ਪੰਜਾਬੀ ਸਾਹਿਤ ਦੇ ਅੰਬਰ ਦਾ ਧਰੂ ਤਾਰਾ, ਭਾਈ ਵੀਰ ਸਿੰਘ

ਪੰਜਾਬੀ ਸਾਹਿਤ ਦੇ ਅੰਬਰ ਦਾ ਧਰੂ ਤਾਰਾ, ਭਾਈ ਵੀਰ ਸਿੰਘ

ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਸਨ। ਪੰਜਾਬੀ ਕਵਿਤਾ ਨੂੰ ਆਧੁਨਿਕ ਲੀਹਾਂ ’ਤੇ ਪਾਉਣ ਅਤੇ ਕਾਵਿ-ਮੰਡਲ ਵਿੱਚ ਇਸ ਦਾ ਖਾਸ ਮੁਕਾਮ ਬਣਾਉਣ ਲਈ ਭਾਈ ਵੀਰ ਸਿੰਘ ਦਾ ਯੋਗਦਾਨ ਅਹਿਮ ਹੈ। ਇਨ੍ਹਾਂ ਨੇ ਸਿਰਫ ਕਵਿਤਾ ਹੀ ਨਹੀਂ ਸਗੋਂ ਆਧੁਨਿਕ ਸਾਹਿਤ ਦੀਆਂ ਕਈ ਹੋਰ ਵਿਧਾਵਾਂ ਵਿੱਚ ਵੀ ਰਚਨਾ ਰਚੀ ਹੈ। ਛੋਟੀਆਂ ਕਵਿਤਾਵਾਂ ਅਤੇ ਮਹਾਂ-ਕਾਵਿ ਤੋਂ ਛੁਟ ਨਾਵਲ, ਨਾਟਕ, ਵਾਰਤਕ, ਇਤਿਹਾਸਕ ਜੀਵਨੀਆਂ, ਲੇਖਾਂ, ਸਾਖੀਆਂ ਅਤੇ ਟਰੈਕਟ ਆਦਿ ਦੀ ਸਿਰਜਣਾ ਦੀ ਪਹਿਲਤਾ ਵੀ ਉਨ੍ਹਾਂ ਨੇ ਕੀਤੀ। ਇਨ੍ਹਾਂ ਦੀ ਰਚਨਾਤਮਕ ਪ੍ਰਤਿਭਾ ਦਾ ਪ੍ਰੇਰਣਾਸਰੋਤ ਇਨ੍ਹਾਂ ਦਾ ਘਰੋਗੀ ਜੀਵਨ ਸੀ। ਇਨ੍ਹਾਂ ਦੀ ਕਵਿਤਾ ਰਹੱਸਵਾਦ ਅਤੇ ਅਧਿਆਤਮਵਾਦ ਨਾਲ ਲਬਰੇਜ਼ ਹੈ। ਭਾਈ ਵੀਰ ਸਿੰਘ ਨੂੰ ਵੀਹਵੀਂ ਸ਼ਤਾਬਦੀ ਦਾ ਭਾਈ ਗੁਰਦਾਸ ਵੀ ਕਿਹਾ ਜਾਂਦਾ ਹੈ।

ਇਨ੍ਹਾਂ ਦੀਆਂ ਕਿਰਤਾਂ ਦੇ ਵਿਸ਼ੇ ਬੇਸ਼ੱਕ ਪੁਰਾਣੇ ਹਨ, ਪਰ ਪੇਸ਼ਕਾਰੀ ਦੇ ਢੰਗ ਨਵੀਨ ਹਨ। ਇਹ ਸਭ ਗੱਲਾਂ ਇਨ੍ਹਾਂ ਨੂੰ ਪਰੰਪਰਾ ਨਾਲੋਂ ਵਖਰਾਉਂਦੀਆਂ ਹਨ ਤੇ ਆਧੁਨਿਕਤਾ ਨਾਲ ਜੋੜਦੀਆਂ ਹਨ। ਭਾਈ ਸਾਹਿਬ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਸ਼ਹਿਰ ਦੀ ਪਾਵਨ ਧਰਤੀ ਉੱਪਰ ਡਾਕਟਰ ਚਰਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਇਨ੍ਹਾਂ ਦੇ ਖਾਨਦਾਨ ਦਾ ਸਬੰਧ ਸਿੱਖ ਤਵਾਰੀਖ ਦੀ ਨਾਮਵਰ ਹਸਤੀ ਦੀਵਾਨ ਕੌੜਾ ਮੱਲ ਨਾਲ ਸੀ।

ਇਨ੍ਹਾਂ ਦੇ ਨਾਨਾ ਪੰਡਿਤ ਹਜ਼ਾਰਾ ਸਿੰਘ ਮਹਾਨ ਵਿਦਵਾਨ ਸਨ। ਭਾਈ ਵੀਰ ਸਿੰਘ ਨੇ ਮੈਟਿ੍ਰਕ ਦਾ ਇਮਤਿਹਾਨ ਜ਼ਿਲ੍ਹੇ ਭਰ ਵਿੱਚੋਂ ਅੱਵਲ ਰਹਿ ਕੇ ਪਾਸ ਕੀਤਾ। ਇਨ੍ਹਾਂ ਦਾ ਤਾਲੀਮੀ ਦੌਰ ਹੋਣਹਾਰ ਤਾਲਿਬ-ਇਲਮਾਂ ਵਾਲਾ ਰਿਹਾ। ਭਾਈ ਵੀਰ ਸਿੰਘ ਨੇ 1898 ਈਸਵੀ ਵਿੱਚ ਇੱਕ ਅਖਬਾਰ ਦੀ ਪ੍ਰਕਾਸ਼ਨਾ ਕੀਤੀ, ਜਿਸ ਦਾ ਨਾਂਅ ‘ਖਾਲਸਾ ਸਮਾਚਾਰ’ ਰੱਖਿਆ। ਇਸ ਤੋਂ ਇੱਕ ਸਾਲ ਬਾਅਦ ਨਿਰਗੁਣਿਆਰਾ ਪੇਪਰ ਜਾਰੀ ਕੀਤਾ। ਇਨ੍ਹਾਂ ਨੇ ਭਾਵੇਂ ਵਿਸ਼ਵਵਿਦਿਆਲਾ ਦੀ ਉੱਚ-ਵਿੱਦਿਆ ਗ੍ਰਹਿਣ ਨਹੀਂ ਕੀਤੀ, ਫਿਰ ਵੀ ਇਨ੍ਹਾਂ ਨੇ ਸੰਸਕਿ੍ਰਤ, ਫ਼ਾਰਸੀ, ਉਰਦੂ, ਗੁਰਬਾਣੀ, ਸਿੱਖ ਤੇ ਹਿੰਦੂ ਦਰਸ਼ਨ ਦਾ ਖੂਬ ਮੁਤਾਲਿਆ ਕੀਤਾ। ਇਨ੍ਹਾਂ ਦੀ ਵਧੇਰੇ ਰਚਨਾ ਸਿੱਖੀ ਦੇ ਪ੍ਰਚਾਰ ਵਜੋਂ ਸੀ।

ਇਸ ਸਮੇਂ ਅਹਿਮਦੀਆ ਅਤੇ ਆਰੀਆ ਸਮਾਜੀ ਲਹਿਰਾਂ ਉਰਦੂ ਤੇ ਹਿੰਦੀ ਭਾਸ਼ਾ ਰਾਹੀਂ ਪ੍ਰਚਾਰ ਕਰ ਰਹੀਆਂ ਸਨ। ਇੱਧਰ ਸਿੰਘ ਸਭਾ ਲਹਿਰ ਵੀ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਦੀ ਰਾਖੀ ਲਈ ਮੈਦਾਨ ਵਿੱਚ ਕੁੱਦ ਚੁੱਕੀ ਸੀ। ਭਾਈ ਵੀਰ ਸਿੰਘ ਦਾ ਇਸ ਲਹਿਰ ਪ੍ਰਤੀ ਬੇਸ਼ਕੀਮਤੀ ਯੋਗਦਾਨ ਹੈ। 1930 ਤੱਕ ਪੰਜਾਬੀ ਸਾਹਿਤ ਦੇ ਅਕਾਸ਼ ਵਿੱਚ ਭਾਈ ਸਾਹਿਬ ਸੂਰਜ ਵਾਂਗ ਮਘਦੇ ਰਹੇ। ਇਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਨੂੰ ਮੱਦੇਨਜ਼ਰ ਰੱਖ ਕੇ ਪੰਜਾਬ ਯੂਨੀਵਰਸਿਟੀ ਨੇ ਇਨ੍ਹਾਂ ਨੂੰ 1849 ਈਸਵੀ ਵਿੱਚ ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਡਿਗਰੀ ਪ੍ਰਦਾਨ ਕੀਤੀ।

1950 ਈਸਵੀ ਵਿੱਚ ਇਨ੍ਹਾਂ ਨੂੰ ਸਿੱਖ ਵਿੱਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਭੇੇਟ ਕੀਤਾ ਗਿਆ। ਇਨ੍ਹਾਂ ਦੀ ਪੁਸਤਕ ‘ਮੇਰੇ ਸਾਈਆਂ ਜੀਓ’ ਨੂੰ ਭਾਰਤ ਦੀ ਸਾਹਿਤ ਅਕਾਦਮੀ ਦਾ ਸਰਵ-ਉੱਚ ਇਨਾਮ ਮਿਲਿਆ। 1952 ਈ. ਵਿੱਚ ਇਨ੍ਹਾਂ ਨੂੰ ਪੰਜਾਬ ਵਿਧਾਨ ਘੜਨੀ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਏਨਾ ਸਫਲ ਤੇ ਪ੍ਰਾਪਤੀਆਂ ਵਾਲਾ ਜੀਵਨ ਬਤੀਤ ਕਰਕੇ ਇਹ 10 ਜੂਨ 1957 ਈਸਵੀ ਵਿੱਚ ਸੁਰਗਵਾਸ ਹੋ ਗਏ।
ਰਮੇਸ਼ਾ ਬੱਗਾ ਚੋਹਲਾ, ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)
ਮੋ. 94631-32719

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ