ਕੈਪਟਨ ਅਮਰਿੰਦਰ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਨਿੰਦਾ

amrinder singh

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਕਤਲ ਦੀ ਨਿਖੇਧੀ ਕੀਤੀ ਹੈ। ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਹੈ।

ਕੈਪਟਨ ਅਮਰਿੰਦਰ ਨੇ ਨੌਜਵਾਨ ਗਾਇਕ ਦੇ ਬੇਰਹਿਮੀ ਨਾਲ ਕਤਲ ਲਈ ਪੰਜਾਬ ਵਿੱਚ ਲਗਾਤਾਰ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ, ”ਇਹ ਸਰਕਾਰ ਕਾਨੂੰਨ ਵਿਵਸਥਾ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਮੈਂ ਸ਼ੁਰੂ ਤੋਂ ਹੀ ਇਹ ਗੱਲ ਆਖਦਾ ਆ ਰਿਹਾ ਹਾਂ।”

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹੈ ਕਿ ਇੱਥੇ ਹੋ ਕਿ ਰਿਹਾ ਹੈ। “ਮੂਸੇਵਾਲਾ ਦਾ ਕਤਲ ਪਿਛਲੇ ਦੋ ਮਹੀਨਿਆਂ ਦਰਮਿਆਨ ਪਹਿਲਾ ਨਹੀਂ ਸੀ ਅਤੇ ਮੈਨੂੰ ਡਰ ਹੈ ਕਿ ਇਹ ਆਖਰੀ ਵੀ ਨਹੀਂ ਹੋਵੇਗਾ”, ਉਨ੍ਹਾਂ ਨੇ ਅੱਗੇ ਕਿਹਾ ਕਿ, ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਹੈ ਕਿਉਂਕਿ ਸਰਕਾਰ ਦੀ ਹੋਂਦ ਖਤਮ ਹੋ ਗਈ ਹੈ ਅਤੇ ਪੂਰੀ ਤਰ੍ਹਾਂ ਅਰਾਜਕਤਾ ਫੈਲ ਚੁੱਕੀ ਹੈ।

ਉਨ੍ਹਾਂ ਨੇ ਪੰਜਾਬ ਸਰਕਾਰ ਦੇ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੇ ਆਪਣੇ ਖ਼ਤਰੇ ਦੀ ਧਾਰਨਾ ਦਾ ਮੁਲਾਂਕਣ ਕੀਤੇ ਬਿਨਾਂ ਲਏ ਜਾਣ ਦੇ ਨਾਸਮਝ ਫੈਸਲੇ ਦੀ ਆਲੋਚਨਾ ਕੀਤੀ। ਇਸ ਗੱਲ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਕਿ ਉਸ ਦੀ ਸੁਰੱਖਿਆ ਕਿਉਂ ਵਾਪਸ ਲਈ ਗਈ। “ਆਖ਼ਰਕਾਰ ਉਹ ਕੋਈ ਰੁਟੀਨ ਆਗੂ ਜਾਂ ਪਾਰਟੀ ਉਮੀਦਵਾਰ ਨਹੀਂ ਸੀ, ਸਗੋਂ ਇੱਕ ਵਿਸ਼ਵ ਪ੍ਰਸਿੱਧ ਗਾਇਕ ਸੀ ਜਿਸ ਦੀ ਜ਼ਿੰਦਗੀ ਨੂੰ ਲਗਾਤਾਰ ਖ਼ਤਰਾ ਸੀ”, ਉਨ੍ਹਾਂ ਨੇ ਸਰਕਾਰ ਨੂੰ ਇੱਕ ਕੀਮਤੀ ਜੀਵਨ ਦੇ ਨੁਕਸਾਨ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਕਿਹਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ