ਜਲਾਲਾਬਾਦ ਤੋਂ ਹੁਣ ਜਗਦੀਪ ਗੋਲਡੀ ਕੰਬੋਜ਼ ਲੜਨਗੇ ਚੋਣ, ਆਪ ਨੇ ਕੀਤਾ ਐਲਾਨ
- ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਵਲੋਂ 18 ਹੋਰ ਉਮੀਦਵਾਰਾਂ ਦਾ ਐਲਾਨ
(ਅਸ਼ਵਨੀ ਚਾਵਲਾ) ਚੰਡੀਗੜ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਇਸ ਵਾਰ ਸੁਖਬੀਰ ਬਾਦਲ ਦੇ ਸਾਹਮਣੇ ਚੋਣ ਨਹੀਂ ਲੜਨਗੇ। ਪਿਛਲੀ ਵਿਧਾਨ ਸਭਾ ਚੋਣਾਂ ਵਿੱਚ ਸੁਖਬੀਰ ਬਾਦਲ ਦੇ ਖ਼ਿਲਾਫ਼ ਚੋਣ ਲੜਨ ਵਾਲੇ ਭਗਵੰਤ ਮਾਨ ਜਲਾਲਾਬਾਦ ਤੋਂ ਚੋਣ ਨਹੀਂ ਲੜ ਰਹੇ। ਜਿਸ ਕਾਰਨ ਜਲਾਲਾਬਾਦ ਤੋਂ ਭਗਵੰਤ ਮਾਨ ਦੀ ਥਾਂ ’ਤੇ ਆਮ ਆਦਮੀ ਪਾਰਟੀ ਵਲੋਂ ਜਗਦੀਪ ਗੋਲਡੀ ਕੰਬੋਜ਼ ਨੂੰ ਟਿਕਟ ਦੇ ਦਿੱਤੀ ਗਈ ਹੈ।
ਵਿਧਾਨ ਸਭਾ ਚੋਣਾ 2017 ਵਿੱਚ ਭਗਵੰਤ ਮਾਨ ਵਲੋਂ ਹੀ ਸੁਖਬੀਰ ਬਾਦਲ ਨੂੰ ਵੱਡੀ ਟੱਕਰ ਦਿੰਦੇ ਹੋਏ 56 ਹਜ਼ਾਰ 771 ਵੋਟਾਂ ਪ੍ਰਾਪਤ ਕਰਕੇ ਦੂਜੇ ਨੰਬਰ ’ਤੇ ਰਹੇ ਸਨ। ਪਿਛਲੀ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਮਾਨ ਨੂੰ ਵੱਡਾ ਹੁਲਾਰਾ ਮਿਲਣ ਦੇ ਬਾਵਜੂਦ ਇਸ ਵਾਰ ਉਨਾਂ ਨੇ ਜਲਾਲਾਬਾਦ ਤੋਂ ਚੋਣ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਜਿਸ ਪਿੱਛੇ ਇਹ ਕਾਰਨ ਵੀ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਇਨਾਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਖ਼ਤਰਾ ਲੈਣ ਦੀ ਥਾਂ ‘ਤੇ ਕਿਸੇ ਸੇਫ਼ ਸੀਟ ਤੋਂ ਚੋਣ ਲੜਨਾ ਚਾਹੁੰਦੇ ਹਨ ਤਾਂ ਕਿ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਣ ’ਤੇ ਮੁੱਖ ਮੰਤਰੀ ਦੀ ਕੁਰਸੀ ਤੱਕ ਪੁੱਜਣ ਲਈ ਉਨਾਂ ਨੂੰ ਕੋਈ ਅੜਿੱਕਾ ਨਾ ਪਏ। ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਦੀ ਹੀ ਕਿਸੇ ਸੀਟ ਤੋਂ ਵਿਧਾਨ ਸਭਾ ਚੋਣਾਂ ਵਿੱਚ ਉੱਤਰਨ ਦੀ ਤਿਆਰੀ ਵਿੱਚ ਹਨ ਤਾਂ ਕਿ ਆਪਣੇ ਲੋਕ ਸਭਾ ਹਲਕੇ ਵਿੱਚੋਂ ਵੱਡੀ ਜਿੱਤ ਪ੍ਰਾਪਤ ਕਰਕੇ ਉਹ ਮੁੱਖ ਮੰਤਰੀ ਦੀ ਕੁਰਸੀ ਤੱਕ ਪੁੱਜ ਸਕਣ। ਜਲਾਲਾਬਾਦ ਸੀਟ ਤੋਂ ਉਨਾਂ ਦੀ ਥਾਂ ’ਤੇ ਇਸ ਵਾਰ ਜਗਦੀਪ ਗੋਲਡੀ ਕੰਬੋਜ ਨੂੰ ਟਿਕਟ ਦਿੱਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ