵੋਟਰ ਸੂਚੀ ਵਿੱਚ ਆਪਣਾ ਨਾਮ ਹੋਣਾ ਚਾਹੀਦਾ ਹੈ ਤਾਂ ਹੀ ਉਹ ਆਪਣੀ ਵੋਟ ਪਾ ਸਕਦਾ ਹੈ। ਉਨ੍ਹਾਂ ਨੇ ਵੈਕਸੀਨ ਸਰਟੀਫਿਕੇਟ ਨੂੰ ਅਫਵਾਹ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥ ਵਿੱਚ ਕਿਤੇ ਵੀ ਉਨ੍ਹਾਂ ਨੂੰ ਇਸ ਬਾਰੇ ਨਹੀਂ ਪੁੱਛਿਆ ਜਾਵੇਗਾ।

ਵੋਟਰ ਸ਼ਨਾਖਤੀ ਕਾਰਡ ਨਾ ਹੋਣ ’ਤੇ ਇਨਾਂ ਦਸਤਾਵੇਜ਼ਾਂ ਦੀ ਕਰੋ ਵਰਤੋਂ

ਵੋਟਾਂ ’ਚ ਜੇਕਰ ਕਿਸੇ ਵੋਟਰ ਕੋਲ ਵੋਟ ਪਾਉਣ ਸਮੇਂ ਆਪਣਾ ਐਪਿਕ ਵੋਟਰ ਸ਼ਨਾਖਤੀ ਕਾਰਡ ਨਹੀਂ ਹੈ ਤਾਂ ਉਹ ਵੋਟਰ ਹੋਰ ਦਸਤਾਵੇਜ਼ ਜਿਵੇਂ ਕਿ ਪਾਸਪੋਰਟ, ਪੈਨਸ਼ਨ ਕਾਰਡ, ਯੂ.ਡੀ.ਆਈ.ਡੀ, ਪਾਸਬੁਕ, ਮਗਨਰੇਗਾ ਕਾਰਡ, ਡਰਾਈਵਿੰਗ ਲਾਇਸੈਂਸ, ਸਰਵਿਸ ਆਈ ਕਾਰਡ, ਆਫੀਸ਼ੀਅਲ ਆਈ.ਡੀ ਕਾਰਡ, ਆਧਾਰ ਕਾਰਡ, ਪੈਨ ਕਾਰਡ, ਹੈਲਥ ਇਨਸ਼ੋਰੈਂਸ ਕਾਰਡ ਤੇ ਸਮਾਰਟ ਕਾਰਡ ਸਬੰਧਤ ਅਮਲੇ ਨੂੰ ਦਿਖਾ ਕੇ ਆਪਣੀ ਵੋਟ ਪਾ ਸਕਦੇ ਹਨ।

2017 ’ਚ ਕਾਂਗਰਸ ਨੇ ਬਣਾਈ ਸੀ ਸਰਕਾਰ

2017 ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਸਭ ਤੋਂ ਵੱਧ ਸੀਟਾਂ ’ਤੇ ਕਬਜ਼ਾ ਕਰਕੇ ਸੱਤਾ ’ਚ ਆਈ ਸੀ। ਕਾਂਗਰਸ ਨੇ 2017 ’ਚ 77 ਸੀਟਾਂ ਹਾਸਲ ਕੀਤੀਆਂ ਸਨ।

ਕਾਂਗਰਸ :                     77
ਆਮ ਆਦਮੀ ਪਾਰਟੀ :        20
ਭਾਜਪਾ :                       3
ਸ਼੍ਰੋਮਣੀ ਅਕਾਲੀ ਦਲ :          15
ਹੋਰ :                           2

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ