ਗੋਇੰਦਵਾਲ ਸਾਹਿਬ ਜੇਲ੍ਹ ਨੂੰ ਲੈ ਕੇ ਵੱਡੀ ਕਾਰਵਾਈ, 7 ਜੇਲ੍ਹ ਅਧਿਕਾਰੀ ਮੁਅੱਤਲ, 5 ਨੂੰ ਕੀਤਾ ਗ੍ਰਿਫ਼ਤਾਰ

I.G. Headquarters Sukhchain Singh Gill

 ਬੀਤੇ ਦਿਨੀਂ ਹੋਈ ਗੈਂਗਵਾਰ ’ਚ ਦੋਸ਼ੀ ਮੰਨਦੇ ਹੋਏ ਦਰਜ਼ ਕੀਤੀ ਗਈ ਐਫਆਈਆਰ

  • ਜੇਲ੍ਹ ਵਿੱਚੋਂ ਐਤਵਾਰ ਨੂੰ ਵਾਇਰਲ ਹੋਈ ਸੀ ਵੀਡੀਓ, ਗੈਂਗਸਟਰਾਂ ਦੀ ਵੀਡੀਓ ’ਚ ਦਿਖਾਈ ਦਿੱਤੇ 2 ਪੁਲਿਸ ਅਧਿਕਾਰੀ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਗੋਇੰਦਵਾਲ ਸਾਹਿਬ ਜੇਲ੍ਹ (Goindwal Sahib Jail) ਵਿੱਚ ਹੋਈ ਗੈਂਗਵਾਰ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਇਸ ਜੇਲ੍ਹ ਦੇ 7 ਅਧਿਕਾਰੀਆਂ ਨੂੰ ਮੁਅੱਤਲ ਕਰਦੇ ਹੋਏ 5 ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨਾਂ 7 ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਜਿਸ ਵਿੱਚ ਇਨਾਂ ਨੂੰ ਇਸ ਗੈਂਗਵਾਰ ਦਾ ਦੋਸ਼ੀ ਤੱਕ ਠਹਿਰਾ ਦਿੱਤਾ ਗਿਆ ਹੈ। ਇਨਾਂ ਵੱਲੋਂ ਕੀਤੀ ਗਈ ਅਣਗਹਿਲੀ ਕਰਕੇ ਹੀ ਇਹ ਵੱਡੀ ਘਟਨਾ ਹੋਈ ਹੈ।

ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਜੇਲ ਅਧਿਕਾਰੀਆਂ ਤੋਂ ਪੁੱਛ ਪੜਤਾਲ ਕੀਤੀ ਜਾਏਗੀ। ਐਤਵਾਰ ਨੂੰ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਕਿਸ ਤਰੀਕੇ ਨਾਲ ਗੈਂਗਸਟਰ ਜੇਲ੍ਹ ਵਿੱਚ ਬੈਠ ਕੇ ਹੀ ਫੋਨ ਚਲਾਉਣ ਨਾਲ ਹੀ ਇਸ ਘਟਨਾ ਬਾਰੇ ਜਾਣਕਾਰੀ ਦੇ ਰਹੇ ਹਨ। (Goindwal Sahib Jail) ਇਸ ਵੀਡੀਓ ਵਿੱਚ 2 ਜੇਲ੍ਹ ਅਧਿਕਾਰੀ ਵੀ ਦਿਖਾਈ ਦੇ ਰਹੇ ਹਨ। ਇਹ ਵੀਡੀਓ ਗੈਂਗਸਟਰ ਸਚਿਨ ਭਿਵਾਨੀ ਨੇ ਬਣਾਈ ਸੀ, ਜਦੋਂਕਿ ਇਸ ਵਿੱਚ ਅੰਕਿਤ ਸੇਰਸਾ ਵੀ ਦਿਖਾਈ ਦੇ ਰਿਹਾ ਹੈ। ਇਨਾਂ ਦੋਵੇਂ ਗੈਂਗਸਟਰਾਂ ਵੱਲੋਂ ਜੱਗੂ ਭਗਵਾਨਪੂਰੀਆ ਦੇ ਗੈਂਗਸਟਰ ਮਨਦੀਪ ਤੂਫ਼ਾਨ ਅਤੇ ਮਨਮੋਹਣ ਸਿੰਘ ਮੋਹਨਾ ਦਾ ਕਤਲ ਕਰ ਦਿੱਤਾ ਗਿਆ ਸੀ।

ਕਤਲ ਤੋਂ ਬਾਅਦ ਜਸ਼ਨ ਮਨਾਉਣ ਦੀ ਵੀਡੀਓ ਹੋਈ ਸੀ ਵਾਇਰਲ

Gangster Lawrence Bishnoi

ਇਨਾਂ ਗੈਂਗਸਟਰਾਂ ਵੱਲੋਂ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਜਸ਼ਨ ਵੀ ਕੀਤਾ ਗਿਆ ਸੀ। ਜਿਹੜਾ ਕਿ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਘਟਨਾ ਮੌਕੇ ਜੇਲ ਪੁਲਿਸ ਅਧਿਕਾਰੀਆਂ ਦੇ ਦਿਖਾਈ ਦੇਣਾ ਵੀ ਸੁਆਲ਼ਿਆ ਨਿਸ਼ਾਨ ਲਗਾ ਰਿਹਾ ਹੈ ਕਿ ਆਖਰਕਾਰ ਇਨਾਂ ਪੁਲਿਸ ਅਧਿਕਾਰੀਆਂ ਨੇ ਰੋਕਿਆ ਕਿਉਂ ਨਹੀਂ ? ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਗੋਇੰਦਵਾਲ ਸਾਹਿਬ ਜੇਲ੍ਹ ਦੇ ਸੁਪਰਡੈਂਟ ਇਕਬਾਲ ਸਿੰਘ ਬਰਾੜ, ਅਸਿਸਟੈਂਟ ਸੁਪਰਡੈਂਟ ਵਿਜੇ ਕੁਮਾਰ, ਐਡੀਸ਼ਨਲ ਸੁਪਰਡੈਂਟ ਜਸਪਾਲ ਸਿੰਘ ਖਹਿਰਾ, ਸਹਾਇਕ ਸੁਪਰਡੈਂਟ ਹਰੀਸ਼ ਕੁਮਾਰ, ਏ.ਐਸ.ਆਈ. ਹਰਚਰਨ ਸਿੰਘ ਅਤੇ ਗੁਰਿੰਦਰ ਸਿੰਘ ਸਣੇ ਹੈੱਡ ਕਾਂਸਟੇਬਲ ਸੁਰਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨਾਂ ਵਿੱਚੋਂ ਇਕਬਾਲ ਸਿੰਘ ਬਰਾੜ, ਵਿਜੇ ਕੁਮਾਰ, ਹਰੀਸ਼ ਕੁਮਾਰ, ਹਰਚਰਨ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਗਿਰਫ਼ਤਾਰ ਵੀ ਕਰ ਲਿਆ ਗਿਆ ਹੈ।

ਕਿਸੇ ਵੀ ਦੋਸ਼ੀ ਨੂੰ ਬਖ਼ਸਿਆ ਨਹੀਂ ਜਾਏਗਾ : ਸੁਖਚੈਨ ਸਿੰਘ

ਆਈ.ਜੀ. ਹੈਡਕੁਆਟਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਖ਼ਤੀ ਕਰਨ ਦੇ ਆਦੇਸ਼ ਆ ਚੁੱਕੇ ਹਨ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸਿਆ ਨਹੀਂ ਜਾਏਗਾ। ਉਨਾਂ ਕਿਹਾ ਕਿ ਸਾਰੇ ਕੈਦੀ ਉੱਚ ਸੁਰੱਖਿਆ ਬਲਾਕ ਵਿੱਚ ਬੰਦ ਸਨ ਪਰ ਫਿਰ ਵੀ ਇਨਾਂ ਕੋਲ ਮੋਬਾਇਲ ਕਿਵੇਂ ਆ ਗਿਆ ? ਇਹ ਜਾਂਚ ਦਾ ਵਿਸ਼ਾ ਹੈ, ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਜੇਲ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ ਹੀ ਸਾਰੇ ਗੈਂਗਸਟਰਾਂ ਨੂੰ ਵੱਖ-ਵੱਖ ਜੇਲ੍ਹ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।