ਵੱਡੀਆਂ ਮੰਜ਼ਿਲਾਂ ਦੀ ਪ੍ਰਾਪਤੀ ਦੀ ਨੀਂਹ ਹੁੰਦੇ ਨੇ ਵੱਡੇ ਸੁਫ਼ਨੇ

Great Goals Sachkahoon

ਵੱਡੀਆਂ ਮੰਜ਼ਿਲਾਂ ਦੀ ਪ੍ਰਾਪਤੀ ਦੀ ਨੀਂਹ ਹੁੰਦੇ ਨੇ ਵੱਡੇ ਸੁਫ਼ਨੇ

ਕਹਿੰਦੇ ਨੇ ਕਿ ਮੈਦਾਨ ਵਿਚ ਹਾਰਿਆ ਹੋਇਆ ਵਿਅਕਤੀ ਦੁਬਾਰਾ ਜਿੱਤ ਸਕਦਾ ਹੈ ਜੇਕਰ ਮਨ ਤੋਂ ਹਾਰ ਗਿਆ ਫਿਰ ਉਹ ਦੁਬਾਰਾ ਕਦੇ ਵੀ ਨਹੀਂ ਜਿੱਤ ਸਕਦਾ ਹੈ। ਇਸ ਕਰਕੇ ਅਸੀਂ ਆਪਣੀ ਜਿੰਦਗੀ ਵਿੱਚ ਹਮੇਸ਼ਾ ਹੀ ਮਨ ਤੋਂ ਜਿੱਤਣ ਲਈ ਤਿਆਰ ਰਹੀਏ ਤਾਂ ਕਿ ਜ਼ਿੰਦਗੀ ਵਿੱਚ ਕਦੇ ਵੀ ਨਾ ਜਿੱਤਣ ਵਾਲਾ ਖਿਆਲ ਮਨ ਵਿੱਚ ਨਾ ਆਵੇ। ਅਸੀਂ ਅੱਜ ਜੋ ਵੀ ਹਾਂ ਆਪਣੇ ਮਨ ਦੇ ਵਿਚਾਰਾਂ ਕਰਕੇ ਹੀ ਆਪਣੀ ਜਿੰਦਗੀ ਦਾ ਸਫਰ ਤੈਅ ਕਰ ਰਹੇ ਹਾਂ ਕਿਉਂਕਿ ਸਾਡੀ ਜਿੰਦਗੀ ਵਿਚ ਸਾਡੇ ਵਿਚਾਰਾਂ ਦੀ ਬਹੁਤ ਹੀ ਮਹੱਤਤਾ ਹੈ। ਖਾਸ ਕਰ ਜੋ ਅਸੀਂ ਆਪਣੇ ਮਨ ਵਿਚ ਸੋਚਦੇ ਹਾਂ, ਸਾਨੂੰ ਸਫਲਤਾ ਵੀ ਉਸ ਤਰ੍ਹਾਂ ਹੀ ਮਿਲਦੀ ਹੈ ਪਰ ਦੇਖਣਾ ਇਹ ਹੈ ਕਿ ਸਾਡਾ ਇਸ ਵਿਚ ਵਿਸ਼ਵਾਸ ਹੈ ਜਾਂ ਨਹੀਂ। ਕਈ ਵਾਰ ਅਸੀਂ ਗੱਲ ਕਰਦੇ ਹਾਂ ਕਿ ਕਿਸਮਤ ਸਾਡੇ ਦਰਵਾਜੇ ਤੋਂ ਆ ਕੇ ਮੁੜ ਗਈ ਜਦਕਿ ਇਸ ਤਰਾਂ ਦਾ ਕੁਝ ਨਹੀਂ ਹੁੰਦਾ ਹੈ। ਕਿਸਮਤ ਤਾਂ ਸਾਡੇ ਨਾਲ 24 ਘੰਟੇ ਹੀ ਰਹਿੰਦੀ ਹੈ ਪਰ ਸਾਨੂੰ ਆਪਣੇ-ਆਪ ’ਤੇ ਵਿਸ਼ਵਾਸ ਨਹੀਂ ਹੁੰਦਾ, ਕਿ ਅਸੀਂ ਜਿੱਤਾਗੇ ਜਾਂ ਨਹੀਂ।

ਜੇਕਰ ਅਸੀਂ ਆਪਣੇ ਵਿਚਾਰਾਂ ਨੂੰ ਬਦਲ ਲਈਏ ਜਾਂ ਸਾਡੀ ਤਕਦੀਰ ਬਦਲਣ ਨੂੰ ਜਿਆਦਾ ਸਮਾਂ ਨਹੀਂ ਲੱਗੇਗਾ। ਵੱਡਾ ਸੁਪਨਾ ਵੱਡੀ ਜਿੱਤ ਹੋਣੀ ਨਿਸ਼ਚਿਤ ਹੁੰਦੀ ਹੈ ਪਰ ਵੱਡੇ ਸੁਪਨੇ ਲਈ ਵੱਡੀ ਮਿਹਨਤ ਦੀ ਸਖਤ ਜਰੂਰਤ ਹੈ। ਅੱਜ ਤੱਕ ਜੋ ਖੋਜਾਂ ਹੋਈਆਂ ਨੇ ਉਨ੍ਹਾਂ ਲਈ ਪਹਿਲਾਂ ਵੱਡਾ ਸੋਚਿਆ ਗਿਆ ਕਿਉਂਕਿ ਵੱਡਾ ਸੋਚਣ ਨਾਲ ਛੋਟੇ ਕੰਮ ਤਾਂ ਆਪਣੇ-ਆਪ ਹੀ ਹੋ ਜਾਂਦੇ ਹਨ। ਇੱਕ ਆਸ਼ਾਵਾਦੀ ਵਿਅਕਤੀ ਨੂੰ ਹਰ ਮੁਸ਼ਕਲ ਵਿਚ ਇੱਕ ਮੌਕਾ ਨਜਰ ਆਉਂਦਾ ਹੈ ਜਦੋਂਕਿ ਇੱਕ ਨੈਗੇਟਿਵ ਸੋਚ ਵਾਲੇ ਵਿਅਕਤੀ ਨੂੰ ਹਰ ਵੇਲੇ ਕੋਈ ਨਾ ਕੋਈ ਮੁਸ਼ਕਲ ਨਜ਼ਰ ਆਉਂਦੀ ਦਿਖਾਈ ਦਿੰਦੀ ਹੈ। ਅਸੀਂ ਇਸ ਗਲ ਦਾ ਖਿਆਲ ਰੱਖੀਏ ਕਿ ਅਸੀਂ ਸੋਚਦੇ ਕੀ ਹਾਂ। ਸਾਡੇ ਵਿਚਾਰ ਇੱਕ ਮਿੰਟ ਵਿਚ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰ ਲੈਂਦੇ ਹਨ। ਪਰ ਸਾਨੂੰ ਪਤਾ ਉਦੋਂ ਲੱਗਦਾ ਜਦੋਂ ਅਸੀਂ ਇੱਕੋ ਹੀ ਜਗ੍ਹਾ ’ਤੇ ਬੈਠੇ ਰਹਿੰਦੇ ਹਾਂ।

ਜੋ ਵਿਅਕਤੀ ਮਾਨਸਿਕ ਤੌਰ ’ਤੇ ਜਿੱਤ ਲਈ ਕਦੇ ਤਿਆਰ ਨਹੀਂ ਹੁੰਦੇ ਉਹ ਵਿਅਕਤੀ ਉਦੋਂ ਤੱਕ ਕਦੇ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਪਹਿਲਾਂ ਜਿੱਤ ਦੇ ਝੰਡੇ ਨੂੰ ਆਪਣੇ ਮਨ ਵਿੱਚ ਉਸਾਰਿਆ ਜਾਵੇ ਫਿਰ ਜਿੱਤ ਯਕੀਨੀ ਹੋ ਜਾਂਦੀ ਹੈ। ਸ੍ਰੀ ਕਿ੍ਰਸ਼ਨ ਜੀ ਮਦ ਭਾਗਵਤ ਗੀਤਾ ਵਿੱਚ ਆਪਣੇ ਉਪਦੇਸ਼ ਰਾਹੀਂ ਕਹਿੰਦੇ ਹਨ ਕਿ ਆਦਮੀ ਜੋ ਚਾਹੇ ਬਣ ਸਕਦਾ ਹੈ ਜੇ ਉਹ ਵਿਸ਼ਵਾਸ ਨਾਲ ਇੱਛਾ ਵਸਤੂ ’ਤੇ ਲਗਾਤਾਰ ਚਿੰਤਨ ਕਰੇ। ਅਸੀਂ ਹਰ ਵੇਲੇ ਆਪਣੇ ਮਨ ਵਿੱਚ ਚਿੰਤਨ ਕਰੀਏ ਕਿ ਅਸੀਂ ਸਫਲ ਹੋ ਗਏ, ਅਸੀਂ ਕਾਮਯਾਬ ਹੋ ਗਏ, ਅਸੀਂ ਆਪਣੀ ਮਨਚਾਹੀ ਮੰਜਿਲ ’ਤੇ ਪਹੁੰਚ ਗਏ, ਅਸੀਂ ਜਿੱਤ ਗਏ, ਇਸ ਤਰ੍ਹਾਂ ਮਨ ਵਿੱਚ ਚਿੰਤਨ ਕਰਨ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਨਾਲ ਸਾਡੇ ਮਨ ਨੂੰ ਬਹੁਤ ਹੌਂਸਲਾ ਮਿਲਦਾ ਹੈ।

ਇੱਕ ਵਾਰ ਇੱਕ ਜੰਗਲ ਵਿੱਚ ਇੱਕ ਹਾਥੀ ਪਤਲੀ ਜਿਹੀ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਉਸ ਹਾਥੀ ’ਤੇ ਇੱਕ ਵਿਅਕਤੀ ਦੀ ਨਜ਼ਰ ਪਈ ਤੇ ਦੇਖਿਆ ਕਿ ਇੰਨਾ ਤਾਕਤਵਾਰ ਜਾਨਵਰ ਪਤਲੀ ਜਿਹੀ ਰੱਸੀ ਨਾਲ ਕਿਵੇਂ ਬੰਨ੍ਹਿਆ ਜਾ ਸਕਦਾ ਹੈ? ਇਹ ਸਭ ਕੁਝ ਦੇਖ ਕੇ ਉਹ ਵਿਅਕਤੀ ਕੁਝ ਸਮੇਂ ਲਈ ਹੈਰਾਨ ਹੋ ਗਿਆ ਤੇ ਸੋਚਣ ਲੱਗਾ, ਫਿਰ ਉਹ ਹਾਥੀ ਦੇ ਮਾਲਕ ਨੂੰ ਪੁੱਛਣ ਲੱਗਾ ਕਿ ਇਹ ਐਨਾ ਤਾਕਤਵਾਰ ਹਾਥੀ ਇੱਕ ਪਤਲੀ ਜਿਹੀ ਰੱਸੀ ਨਾਲ ਕਿਵੇਂ ਬੰਨ੍ਹਿਆ ਜਾ ਸਕਦਾ ਹੈ??ਤਾਂ ਹਾਥੀ ਦੇ ਮਾਲਕ ਨੇ ਕਿਹਾ ਕਿ ਇਹ ਹਾਥੀ ਛੋਟੇ ਹੁੰਦੇ ਹੀ ਮੈਂ ਇੱਕ ਮਜਬੂਤ ਰੱਸੀ ਨਾਲ ਬੰਨ੍ਹਿਆ ਸੀ ਤੇ ਉਸ ਸਮੇਂ ਇਹ ਛੋਟਾ ਹੋਣ ਕਾਰਨ ਰੱਸੀ ਨੂੰ ਤੋੜ ਨਹੀਂ ਸਕਿਆ ਤੇ ਇਸ ਦੇ ਮਨ ਵਿੱਚ ਇਹ ਪੱਕਾ ਹੋ ਗਿਆ ਕਿ ਇਸ ਰੱਸੀ ਨੂੰ ਕਦੇ ਵੀ ਤੋੜ ਨਹੀਂ ਸਕਦਾ। ਇਸ ਕਰਕੇ ਇਹ ਹਾਥੀ ਕਦੇ ਵੀ ਰੱਸੀ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰਦਾ। ਇਹ ਹਾਥੀ ਦੇ ਮਨ ਦਾ ਵਿਚਾਰ ਹੈ। ਇਸ ਕਰਕੇ ਹਾਥੀ ਇਹ ਛੋਟੀ ਜਿਹੀ ਰੱਸੀ ਨਾਲ ਬੰਨ੍ਹਿਆ ਹੋਇਆ ਆਪਣੀ ਜਗ੍ਹਾ ’ਤੇ ਖੜ੍ਹਾ ਹੈ।

ਸਾਨੂੰ ਆਪਣੀ ਜਿੰਦਗੀ ਵਿੱਚ ਹਰ ਕੋਸ਼ਿਸ਼ ਤੋਂ ਪਹਿਲਾਂ ਮਨ ਵਿੱਚ ਵਧੀਆ ਵਿਚਾਰ ਲੈ ਕੇ ਆਉਣ ਦੀ ਜਰੂਰਤ ਹੈ ਤਾਂ ਕਿ ਕੋਸ਼ਿਸ਼ ਕਰਦੇ ਰਹੀਏ ਜਦ ਤੱਕ ਸਫਲ ਨਾ ਹੋ ਸਕੀਏ। ਕੁਝ ਲੋਕ ਐਸੇ ਵੀ ਹੁੰਦੇ ਹਨ ਜੋ ਬੀਤੇ ਸਮੇਂ ਦੀਆਂ ਘਟਨਾਵਾਂ ਜਾਂ ਪਛਤਾਵੇ ਨੂੰ ਆਪਣੀ ਜਿੰਦਗੀ ਵਿਚ ਦੁਬਾਰਾ ਯਾਦ ਕਰਕੇ ਆਪਣੀ ਵਰਤਮਾਨ ਦੀ ਜਿੰਦਗੀ ਨੂੰ ਅੱਗੇ ਨਹੀਂ ਵਧਣ ਦਿੰਦੇ ਕਿਉਂਕਿ ਉਨ੍ਹਾਂ ਦੇ ਮਨਾਂ ਵਿਚ ਹਰ ਵੇਲੇ ਇਹੋ-ਜਿਹੇ ਵਿਚਾਰ ਚੱਲਦੇ ਰਹਿੰਦੇ ਹਨ ਕਿ ਆਪਾਂ ਪਹਿਲਾਂ ਸਫਲ ਨਹੀਂ ਹੋਏ ਤੇ ਹੁਣ ਵੀ ਸਫਲ ਨਹੀਂ ਹੋ ਸਕਦੇ। ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਬੀਤੇ ਸਮੇਂ ਦੀਆਂ ਘਟਨਾਵਾਂ ਤੇ ਪਛਤਾਵੇ ਤੋਂ ਬਹੁਤ ਕੁਝ ਸਿੱਖ ਕੇ ਆਪਣੇ ਆਉਣ ਵਾਲੇ ਸਮੇਂ ਵਿਚ ਤਰੱਕੀ ਕਰਨ ਬਾਰੇ ਸੋਚਦੇ ਹਨ। ਇਹ ਲੋਕ ਥੋੜੇ੍ਹ ਸਮੇਂ ਵਿਚ ਬਹੁਤ ਹੀ ਤਰੱਕੀ ਕਰਦੇ ਹਨ ਕਿਉਂਕਿ ਇਹ ਆਪਣੀਆਂ ਗਲਤੀਆਂ ਤੇ ਪਛਤਾਵੇ ’ਤੇ ਅਫਸੋਸ ਕਰਨ ਦੀ ਬਜਾਏ ਇਨ੍ਹਾਂ ਤੋਂ ਕੀਤੇ ਤਜਰਬਿਆਂ ਨੂੰ ਪ੍ਰਾਪਤ ਕਰਦੇ ਹਨ ਤੇ ਕਦੇ ਵੀ ਮਨ ਵਿਚ ਅਸਫਲ ਹੋਣ ਬਾਰੇ ਨਹੀਂ ਸੋਚਦੇ। ਕਹਿੰਦੇ ਨੇ ਕੜਾਕੇ ਦੀ ਠੰਢ ਤੋਂ ਬਾਅਦ ਬਸੰਤ ਰੁੱਤ ਜ਼ਰੂਰ ਆਵੇਗੀ। ਬੱਸ ਮਨ ਵਿਚ ਜਿੱਤਣ ਦੀ ਆਸ ਹੋਣੀ ਚਾਹੀਦੀ ਹੈ।

ਹਰ ਰਾਤ ਤੋਂ ਬਾਅਦ ਸਵੇਰਾ ਹੋਣਾ ਨਿਸ਼ਚਿਤ ਹੈ। ਕੁਝ ਸਮਾਂ ਪਹਿਲਾਂ ਦੀ ਗੱਲ ਹੈ ਜਿਲ੍ਹਾ ਪਟਿਆਲਾ ਪਿੰਡ ਕਕਰਾਲਾ ਭਾਈਕਾ ਦੀ ਕੁਲਵਿੰਦਰ ਕੌਰ ਜਦੋਂ ਸੱਤਵੀਂ ਜਮਾਤ ਵਿੱਚ ਪੜ੍ਹਦੀ ਸੀ ਉਦੋਂ ਬੱਚਿਆਂ ਨੇ ਖੇਡ-ਖੇਡ ਵਿੱਚ ਟੋਕੇ ਵਾਲੀ ਮਸ਼ੀਨ ਨਾਲ ਛੇੜ-ਛਾੜ ਕਰ ਦਿੱਤੀ। ਜਿਸ ਕਰਕੇ ਕੁਲਵਿੰਦਰ ਕੌਰ ਦੇ ਦੋਵੇਂ ਹੱਥ ਕੱਟੇ ਗਏ। ਘਰ ਵਿਚ ਮੁਸੀਬਤਾਂ ਦਾ ਹੜ੍ਹ ਆ ਗਿਆ। ਇਹ ਘਟਨਾ ਸੁਣ ਕੇ ਹਰ ਕਿਸੇ ਦਾ ਦਿਲ ਦਹਿਲ ਗਿਆ ਤੇ ਹਰ ਕੋਈ ਸੋਚਣ ਲਈ ਮਜਬੂਰ ਹੋ ਗਿਆ ਉਸ ਦਾ ਭਵਿੱਖ ਵਿੱਚ ਕੀ ਬਣੇਗਾ। ਇਸ ਘਟਨਾ ਤੋਂ ਬਾਅਦ ਪਰਿਵਾਰ ਵਾਲੇ ਨੈਗੇਟਿਵ ਸੋਚਣ ਦੀ ਬਜਾਏ ਉਸ ਦੇ ਭਵਿੱਖ ਨੂੰ ਸਵਾਰਨ ਦੀ ਗੱਲ ਕਰਨ ਲੱਗੇ। ਪਰਿਵਾਰ ਨੇ ਕੁਲਵਿੰਦਰ ਕੌਰ ਨੂੰ ਪੂਰੀ ਹਿੰਮਤ ਤੇ ਹੌਸਲਾ ਦਿੱਤਾ। ਫਿਰ ਉਸ ਨੇ ਮਨ ਵਿਚ ਵੱਡੇ ਸੁਪਨੇ ਸਿਰਜ ਕੇ ਮਿਹਨਤ ਕਰਨੀ ਸ਼ੁਰੂ ਕੀਤੀ। ਕੁਲਵਿੰਦਰ ਕੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ ਕਾਨੂੰਨ ਦੀ ਪੜ੍ਹਾਈ ਕੀਤੀ ਪੜ੍ਹਾਈ ਕਰਨ ਤੋਂ ਬਾਅਦ ਨੈਟ ਪਾਸ ਕੀਤਾ।

ਫਿਰ ਕੁਲਵਿੰਦਰ ਕੌਰ ਨੇ ਜੱਜ ਬਣਨ ਦੀ ਪ੍ਰੀਖਿਆ ਵਿੱਚ ਭਾਗ ਲਿਆ ਤੇ 2014 ਵਿੱਚ ਉਹ ਜੂਡੀਸ਼ੀਅਲ ਸੇਵਾ ਲਈ ਚੁਣੀ ਗਈ। ਇਸ ਤੋਂ ਬਾਅਦ ਕੁਲਵਿੰਦਰ ਕੌਰ ਨੇ ਜੱਜ ਬਣ ਕੇ ਆਪਣਾ ਹੀ ਨਹੀਂ ਸਗੋਂ ਆਪਣੇ ਪਰਿਵਾਰ ਦਾ ਤੇ ਪਿੰਡ ਦਾ ਨਾਂਅ ਰੌਸ਼ਨ ਕਰ ਦਿੱਤਾ।ਜਦੋਂ ਕੋਈ ਆਪਣੇ ਮਨ ਵਿੱਚ ਕੁਝ ਬਣਨ ਦੀ ਇੱਛਾ ਰੱਖ ਕੇ ਲਗਾਤਾਰ ਦਿ੍ਰੜ ਇਰਾਦੇ ਨਾਲ ਮਿਹਨਤ ਕਰਦਾ ਹੈ ਤਾਂ ਮੰਜਿਲ ਵੀ ਉਸ ਦੇ ਕੋਲ ਭੱਜੀ ਆਉਂਦੀ ਹੈ। ਉਸ ਦੀ ਮਿਹਨਤ ਨੂੰ ਦੇਖ ਕੇ ਕਿਸਮਤ ਵੀ ਕਹਿੰਦੀ ਹੈ ਕਿ ਇਸ ਉੱਪਰ ਤੇਰਾ ਹੀ ਹੱਕ ਹੈ ਇਸ ਕਰਕੇ ਸਾਨੂੰ ਵੀ ਆਪਣੇ ਮਨ ਵਿੱਚ ਵਧੀਆ ਵਿਚਾਰ, ਸਕਾਰਾਤਮਕ ਸੋਚ ਅਤੇ ਆਪਣੇ ਟੀਚੇ ਨੂੰ ਪਾਉਣ ਲਈ ਪੂਰੀ ਜਿੰਦ-ਜਾਨ ਲਾ ਦੇਣੀ ਚਾਹੀਦੀ ਹੈ, ਜਿਵੇਂਕਿ ਕੁਲਵਿੰਦਰ ਕੌਰ ਨੇ ਕੀਤਾ। ਅੱਜ ਹਰ ਕੋਈ ਉਸ ਦੀ ਚਰਚਾ ਕਰਦਾ ਨਜ਼ਰ ਆਉਂਦਾ ਹੈ ਤੇ ਪੂਰੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਉਸ ਦੀ ਸਖਤ ਮਿਹਨਤ ਦੀ ਚਰਚਾ ਹੁੰਦੀ ਹੈ। ਇਸ ਨਾਲ ਹੀ ਉਸ ਦੇ ਪਰਿਵਾਰ ਨੂੰ ਵੀ ਸਲੂਟ ਕਰਦੇ ਨੇ ਜਿਨ੍ਹਾਂ ਨੇ ਉਸ ਦੇ ਹੌਂਸਲੇ ਨੂੰ ਹਮੇਸ਼ਾ ਹੀ ਬਣਾਈ ਰੱਖਿਆ।

ਸੋ ਇਸ ਤਰ੍ਹਾਂ ਹਮੇਸ਼ਾ ਅਸੀਂ ਵੀ ਆਪਣੇ ਮਨ ਵਿਚ ਵਧੀਆ ਸੋਚ ਰੱਖੀਏ ਅਤੇ ਅੱਗੇ ਵਧਣ ਬਾਰੇ ਸੋਚੀਏ ਤੇ ਅਸੀਂ ਜਰੂਰ ਤਰੱਕੀਆਂ ਹਾਸਲ ਕਰਾਂਗੇ। ਪਹਿਲਾਂ ਮਨ ਦੇ ਖਿਆਲਾਂ ਵਿਚ ਜਿੱਤ ਪ੍ਰਾਪਤ ਕਰੀਏ ਤਾਂ ਸਾਡੀ ਜਿੱਤ ਪੱਕੀ ਹੋਵੇਗੀ। ਅਸੀਂ ਜਿੱਤਾਂਗੇ ਜਰੂਰ ਜੰਗ ਜਾਰੀ ਰੱਖੀਓ। ਜੰਗ ਜਾਰੀ ਰੱਖਣ ਦੀ ਲੋੜ ਹੈ ਤੇ ਮਨ ਵਿਚ ਵਧੀਆ ਸੋਚ ਤੇ ਵਧੀਆ ਵਿਚਾਰ ਰੱਖੀਏ। ਪਹਿਲਾਂ ਅਸੀਂ ਆਪਣੇ ਮਨ ਤੋਂ ਜਿੱਤਣਾ, ਫਿਰ ਸਾਡੀ ਜਿੱਤ ਜਰੂਰ ਪੱਕੀ ਹੋਵੇਗੀ। ਇਸ ਲਈ ਸਿਆਣੇ ਵੀ ਕਹਿੰਦੇ ਨੇ ‘ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ।’

ਰਵਿੰਦਰ ਭਾਰਦਵਾਜ
ਖੇੜੀ ਨਗਾਈਆਂ ਮੋ. 88725-63800

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ