ਸੋਹਣਾ ਮੇਰਾ ਸਕੂਲ
ਸੋਹਣਾ ਮੇਰਾ ਸਕੂਲ ਬੜਾ ਹੈ,
ਆਉਂਦਾ ਇੱਥੇ ਸਕੂਨ ਬੜਾ ਹੈ।
ਪਾ ਵਰਦੀ ਚੁੱਕ ਲਿਆ ਸੋਹਣਾ ਬਸਤਾ,
ਨਾਲ ਸਾਥੀਆਂ ਕਰਕੇ ਤੈਅ ਰਸਤਾ।
ਲੱਗੇ ਨੇੜੇ ਜਿਹੇ ਸਕੂਲ ਖੜ੍ਹਾ ਹੈ,
ਸੋਹਣਾ ਮੇਰਾ ਸਕੂਲ ਬੜਾ ਹੈ।
ਧਰ ਕੇ ਬਸਤੇ ਖੇਡਣ ਲੱਗ ਪਏ ਸਾਰੇ,
ਆਪੋ ਆਪਣੀ ਖੇਡ ’ਚ ਲੈਣ ਨਜ਼ਾਰੇ।
ਦੇਖੀ ਜਾਵੇ ਕੋਈ ਦੂਰ ਖੜ੍ਹਾ ਹੈ,
ਸੋਹਣਾ ਮੇਰਾ ਸਕੂਲ ਬੜਾ ਹੈ।
ਵੱਜੇ ਘੰਟੀ ਵਾਹੋ-ਦਾਹੀ ਭੱਜਦੇ ਸਾਰੇ,
ਝੱਟ ਜਾ ਕੇ ਲਾਈਨ ’ਚ ਲੱਗਦੇ ਸਾਰੇ ।
ਤੁਰਦੇ ਨਾਲ ਅਸੂਲ ਬੜਾ ਹੈ,
ਸੋਹਣਾ ਮੇਰਾ ਸਕੂਲ ਬੜਾ ਹੈ ।
ਲੈ ਕੇ ਨਾਮ ਗੁਰਾਂ ਦਾ ਕਰਦੇ ਸ਼ੁਰੂਆਤ,
ਨਾਲ ਸ਼ੌਂਕ ਦੇ ਦੇਖੋ ਪੀਟੀ ਕਰਨ ਜਵਾਕ ।
ਸੋਹਣਾ ਇਹ ਮਜ਼ਮੂਨ ਬੜਾ ਹੈ,
ਸੋਹਣਾ ਮੇਰਾ ਸਕੂਲ ਬੜਾ ਹੈ।
ਦੱਬ ਕੇ ਕਰੀਏ ਇਸ ਤੋਂ ਬਾਅਦ ਪੜ੍ਹਾਈ,
ਅੱਧੀ ਛੁੱਟੀ ਖਾਣਾ ਖਾ ਕੇ ਖੇਡੀਏ ਭਾਈ।
ਆਉਂਦਾ ਓਦੋਂ ਸਰੂਰ ਬੜਾ ਹੈ,
ਸੋਹਣਾ ਮੇਰਾ ਸਕੂਲ ਬੜਾ ਹੈ ।
ਫੁੱਲਾਂ ਸੰਗ ਅਸੀਂ ਫੁੱਲਾਂ ਵਰਗੇ ਲੱਗੀਏ,
ਟੁੱਟ ਨਾ ਜਾਵਣ ਬੋਚ-ਬੋਚ ਕੇ ਭੱਜੀਏ।
ਤੱਕਦਾ ਮਾਲੀ ਦੂਰ ਖੜ੍ਹਾ ਹੈ,
ਸੋਹਣਾ ਮੇਰਾ ਸਕੂਲ ਬੜਾ ਹੈ।
ਬਲਜੀਤ ਫੇਰ ਜਮਾਤਾਂ ਲਾਈਏ ਜਾ,
ਸਾਰੀ ਛੁੱਟੀ ਮਿਲੇ ਤੋਂ ਚੜ੍ਹਦਾ ਚਾਅ।
ਰਹਿੰਦਾ ਬਿਜੀ ਸ਼ਡਿਊਲ ਬੜਾ ਹੈ,
ਸੋਹਣਾ ਮੇਰਾ ਸਕੂਲ ਬੜਾ ਹੈ।
ਬਲਜੀਤ ਸਿੰਘ ਅਕਲੀਆ,
ਸ. ਮਿ. ਸ. ਛਿਛਰੇਵਾਲ (ਤਰਨ ਤਾਰਨ)।
ਮੋ. 98721-21002
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.