ਐਸਵਾਈਐਲ ਸਣੇ ਕਈ ਮੁੱਦੇ ’ਤੇ ਹੋਵੇਗੀ ਚਰਚਾ (Bhagwant Mann)
- ਲੁਧਿਆਣਾ ਵਿਖੇ ਦੁਪਹਿਰ 12 ਵਜੇ ਸ਼ੁਰੂ ਹੋਏਗੀ ਚਰਚਾ, 1200 ਲੋਕਾਂ ਦੇ ਬੈਠਣ ਦਾ ਕੀਤਾ ਗਿਐ ਇੰਤਜ਼ਾਮ
(ਅਸ਼ਵਨੀ ਚਾਵਲਾ) ਚੰਡੀਗੜ। ‘ਮੈ ਪੰਜਾਬ ਬੋਲਦਾ ਹਾਂ’ ਨੂੰ ਲੈ ਕੇ ਅੱਜ ਬੁੱਧਵਾਰ ਨੂੰ ਲੁਧਿਆਣਾ ਵਿਖੇ ਆਪਣੇ ਸਿਆਸੀ ਵਿਰੋਧੀਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਭਿੜਨ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੱਲੋਂ ਇਸ ਸਬੰਧੀ ਵੱਡੇ ਪੱਧਰ ’ਤੇ ਤਿਆਰੀ ਕੀਤੀ ਗਈ ਹੈ ਤਾਂ ਵਿਰੋਧੀ ਪਾਰਟੀ ਦੇ ਲੀਡਰਾਂ ਵਲੋਂ ਵੀ ਆਪਣੀ ਤਿਆਰੀ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਹੈ ਹਾਲਾਂਕਿ ਵਿਰੋਧੀ ਪਾਰਟੀਆਂ ਦੇ ਲੀਡਰਾਂ ਵਿੱਚੋਂ ਕਿਹੜੇ ਲੀਡਰ ਭਾਗ ਨਹੀਂ ਲੈਣਗੇ, ਇਸ ਸਬੰਧੀ 24 ਘੰਟੇ ਪਹਿਲਾਂ ਤੱਕ ਸਪੱਸ਼ਟ ਨਹੀਂ ਹੋ ਪਾਇਆ ਹੈ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਣੇ ਕਾਂਗਰਸ ਪਾਰਟੀ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਸੰਸਪੈਂਸ ਬਰਕਰਾਰ ਰੱਖਿਆ ਹੋਇਆ ਹੈ। ਇਨਾਂ ਪਾਰਟੀਆਂ ਦੇ ਪ੍ਰਧਾਨਾਂ ਵੱਲੋਂ ਕਦੇ ਇਸ ਚਰਚਾ ਵਿੱਚ ਭਾਗ ਲੈਣ ਸਬੰਧੀ ਹਾਮੀ ਭਰ ਦਿੱਤੀ ਜਾਂਦੀ ਹੈ ਤਾਂ ਕਦੇ ਕਈ ਤਰਾਂ ਦੀ ਸ਼ਰਤਾਂ ਲਗਾ ਕੇ ਮੁੜ ਤੋਂ ‘ਮੈ ਪੰਜਾਬ ਬੋਲਦਾ ਹਾਂ’ ਵਿੱਚ ਭਾਗ ਲੈਣ ਨੂੰ ਸੁਆਲਾਂ ਦੇ ਘੇਰੇ ਵਿੱਚ ਲਿਆਇਆ ਜਾ ਰਿਹਾ ਹੈ। ਲੁਧਿਆਣਾ ਵਿਖੇ ਦੁਪਹਿਰ 12 ਹੋਣ ਵਾਲੀ ਇਸ ਡਿਬੇਟ ਦੇ ਸਮੇਂ ਹੀ ਪਤਾ ਚਲੇਗਾ ਕਿ ਕਿਹੜੇ ਲੀਡਰ ਇਸ ਵਿੱਚ ਪੁੱਜੇ ਹਨ ਅਤੇ ਕਿਹੜੇ ਲੀਡਰ ਨਹੀਂ ਪੁੱਜੇ ਹਨ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਰੀਜ਼ਾਂ ਨੂੰ ਦਿੱਤਾ ਦੀਵਾਲੀ ਤੋਹਫਾ
‘ਮੈ ਪੰਜਾਬ ਬੋਲਦਾ ਹਾਂ’ ਵਿੱਚ ਭਾਗ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਈ ਵਾਰ ਵਿਰੋਧੀਆਂ ਨੂੰ ਅਪੀਲ ਕੀਤੀ ਹੈ ਤਾਂ ਉਨਾਂ ਵਲੋਂ ਸੰਸਪੈਂਸ ਰੱਖਣ ’ਤੇ ਨਰਾਜ਼ਗੀ ਵੀ ਜਾਹਰ ਕਰਦੇ ਹੋਏ ਵਿਅੰਗ ਵੀ ਕੀਤੇ ਹਨ। ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਹੋਣ ਵਾਲੇ ‘ਮੈ ਪੰਜਾਬ ਬੋਲਦਾ ਹਾਂ’ ਪ੍ਰੋਗਰਾਮ ਵਿੱਚ ਐਸ.ਵਾਈ.ਐਲ. ਦੇ ਮੁੱਖ ਤੌਰ ‘ਤੇ ਚਰਚਾ ਕੀਤੀ ਜਾਏਗੀ ਤਾਂ ਪੰਜਾਬ ਦੇ ਹੋਰ ਕਈ ਨਵੇਂ ਪੁਰਾਣੇ ਮੁੱਦੇ ’ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਤਿਆਰੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਪਿਛਲੇ 20 ਸਾਲਾਂ ਤੱਕ ਦਾ ਹਿਸਾਬ ਕਿਤਾਬ ਕਰਦੇ ਹੋਏ ਹਰ ਮੁੱਦੇ ’ਤੇ ਚਰਚਾ ਹੋਏਗੀ, ਜਦੋਂ ਕਿ ਵਿਰੋਧੀ ਧਿਰਾਂ ਪੁਰਾਣੇ ਮੁੱਦੇ ’ਤੇ ਚਰਚਾ ਕਰਨ ਦੀ ਥਾਂ ‘ਤੇ ਸਿਰਫ਼ ਐਸ.ਵਾਈ.ਐਲ. ਦੇ ਮੁੱਦੇ ‘ਤੇ ਹੀ ਚਰਚਾ ਕਰਨਾ ਚਾਹੁੰਦੇ ਹਨ।