ਮੋਬਾਇਲ ਖੇਡਾਂ ਦੀ ਮਾਰ ਤੋਂ ਬਚੀਏ

ਮੋਬਾਇਲ ਖੇਡਾਂ ਦੀ ਮਾਰ ਤੋਂ ਬਚੀਏ

ਮੋਬਾਇਲ ਖੇਡਾਂ ਮੋਬਾਇਲ ਫੋਨ ਉੱਪਰ ਖੇਡੀਆਂ ਜਾਣ ਵਾਲੀਆਂ ਡਿਜ਼ੀਟਲ ਖੇਡਾਂ ਹਨ। ਇਹ ਖੇਡਾਂ ਅੱਜ ਦੇ ਸਮੇਂ ਦਾ ਟਾਈਮ-ਪਾਸ ਲਈ ਸਭ ਤੋਂ ਵੱਧ ਪਸੰਦੀਦਾ ਸਾਧਨ ਬਣ ਚੁੱਕੀਆਂ ਹਨ। ਪਰ ਇਸ ਨੂੰ ਟਾਈਮ-ਪਾਸ ਨਹੀਂ, ਟਾਈਮ-ਪਾਸ ਦੀ ਆੜ ਵਿੱਚ ਟਾਈਮ ਬਰਬਾਦ ਕਿਹਾ ਜਾ ਸਕਦਾ ਹੈ। ਇਸ ਦੌਰ ਤੋਂ ਪਹਿਲਾਂ ਬੱਚੇ ਲੁਕਣਮੀਚੀ, ਚੋਰ-ਸਿਪਾਹੀ, ਸ਼ੱਕਰ-ਭਿੱਜੀ, ਬਾਂਦਰ-ਕਿੱਲਾ, ਗੁੱਲੀ-ਡੰਡਾ ਆਦਿ ਖੇਡਾਂ ਖੇਡਦੇ ਸਨ ਅਤੇ ਨੌਜਵਾਨ ਕਬੱਡੀ, ਕੁਸ਼ਤੀ, ਛਾਲ, ਵਾਲੀਬਾਲ, ਖਿੱਦੋ-ਖੂੰਡੀ ਆਦਿ ਖੇਡਾਂ ਖੇਡਦੇ ਸਨ। ਮੋਬਾਇਲ ਖੇਡਾਂ ਨੇ ਸਾਡੀਆਂ ਇਹਨਾਂ ਰਵਾਇਤੀ ਖੇਡਾਂ ਨੂੰ ਨਿਗਲ ਲਿਆ ਹੈ।

ਉਕਤ ਸਾਰੀਆਂ ਹੀ ਖੇਡਾਂ ਕਸਰਤ ਅਤੇ ਮਨਪ੍ਰਚਾਵੇ ਦਾ ਵਧੀਆ ਸਾਧਨ ਸਨ। ਇਹਨਾਂ ਖੇਡਾਂ ਵਿੱਚ ਇੱਕ ਤੋਂ ਵੱਧ ਖਿਡਾਰੀ ਹੁੰਦੇ ਸਨ। ਇਕੱਲਾ ਖਿਡਾਰੀ ਇਹਨਾਂ ਖੇਡਾਂ ਨੂੰ ਖੇਡਣ ਦੇ ਸਮਰੱਥ ਨਹੀਂ ਸੀ। ਇਹਨਾਂ ਖੇਡਾਂ ਨੂੰ ਖੇਡਣ ਲਈ ਖੇਡ ਦੇ ਮੈਦਾਨ ਵਿਚ ਜਾਣਾ ਪੈਂਦਾ ਸੀ। ਜਿਸ ਨਾਲ ਖਿਡਾਰੀ ਦੀ ਸਰੀਰਕ ਸ਼ਕਤੀ ਵਧਣ ਦੇ ਨਾਲ-ਨਾਲ ਉਸ ਅੰਦਰ ਕੰਮ ਕਰਨ ਦਾ ਉਤਸ਼ਾਹ, ਟੀਮ ਵਿੱਚ ਕੰਮ ਕਰਨ ਦੀ ਆਦਤ, ਨੈਤਿਕਤਾ, ਸਹਿਣਸ਼ੀਲਤਾ ਅਤੇ ਇੱਕਜੁਟਤਾ ਆਦਿ ਵਰਗੇ ਗੁਣ ਪੈਦਾ ਹੁੰਦੇ ਸਨ। ਪਰ ਅੱਜ ਦੇ ਸਮੇਂ ਵਿੱਚ ਮੋਬਾਇਲ ਫੋਨ ਨੇ ਵਿਅਕਤੀ ਨੂੰ ਬੜੀ ਬੁਰੀ ਤਰ੍ਹਾਂ ਆਪਣੀ ਜਕੜ ਵਿੱਚ ਲਿਆ ਹੋਇਆ ਹੈ।

ਮੋਬਾਇਲ ਫੋਨ ਰਾਹੀਂ ਸੋਸ਼ਲ-ਮੀਡੀਆ ਤੋਂ ਬਾਅਦ ਮੋਬਾਇਲ ਖੇਡਾਂ ਦਾ ਨੰਬਰ ਆਉਂਦਾ ਹੈ। ਜੋ ਸਮਾਂ ਪਰਿਵਾਰ ਨਾਲ ਬਿਤਾਉਣਾ ਸੀ, ਉਹ ਸੋਸ਼ਲ ਮੀਡੀਆ ਜਾਂ ਮੋਬਾਇਲ ਖੇਡਾਂ ਖਾ ਰਹੀਆਂ ਹਨ। ਮੋਬਾਇਲ ਖੇਡ ਖੇਡਣ ਲਈ ਖਿਡਾਰੀ ਨੂੰ ਖੇਡ ਦੇ ਮੈਦਾਨ ਜਾਣ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਕਮਰੇ ‘ਚ ਆਪਣੇ ਬੈੱਡ ਜਾਂ ਕੁਰਸੀ ਉੱਪਰ ਬੈਠਾ ਹੀ ਆਨਲਾਈਨ ਖੇਡ ਸਕਦਾ ਹੈ।

ਖਿਡਾਰੀ ਆਲਸੀ ਹੋ ਜਾਂਦਾ ਹੈ। ਸਰੀਰਕ ਹਿੱਲਜੁੱਲ ਨਾ ਹੋਣ ਕਾਰਨ ਖਿਡਾਰੀ ਨੂੰ ਮੁਟਾਪੇ ਦੀ ਬਿਮਾਰੀ ਘੇਰ ਲੈਂਦੀ ਹੈ। ਮੁਟਾਪਾ ਆਪਣੇ ਨਾਲ ਹੋਰ ਕਿੰਨੀਆਂ ਹੀ ਬਿਮਾਰੀਆਂ ਨੂੰ ਲੈ ਕੇ ਆਉਂਦਾ ਹੈ। ਮੋਬਾਇਲ ਫੋਨ ਦੀ ਸਕਰੀਨ ਨਾਲ ਅੱਖਾਂ ਦੀ ਰੌਸ਼ਨੀ ਉੱਤੇ ਮਾੜਾ ਅਸਰ ਪੈਂਦਾ ਹੈ। ਖੇਡਦੇ ਸਮੇਂ ਪਰਿਵਾਰ ਵੱਲੋਂ ਵਿਘਨ ਪਾਉਣ ਨੂੰ ਖਿਡਾਰੀ ਬਰਦਾਸ਼ਤ ਨਹੀਂ ਕਰਦਾ, ਜਿਸ ਕਾਰਨ ਉਸ ਦੇ ਸੁਭਾਅ ਵਿੱਚ ਚਿੜਚਿੜਾਪਣ ਆ ਜਾਂਦਾ ਹੈ।

ਅੱਜ ਦੇ ਸਮੇਂ ਦੀ ਸਭ ਤੋਂ ਵੱਧ ਖੇਡੀ ਜਾਣ ਵਾਲੀ ਡਿਜ਼ੀਟਲ ਖੇਡ ਪਬਜੀ ਹੈ, ਜੋ ਕਿ ਇੰਟਰਨੈੱਟ ‘ਤੇ ਆਨਲਾਈਨ ਹੀ ਮੋਬਾਇਲ ਫੋਨ ਜਾਂ ਕੰਪਿਊਟਰ ‘ਤੇ ਖੇਡੀ ਜਾ ਸਕਦੀ ਹੈ। ਪਬਜੀ ਇੱਕ ਬੈਟਲ ਰਾਇਲ ਖੇਡ ਹੈ। ਇਸ ਦਾ ਇੱਕ ਮੈਚ 100 ਖਿਡਾਰੀਆਂ ਦੇ ਜੁੜ ਜਾਣ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ। ਇਸ ਵਿੱਚ ਇਕੱਠੇ 100 ਖਿਡਾਰੀਆਂ ਨੂੰ ਇੱਕ ਲੜਾਈ ਦੇ ਮੈਦਾਨ ਵਿੱਚ ਉਤਾਰ ਦਿੱਤਾ ਜਾਂਦਾ ਹੈ। ਹਰ ਇੱਕ ਖਿਡਾਰੀ ਮਰਨ ਤੱਕ ਖੇਡਦਾ ਹੈ।

100 ਖਿਡਾਰੀਆਂ ਵਿੱਚੋਂ ਆਖਿਰ ਤੱਕ ਜ਼ਿੰਦਾ ਰਹਿਣ ਵਾਲਾ ਖਿਡਾਰੀ ਜੇਤੂ ਕਰਾਰ ਦਿੱਤਾ ਜਾਂਦਾ ਹੈ। ਇਸ ਤੋਂ ਅੱਗੇ ਹੋਰ ਟਾਰਗੇਟ ਦਿੱਤੇ ਜਾਂਦੇ ਹਨ। ਇਸ ਖੇਡ ਵਿੱਚ ਇੱਕ ਸਮੇਂ 100 ਨੌਜਵਾਨ ਆਪਣਾ ਕੰਮ-ਕਾਰ ਛੱਡ ਕੇ ਮੋਬਾਇਲ ਨਾਲ ਸਿੱਧੇ ਤੌਰ ‘ਤੇ ਜੁੜ ਜਾਂਦੇ ਹਨ। ਇੱਕ ਸਮੇਂ ਹੀ ਕਿੰਨੇ ਹੋਰ ਮੈਚ ਚੱਲ ਰਹੇ ਹੁੰਦੇ ਹਨ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇੱਕੋ ਸਮੇਂ ਲੱਖਾਂ ਨੌਜਵਾਨ/ਬੱਚੇ ਕੰਮ-ਕਾਰ ਕਰਨ ਨਾਲੋਂ ਮੋਬਾਇਲ ਖੇਡਾਂ ਖੇਡਣ ਵਿੱਚ ਲੱਗੇ ਹੁੰਦੇ ਹਨ।

ਇਹ ਸਿਰਫ਼ ਇੱਕ ਮੋਬਾਇਲ ਖੇਡ ਹੈ, ਇਸ ਤੋਂ ਬਿਨਾਂ ਵੀ ਕਿੰਨੀਆਂ ਹੋਰ ਮੋਬਾਇਲ ਖੇਡਾਂ ਹਨ। ਜੋ ਵਿਅਕਤੀਗਤ ਅਤੇ ਟੀਮ ਨਾਲ ਖੇਡੀਆਂ ਜਾਂਦੀਆਂ ਹਨ। ਇਸ ਕਾਰਨ ਬੇਕਾਰੀ ਦਿਨੋ-ਦਿਨ ਵਧ ਰਹੀ ਹੈ। ਇਹ ਖੇਡਾਂ, ਖੇਡਣ ਵਾਲੇ ਦੀ ਮਾਨਸਿਕਤਾ ਉੱਪਰ ਡੂੰਘਾ ਪ੍ਰਭਾਵ ਪਾਉਂਦੀਆਂ ਹਨ। ਇਹ ਖਿਡਾਰੀਆਂ ਅੰਦਰ ਦੁਸ਼ਮਨੀ ਦੀ ਭਾਵਨਾ ਨੂੰ ਪੈਦਾ ਕਰਦੀਆਂ ਹਨ। ਇਹਨਾਂ ਖੇਡਾਂ ਵਿੱਚ ਮਾਰ-ਧਾੜ ਕਰਕੇ ਪੁਲਿਸ ਜਾਂ ਦੁਸ਼ਮਣ ਤੋਂ ਬਚਦੇ ਹੋਏ ਹੋਏ ਆਪਣੀ ਮੰਜ਼ਿਲ ਸਰ ਕਰਨ ਦਾ ਟਾਰਗੇਟ ਦਿੱਤਾ ਜਾਂਦਾ ਹੈ।

ਇਹ ਡਿਜ਼ੀਟਲ ਖੇਡਾਂ ਮਾਰ-ਧਾੜ ਜਾਂ ਲੁੱਟ-ਮਾਰ ਨੂੰ ਉਤਸ਼ਾਹਿਤ ਕਰਦੀਆਂ ਹਨ। ਖੇਡਣ ਵਾਲਾ ਖੇਡ ਤੋਂ ਬਾਹਰ ਆਮ ਜ਼ਿੰਦਗੀ ਵਿੱਚ ਵੀ ਇਸ ਨੂੰ ਅਜ਼ਮਾ ਕੇ ਦੇਖਣ ਲੱਗਦਾ ਹੈ। ਜਿਸ ਕਾਰਨ ਸਮਾਜ ਵਿੱਚ ਮੋਹ-ਪਿਆਰ ਦੀ ਭਾਵਨ ਘਟ ਕੇ ਲੜਾਈ-ਝਗੜੇ ਵਧ ਰਹੇ ਹਨ। ਇਸ ਤੋਂ ਇਲਾਵਾ ਬਲੂ ਵੇਲ੍ਹ ਜਿਹੀਆਂ ਮੋਬਾਇਲ ਖੇਡਾਂ ਖਿਡਾਰੀ ਨੂੰ ਖੁਦਕੁਸ਼ੀ ਕਰਨ ਲਈ ਵੀ ਮਜਬੂਰ ਕਰ ਦਿੰਦੀਆਂ ਹਨ।

ਇਹਨਾਂ ਖੇਡਾਂ ਦਾ ਰੁਝਾਨ ਸਿਰਫ ਬੱਚਿਆਂ ਵਿੱਚ ਹੀ ਨਹੀਂ ਸਗੋਂ ਇਹ ਹਰ ਉਮਰ ਦੇ ਮੋਬਾਇਲ ਵਰਤੋਂਕਾਰ ਵਿੱਚ ਦੇਖਣ ਵਿੱਚ ਆਇਆ ਹੈ। ਦਫ਼ਤਰੀ ਕੰਮ-ਕਾਰ ਕਰਨ ਵਾਲੇ ਲੋਕ ਵੀ ਇਸ ਦੀ ਮਾਰ ਤੋਂ ਬਚੇ ਨਹੀਂ ਹਨ। ਮੋਬਾਇਲ ਖੇਡਾਂ ਅੱਜ ਦੇ ਸਮੇਂ ਡਿਜ਼ੀਟਲ ਨਸ਼ੇ ਦਾ ਰੂਪ ਲੈ ਚੁੱਕੀਆਂ ਹਨ, ਜੋ ਕਿ ਬੱਚਿਆਂ ਅਤੇ ਨੌਜਵਾਨਾਂ ਦੀ ਸਰੀਰਕ ਸ਼ਕਤੀ ਨੂੰ ਹੀ ਨਹੀਂ ਸਗੋਂ ਮਾਨਸਿਕ ਸ਼ਕਤੀ ਨੂੰ ਵੀ ਘੁਣ ਵਾਂਗ ਖਾ ਰਿਹਾ ਹੈ। ਸਾਡੇ ਬੱਚਿਆਂ ਅਤੇ ਨੌਜਵਾਨਾਂ ਨੂੰ ਇਸ ਵੱਲੋਂ ਮੋੜ ਕੇ ਕਬੱਡੀ, ਵਾਲੀਬਾਲ, ਐਥਲੈਟਿਕਸ ਆਦਿ ਅਤੇ ਸਾਡੀਆਂ ਰਵਾਇਤੀ ਖੇਡਾਂ ਨਾਲ ਜੋੜਨ ਲਈ ਲੋੜੀਂਦੇ ਉਪਰਾਲੇ ਕਰਨ ਦੀ ਲੋੜ ਹੈ।

ਕਾਲਜ ਆਫ ਕਮਿਊਨਟੀ ਸਾਇੰਸ, ਪੀ.ਏ.ਯੂ,
ਲੁਧਿਆਣਾ  ਮੋ. 91536-00038
ਸੰਦੀਪ ਕੌਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।