ਬੀਐਸਐਫ ਵੱਲੋਂ ਸਰਹੱਦ ਤੋਂ 7 ਕਿਲੋ ਹੈਰੋਇਨ ਅਤੇ ਡਰੋਨ ਬਰਾਮਦ

Heroin

(ਰਾਜਨ ਮਾਨ) ਅੰਮ੍ਰਿਤਸਰ। ਭਾਰਤ-ਪਾਕਿਸਤਾਨ ਸਰਹੱਦ ’ਤੋਂ ਬੀਐਸਐਫ ਅਤੇ ਪੁਲਿਸ ਵੱਲੋਂ ਪਾਕਿਸਤਾਨ ਤੋਂ ਆਈ 35 ਕਰੋੜ ਰੁਪਏ ਦੀ ਕੀਮਤ ਦੀ 7 ਕਿਲੋ ਹੈਰੋਇਨ (Heroin ) ਅਤੇ ਇਕ ਡਰੋਨ ਬਰਾਮਦ ਕੀਤਾ ਗਿਆ ਹੈ। ਬੀਐਸਐਫ ਅਤੇ ਪੁਲਿਸ ਵੱਲੋਂ ਦੋ ਵੱਖ-ਵੱਖ ਥਾਵਾਂ ਤੋਂ ਹੈਰੋਇਨ ਤੇ ਡਰੋਨ ਬਰਾਮਦ ਕੀਤਾ ਗਿਆ ਹੈ।

ਇਲਾਕੇ ਵਿੱਚ ਚਲਾਈ ਤਲਾਸ਼ੀ ਮੁਹਿੰਮ

ਬੀਐਸਐਫ ਦੀ 144ਵੀਂ ਬਟਾਲੀਅਨ ਦੇ ਜਵਾਨਾਂ ਵੱਲੋਂ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਂਕੀ ਦਾਉਕੇ ਨੇੜਿਓਂ ਅੱਜ 5 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਸਫ਼ਲਤਾ ਹਾਸਿਲ ਕੀਤੀ ਤੇ ਪਾਕਿਸਤਾਨੀ ਤਸਕਰਾਂ ਦੇ ਮਨਸੂਬਿਆਂ ਨੂੰ ਅਸਫ਼ਲ ਕੀਤਾ। ਮਿਲੀ ਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਜਵਾਨਾਂ ਵੱਲੋਂ ਅੱਜ ਕੰਡਿਆਲੀ ਤਾਰ ਨਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ ਤਾਂ ਕਣਕ ਦੇ ਇੱਕ ਖੇਤ ਵਿੱਚੋਂ ਇੱਕ ਪੀਲੇ ਰੰਗ ਦਾ ਬੈੱਗ ਮਿਿਲਆ ਜਿਸ ਦੀ ਜਾਂਚ ਕਰਨ ਉਪਰੰਤ ਉਸ ਵਿੱਚੋਂ ਪੰਜ ਪੈਕਟ ਮਿਲੇ ਜਿਨ੍ਹਾਂ ਉਪਰ ਪੀਲੀ ਟੇਪ ਲਪੇਟੀ ਹੋਈ ਸੀ।

ਇਨ੍ਹਾਂ ਪੈਕਟਾਂ ਦੀ ਜਾਂਚ ਕਰਨ ਉਪਰੰਤ ਪੰਜ ਕਿਲੋਗ੍ਰਾਮ ਹੈਰੋਇਨ (Heroin ) ਬਰਾਮਦ ਹੋਈ। ਸੀਮਾ ਸੁਰੱਖਿਆ ਬਲ ਵੱਲੋਂ ਹੈਰੋਇਨ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਹੈਰੋਇਨ ਦੀ ਖੇਪ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਹੈ ਜੋ ਜਵਾਨਾਂ ਵੱਲੋਂ ਗਸ਼ਤ ਦੌਰਾਨ ਬਰਾਮਦ ਕੀਤੀ ਹੈ।

ਇਸੇ ਤਰ੍ਹਾਂ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਸਰਹੱਦੀ ਪਿੰਡ ਬੱਚੀਵਿੰਡ ਵਿਖੇ ਪੁਲਿਸ ਪਾਰਟੀ ਨੇ ਮਿਲੀ ਸੂਚਨਾ ਤਹਿਤ ਕਣਕ ਦੇ ਖੇਤ ਵਿੱਚ ਡਿੱਗਾ ਇੱਕ ਪਾਕਿਸਤਾਨੀ ਡਰੋਨ ਤੇ ਦੋ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਅਟਾਰੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿਸਾਨ ਸੰਤੋਖ ਸਿੰਘ ਵਾਸੀ ਪਿੰਡ ਬੱਚੀਵਿੰਡ ਆਪਣੇ ਖੇਤਾਂ ਵਿੱਚ ਕਣਕ ਵੱਢ ਰਿਹਾ ਸੀ ਤਾਂ ਉਸਦਾ ਧਿਆਨ ਡਰੋਨ ’ਤੇ ਪਿਆ ਤਾਂ ਉਸਨੇ ਤੁਰੰਤ ਪੁਲਿਸ ਥਾਣਾ ਲੋਪੋਕੇ ਨੂੰ ਸੂਚਨਾ ਦਿੱਤੀ ਕਿ ਕਣਕ ਦੀ ਕਟਾਈ ਦੌਰਾਨ ਉਸਦੇ ਖੇਤ ਵਿੱਚ ਡਰੋਨ ਤੇ ਹੈਰੋਇਨ ਮਿਲੀ ਹੈ।

ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਕੀਤੀ ਕਾਰਵਾਈ (Heroin )

ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਪਹੁੰਚ ਕੇ ਥਾਣਾ ਲੋਪੋਕੇ ਦੇ ਮੁਖੀ ਕਰਮਪਾਲ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਸੰਤੋਖ ਸਿੰਘ ਦੇ ਖੇਤ ਵਿੱਚ ਡਿੱਗਾ ਡਰੋਨ ਤੇ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਅਤੇ ਸੀਮਾ ਸੁਰੱਖਿਆ ਬਲ ਨੂੰ ਸੂਚਨਾ ਦਿੱਤੀ ਗਈ। ਡੀਐਸਪੀ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਵੀ ਕੋਈ ਅਜਿਹੀ ਵਸਤੂ ਮਿਲਦੀ ਹੈ ਤਾਂ ਉਸ ਸਬੰਧੀ ਤੁਰੰਤ ਬੀਐਸਐਫ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤੇ ਲੋਕ ਵੱਧ ਤੋਂ ਵੱਧ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਜੇਕਰ ਲੋਕ ਇਸ ਤਰ੍ਹਾਂ ਨਾਲ ਸਾਥ ਦਿੰਦੇ ਰਹਿਣ ਤਾਂ ਪਾਕਿਸਤਾਨ ਕਦੇ ਵੀ ਆਪਣੇ ਮਨਸੂਬਿਆਂ ਵਿੱਚ ਸਫ਼ਲ ਨਹੀਂ ਹੋ ਸਕੇਗਾ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਵੀ ਹਾਜ਼ਰ ਸਨ। ਪੁਲਿਸ ਥਾਣਾ ਲੋਪੋਕੇ ਵਿਖੇ ਇਸ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ