ਧਾਰਮਿਕ ਅਸਥਾਨ ਦੇ ਪ੍ਰਬੰਧਕ ਦੀ ਦਲੇਰੀ ਨਾਲ ਅਣਪਛਾਤਿਆਂ ਵੱਲੋਂ ਕੀਤੀ ਗਈ ਲੁੱਟ ਦੀ ਕੋਸ਼ਿਸ ਅਸਫ਼ਲ

26----4

ਪ੍ਰਬੰਧਕ ਦੁਆਰਾ ਕੀਤੀ ਗਈ ਫਾਇਰਿੰਗ ਨਾਲ ਇੱਕ ਲੁਟੇਰੇ ਦੀ ਕੱਟੀ ਗਈ ਉਂਗਲ

(ਜਸਵੀਰ ਸਿੰਘ ਗਹਿਲ) ਬਰਨਾਲਾ। ਬਰਨਾਲਾ-ਮੋਗਾ ਨੈਸ਼ਨਲ ਹਾਈਵੇ ਉੱਪਰ ਪਿੰਡ ਚੀਮਾ ਵਿਖੇ ਲੰਘੀ ਰਾਤ ਇੱਕ ਆਸ਼ਰਮ ਦੇ ਪ੍ਰਬੰਧਕ ਦੁਆਰਾ ਕੁਝ ਅਣਪਛਾਤਿਆਂ ਵੱਲੋਂ ਸੇਵਾਦਾਰਾਂ ਨੂੰ ਬੰਨ ਕੇ ਲੁੱਟ ਕੀਤੇ ਜਾਣ ਦੀ ਕੋਸ਼ਿਸ ਨੂੰ ਅਸਫ਼ਲ ਕਰ ਦਿੱਤਾ ਗਿਆ। ਪਰ ਪ੍ਰਬੰਧਕ ਦੁਆਰਾ ਕੀਤੀ ਗਈ ਫਾਇਰਿੰਗ ’ਚ ਕਾਰਨ ਇੱਕ ਲੁਟੇਰੇ ਜਖ਼ਮੀ ਹੋ ਗਿਆ। ਆਸ਼ਰਮ ਪ੍ਰਬੰਧਕ ਬਾਬਾ ਸੁੰਦਰ ਦਾਸ ਨੇ ਦੱਸਿਆ ਕਿ ਲੰਘੀ ਰਾਤ ਕਰੀਬ ਸਵਾ ਕੁ ਇੱਕ ਵਜੇ ਦੇ ਕਰੀਬ 7-8 ਅਣਪਛਾਤੇ ਨੌਜਵਾਨ ਉਨ੍ਹਾਂ ਦੇ ਆਸ਼ਰਮ ’ਚ ਆ ਧਮਕੇ।

ਜਿਨ੍ਹਾਂ ਆਸ਼ਰਮ ਦੇ ਇੱਕ ਕਮਰੇ ’ਚ ਪਏ ਤਿੰਨ ਸੇਵਾਦਾਰਾਂ ਨੂੰ ਉਨ੍ਹਾਂ ਦੀਆਂ ਪੱਗਾਂ/ਪਰਨਿਆਂ ਨਾਲ ਬੰਨ ਕੇ ਲੁੱਟ-ਖੋਹ ਦੀ ਕੋਸ਼ਿਸ ਕੀਤੀ। ਪਰ ਉਨ੍ਹਾਂ ਨੇ ਰੌਲੇ ਸੁਣਦਿਆਂ ਹੀ ਮੌਕਾ ਸੰਭਾਲਦਿਆਂ ਆਪਣੀ ਲਾਇਸੰਸੀ ਪੱਕੀ ਰਫ਼ਲ 315 ਬੋਰ ਨਾਲ ਦੋ ਫਾਇਰ ਲੁਟੇਰਿਆਂ ਵੱਲ ਅਤੇ ਦੋ ਹਵਾਈ ਫਾਇਰ ਕੀਤੇ। ਜਿਸ ਕਾਰਨ ਲੁਟੇਰੇ ਮਾਰੂ ਹਥਿਆਰ ਛੱਡ ਕੇ ਕੰਧ ਟੱਪ ਕੇ ਭੱਜਣ ’ਚ ਸਫ਼ਲ ਹੋ ਗਏ। ਜਦੋਂਕਿ ਉਂਗਲ ’ਤੇ ਫਾਇਰ ਲੱਗਣ ਕਾਰਨ ਇੱਕ ਲੁਟੇਰਾ ਜਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਜਖਮੀ ਵੱਲੋਂ ਕੰਧ ਟੱਪਣ ਸਮੇਂ ਕੰਧ ਉੱਪਰ ਕਾਫੀ ਖੂਨ ਦੇ ਨਿਸ਼ਾਨ ਹਾਲੇ ਵੀ ਦਿਖਾਈ ਦੇ ਰਹੇ ਹਨ।

ਉਨ੍ਹਾਂ ਦੱਸਿਆ ਕਿ 3-4 ਲੁਟੇਰਿਆਂ ਦੇ ਪੁਲਿਸ ਦੀ ਵਰਦੀ/ਜਾਕਟ ਪਾਈ ਹੋਈ ਸੀ ਤੇ ਇਸ ਸਬੰਧੀ ਸੂਚਨਾ ਤੁਰੰਤ ਪੁਲਿਸ ਚੌਂਕੀ ਪੱਖੋ ਕੈਚੀਆਂ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਚੌਂਕੀ ਇੰਚਾਰਜ ਤਰਸੇਮ ਸਿੰਘ, ਥਾਣਾ ਮੁਖੀ ਸਦਰ ਬਰਨਾਲਾ ਗੁਰਤਾਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਘਟਨਾਂ ਦੀ ਜਾਂਚ ਲਈ ਫਰੈਸਿਕ ਟੀਮ ਸੰਗਰੂਰ ਨੂੰ ਬੁਲਾਇਆ ਗਿਆ। ਜਿੰਨਾਂ ਘਟਨਾ ਸਥਾਨ ’ਤੇ ਕੱਟੀ ਉਂਗਲ, ਖੂਨ ਦੇ ਨਿਸ਼ਾਨ, ਮਾਰੂ ਹਥਿਆਰਾਂ ਤੋਂ ਇਲਾਵਾ ਭੰਨ ਤੋੜ ਕੀਤੇ ਸਮਾਨ ਤੋਂ ਫਿੰਗਰ ਪ੍ਰਿੰਟ ਲਏ।

ਲੁਟੇਰੇ ਹਥਿਆਰ ਛੱਡ ਕੇ ਭੱਜੇ

ਉੱਪ ਕਪਤਾਨ ਪੁਲਿਸ (ਡੀ) ਬਰਨਾਲਾ ਸੰਦੀਪ ਵੰਡੇਰਾ ਨੇ ਘਟਨਾ ਸਥਾਨ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਕੁੱਝ ਮਾਰੂ ਹਥਿਆਰ ਜੋ ਲੁਟੇਰੇ ਭੱਜਣ ਸਮੇਂ ਆਸ਼ਰਮ ’ਚ ਛੱਡ ਕੇ ਗਏ ਸਨ, ਨੂੰ ਕਬਜੇ ’ਚ ਲੈ ਲਿਆ ਹੈ ਤੇ ਆਸ਼ਰਮ ਦੇ ਪ੍ਰਬੰਧਕ ਬਾਬਾ ਸੁੰਦਰ ਦਾਸ ਦੇ ਬਿਆਨਾਂ ਦੇ ਆਧਾਰ ’ਤੇ 7-8 ਅਣਪਛਾਤੇ ਨੌਜਵਾਨਾਂ ਖਿਲਾਫ ਧਾਰਾ 458, 398, 342, 379ਬੀ, 427, 506, 148, 149 ਤਹਿਤ ਪਰਚਾ ਦਰਜ ਕਰਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ