ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਨੂੰ ਲੱਭਣਾ ਪਵੇਗਾ ਨਵਾਂ ਚਿਹਰਾ | Congress Party
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਚੋਣਾਂ ’ਚ ਟਿਕਟਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ’ਚ ਮੱਥਾ ਪੋਚੀ ਦਾ ਮਹੌਲ ਹੈ। ਕਾਂਗਰਸ ਪਾਰਟੀ ਨੂੰ ਲੋਕ ਸਭਾ ਹਲਕਾ ਪਟਿਆਲਾ ਤੋਂ ਆਪਣਾ ਨਵਾਂ ਚਿਹਰਾ ਚੋਣ ਮੈਦਾਨ ’ਚ ਲਿਆਉਣਾ ਪਵੇਗਾ। ਇੱਧਰ ਜ਼ਿਲ੍ਹਾ ਪਟਿਆਲਾ ਦੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਆਖਿਆ ਗਿਆ ਕਿ ਪਾਰਟੀ ਕਾਂਗਰਸ ਪਾਰਟੀ ਦੇ ਟਕਸਾਲੀ ਤੇ ਸੀਨੀਅਰ ਆਗੁੂਆਂ ’ਚੋਂ ਲੋਕ ਸਭਾ ਦੀ ਟਿਕਟ ਦੇ ਕੇ ਆਪਣਾ ਉਮੀਦਵਾਰ ਬਣਾਏ। ਕਾਂਗਰਸ ਤੋਂ ਬਾਹਰਲੇ ਕਿਸੇ ਵੀ ਉਮੀਦਵਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। (Congress Party)
ਕਾਂਗਰਸ ਦੀ ਟਿਕਟ ਲਈ ਕਈ ਸੀਨੀਅਰ ਕਾਂਗਰਸੀ ਆਗੂ ਦਾਅਵੇਦਾਰ | Congress Party
ਦੱਸਣਯੋਗ ਹੈ ਕਿ ਲੋਕ ਸਭਾ ਹਲਕਾ ਪਟਿਆਲਾ ਤੋਂ ਸਿਰਫ਼ ਆਮ ਆਦਮੀ ਪਾਰਟੀ ਵੱਲੋਂ ਹੀ ਡਾ. ਬਲਬੀਰ ਸਿੰਘ ਨੂੰ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਪਟਿਆਲਾ ਅੰਦਰ ਕਾਂਗਰਸ ਪਾਰਟੀ ਵੱਲੋਂ ਆਪਣੇ ਕਿਸ ਆਗੂ ਨੂੰ ਚੋਣ ਮੈਦਾਨ ’ਚ ਉਤਾਰਿਆ ਜਾਵੇਗਾ, ਇਸ ’ਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਕਾਂਗਰਸ ਪਾਰਟੀ ਵੱਲੋਂ ਹਲਕਾ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੀ ਦਾਅਵੇਦਾਰ ਹਨ।
ਇਸ ਦੇ ਨਾਲ ਹੀ ਸਾਬਕਾ ਮੰਤਰੀ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਲਾਲ ਸਿੰਘ ਵੀ ਟਿਕਟ ਦੀ ਲਾਲਸਾ ਰੱਖ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦਾ ਨਾਂਅ ਵੀ ਚੱਲ ਰਿਹਾ ਹੈ, ਪਰ ਉਹ ਸੰਗਰੂਰ ਤੋਂ ਤਕੜੇ ਦਾਅਵੇਦਾਰ ਹਨ। ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਕਾਂਗਰਸ ਆਪਣਾ ਉਮੀਦਵਾਰ ਬਣਾ ਸਕਦੀ ਹੈ, ਜਦਕਿ ਉਹ ਕਾਂਗਰਸ ਵਿੱਚ ਅਜੇ ਸ਼ਾਮਲ ਹੀ ਨਹੀਂ ਹੋਏ। ਜ਼ਿਲ੍ਹੇ ਦੇ ਕਾਂਗਰਸੀ ਆਗੂਆਂ ਵੱਲੋਂ ਹਾਈਕਮਾਂਡ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਹੈ ਕਿ ਪਾਰਟੀ ਤੋਂ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Also Read : ਹਰਿਆਣਾ ’ਚ ਹੋ ਰਹੀ ਸੀ ਅਫ਼ੀਮ ਦੀ ਖੇਤੀ, ਮੁਲਜ਼ਮ ਕਾਬੂ
ਹਾਈਕਮਾਂਡ ਪਾਰਟੀ ਵਿਚਲੇ ਆਗੂਆਂ ਨੂੰ ਹੀ ਟਿਕਟ ਦੇਵੇ ਜੋ ਕਿ ਪਾਰਟੀ ਲਈ ਮੁਸ਼ਕਿਲ ਭਰੇ ਸਮੇਂ ਵਿੱਚ ਡਟੇ ਹੋਏ ਹਨ ਤੇ ਪਾਰਟੀ ਲਈ ਲਗਾਤਾਰ ਮਿਹਨਤ ਕਰ ਰਹੇ ਹਨ। ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਭੇ ਕਰਨ ਤੋਂ ਬਾਅਦ ਉਨਾਂ ਨੇ ਕਾਂਗਰਸ ਪਾਰਟੀ ਤੋਂ ਕਿਨਾਰਾ ਕਰ ਲਿਆ ਸੀ ਤੇ ਪਿਛਲੇ ਦਿਨੀ ਉਨ੍ਹਾਂ ਦੀ ਪਤਨੀ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੀ ਭਾਜਪਾ ’ਚ ਸ਼ਾਮਲ ਹੋ ਗਏ ਸਨ। ਕੈਪਟਨ ਦੇ ਕਾਂਗਰਸ ਨੂੰ ਛੱਡਣ ਤੋਂ ਬਾਅਦ ਜ਼ਿਲ੍ਹਾ ਪਟਿਆਲਾ ਅੰਦਰ ਕਾਂਗਰਸ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ। ਪਟਿਆਲਾ ਤੋਂ ਇਸ ਵਾਰ ਪਰਨੀਤ ਕੌਰ ਭਾਜਪਾ ਦੀ ਤਰਫ਼ ਤੋਂ ਲੋਕ ਸਭਾ ਉਮੀਦਵਾਰ ਹੋਣਗੇ ਜਦਕਿ ਕਾਂਗਰਸ ਪਾਰਟੀ ਵੱਲੋਂ ਮੋਤੀ ਮਹਿਲ ਨੂੰ ਟੱਕਰ ਦੇਣ ਲਈ ਕਾਂਗਰਸ ਦੇ ਨਵੇਂ ਚਿਹਰੇ ’ਤੇ ਦਾਅ ਖੇਡਣਾ ਪਵੇਗਾ।
ਪਾਰਟੀ ਨੇ ਭਰੋਸਾ ਜਿਤਾਇਆ, ਤਾਂ ਖਰਾ ਉਤਰਾਂਗਾ: ਹਰਦਿਆਲ ਕੰਬੋਜ਼
ਇੱਧਰ ਜਦੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਜੇਕਰ ਪਾਰਟੀ ਉਨ੍ਹਾਂ ਉੱਪਰ ਭਰੋਸਾ ਜਿਤਾਉਂਦੀ ਹੈ ਤਾਂ ਉਹ ਇਸ ’ਤੇ ਖਰ੍ਹੇ ਉਤਰਨਗੇ। ਕੰਬੋਜ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਅੰਦਰ ਕਾਂਗਰਸ ਪੂਰੀ ਤਰ੍ਹਾਂ ਮਜ਼ਬੂਤ ਹੈ, ਕਾਂਗਰਸ ਦੇ ਆਗੂ ਤੇ ਵਰਕਰ ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ਲਈ ਦਿਨ ਰਾਤ ਇੱਕ ਕਰਨਗੇ।