ਨੈਸ਼ਨਲ ਹਾਈਵੇਅ ਦੇ ਬਦਲੇ ਕਰੋੜਾਂ ਦੀ ਠੱਗੀ ਮਾਰਨ ਵਾਲਿਆਂ ਖਿਲਾਫ ਆਵਾਜ਼ ਉਠਾਉਣ ‘ਤੇ ਜਾਨੋਂ ਮਾਰਨ ਦੀ ਕੋਸ਼ਿਸ਼

Mohali-News
ਮਾਮਲੇ ਬਾਰੇ ਜਾਣਕਾਰੀ ਦਿੰਦਾ ਹੋਇਆ ਪੀੜਿਤ।

ਝੂਠੇ ਕੇਸ ਦਰਜ ਕਰਵਾਉਣ ਦੇ ਲੱਗੇ ਦੋਸ਼ | National Highway

ਮੋਹਾਲੀ (ਐੱਮ ਕੇ ਸ਼ਾਇਨਾ) ਜਦੋਂ ਸਰਕਾਰ ਵੱਲੋਂ ਨੈਸ਼ਨਲ ਹਾਈਵੇਅ 71 (National Highway) ਬਣਾਉਣ ਲਈ ਜ਼ਮੀਨ ਐਕੁਆਇਰ ਕੀਤੀ ਗਈ ਸੀ ਤਾਂ ਉਸ ਜ਼ਮੀਨ ਦੇ ਬਦਲੇ ਸਰਕਾਰ ਤੋਂ ਕਰੋੜਾਂ ਰੁਪਏ ਦਾ ਮੁਆਵਜ਼ਾ ਲਿਆ ਗਿਆ ਸੀ। ਪਰ ਸਰਕਾਰੀ ਅਧਿਕਾਰੀਆਂ ਅਤੇ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਦੀ ਮਿਲੀਭੁਗਤ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਗਿਆ। ਪਰ ਜਦੋਂ ਇਸ ਸਾਰੀ ਧੋਖਾਧੜੀ ਦਾ ਪਰਦਾਫਾਸ਼ ਹੋਇਆ ਤਾਂ ਉਸ ‘ਤੇ ਬੇਰਹਿਮੀ ਨਾਲ ਹਮਲਾ ਕਰਕੇ ਉਸ ਦੀ ਲੱਤ ਤੋੜ ਦਿੱਤੀ ਗਈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਮੋਹਾਲੀ ਵਿਖੇ ਮੋਗਾ ਦੇ ਵਸਨੀਕ ਸਾਰਜ ਸਿੰਘ ਕਾਲਾ ਨੇ ਪ੍ਰੈਸ ਕਾਨਫਰੰਸ ਕਰਦਿਆਂਂ ਕੀਤਾ। ਕਾਲਾ ਨੇ ਦੱਸਿਆ ਕਿ ਉਸ ਨੇ ਇਸ ਜਾਅਲਸਾਜ਼ੀ ਵਿੱਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਚੰਡੀਗੜ੍ਹ ਵਿਜੀਲੈਂਸ ਨੂੰ ਕਈ ਸ਼ਿਕਾਇਤਾਂ ਵੀ ਦਿੱਤੀਆਂ ਸਨ ਪਰ ਉਹ ਸ਼ਿਕਾਇਤਾਂ ਮੋਗੇ ਵਿੱਚ ਹੀ ਦਰਜ ਹਨ। ਮੋਗਾ ਵਿੱਚ ਮੁਲਜ਼ਮਾਂ ਦਾ ਦਬਦਬਾ ਹੋਣ ਕਾਰਨ ਉੱਥੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।

ਸਰਕਾਰ ਤੋਂ ਮਾਰੀ ਕਰੋੜਾਂ ਰੁਪਏ ਦੀ ਠੱਗੀ | National Highway

ਕਾਲਾ ਨੇ ਦੱਸਿਆ ਕਿ ਜਦੋਂ NH-71 ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣਨਾ ਸੀ ਤਾਂ ਸਰਕਾਰ ਇਸ ਲਈ ਜ਼ਮੀਨ ਐਕੁਆਇਰ ਕਰ ਰਹੀ ਸੀ। ਉਸ ਸਮੇਂ ਪਟਵਾਰੀ ਬਲਜੀਤ ਸਿੰਘ, ਗੁਰਮੀਤ ਸਿੰਘ ਤਹਿਸੀਲਦਾਰ, ਪਟਵਾਰੀ ਨਵਦੀਪ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸਰਕਲ ਹੈੱਡ ਲਕਸ਼ਮਣ ਸਿੰਘ ਨੇ ਸਭ ਤੋਂ ਪਹਿਲਾਂ ਸਰਕਾਰ ਵੱਲੋਂ ਐਕੁਆਇਰ ਕੀਤੀਆਂ ਜ਼ਮੀਨਾਂ ਦੀ ਪੜਤਾਲ ਕਰਵਾਈ। ਇਸ ਤੋਂ ਬਾਅਦ ਉਸ ਨੇ ਬਹੁਤ ਸਸਤੇ ਭਾਅ ਜ਼ਮੀਨ ਖਰੀਦੀ। ਫਿਰ ਉਸ ਜ਼ਮੀਨ ’ਤੇ ਝੂਠੇ ਸ਼ੈਲਰ ਅਤੇ ਪੋਲਟਰੀ ਫਾਰਮ ਦਿਖਾ ਕੇ ਉਨ੍ਹਾਂ ਦੀਆਂ ਝੂਠੀਆਂ ਰਿਪੋਰਟਾਂ ਬਣਾ ਕੇ ਅੱਗੇ ਪੇਸ਼ ਕੀਤੀਆਂ ਗਈਆਂ। ਇਸੇ ਲਈ ਜਦੋਂ ਮੁਆਵਜ਼ਾ ਮਿਲਿਆ ਤਾਂ 12 ਕਰੋੜ ਰੁਪਏ ਪ੍ਰਤੀ ਏਕੜ ਮਿਲਿਆ। ਅਜਿਹਾ ਕਰਕੇ ਮੁਲਜ਼ਮਾਂ ਨੇ ਮਿਲੀਭੁਗਤ ਨਾਲ ਸਰਕਾਰ ਨਾਲ ਕਰੋੜਾਂ ਦੀ ਠੱਗੀ ਮਾਰੀ ਹੈ।

ਆਵਾਜ਼ ਬੁਲੰਦ ਕੀਤੀ ਤਾਂ ਕਰਵਾਇਆ ਜਾਨਲੇਵਾ ਹਮਲਾ

ਕਾਲਾ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਮੁਲਜ਼ਮਾਂ ਨੇ ਉਸ ਨੂੰ ਚੁੱਕ ਕੇ ਫਾਰਮ ਹਾਊਸ ਵਿੱਚ ਬੰਧਕ ਬਣਾ ਲਿਆ। ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਨ੍ਹਾਂ ਦੀ ਉਸ ਨਾਲ ਲੜਾਈ ਹੁੰਦੀ ਰਹੀ। ਇਸ ਦੌਰਾਨ ਉਸ ਦੀ ਲੱਤ ਵੀ ਟੁੱਟ ਗਈ। ਫਿਰ ਉਸ ਦਾ ਭਰਾ ਉਸ ਨੂੰ ਹਸਪਤਾਲ ਲੈ ਗਿਆ ਅਤੇ ਉੱਥੇ ਉਸ ਦਾ ਇਲਾਜ ਕਰਵਾਇਆ। ਪਰ ਇਸ ਦੇ ਬਾਵਜੂਦ ਪੁਲੀਸ ਵੱਲੋਂ ਉਸ ਖ਼ਿਲਾਫ਼ ਝੂਠੇ ਕੇਸ ਦਰਜ ਕਰਕੇ ਉਸੇ ਨੂੰ ਹੀ ਨੂੰ ਫਸਾਇਆ ਗਿਆ।

ਸਾਰੇ ਦੋਸ਼ ਬੇਬੁਨਿਆਦ, ਕਮਿਸ਼ਨਰ ਫਿਰੋਜ਼ਪੁਰ ਨੇ ਦਿੱਤੀ ਕਲੀਨ ਚਿੱਟ: ਬਲਜੀਤ ਸਿੰਘ

ਇਸ ਪੂਰੇ ਮਾਮਲੇ ਸਬੰਧੀ ਜਦੋਂ ਤਤਕਾਲੀ ਪਟਵਾਰੀ ਅਤੇ ਮੌਜੂਦਾ ਕਾਨੂੰਗੋ ਬਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰਜ ਸਿੰਘ ਵੱਲੋਂ ਜੋ ਵੀ ਦੋਸ਼ ਲਾਏ ਜਾ ਰਹੇ ਹਨ, ਉਹ ਪੂਰੀ ਤਰ੍ਹਾਂ ਬੇਬੁਨਿਆਦ ਹਨ। ਇਸ ਤੋਂ ਪਹਿਲਾਂ ਵੀ ਉਹ ਇਸ ਮਾਮਲੇ ਵਿੱਚ ਆਪਣੀਆਂ ਸ਼ਿਕਾਇਤਾਂ ਦੇ ਚੁੱਕੇ ਹਨ। ਇਸ ਸਬੰਧੀ ਪੁਲੀਸ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਉਨ੍ਹਾਂ ਅਤੇ ਹੋਰਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਸਾਰਜ ਸਿੰਘ ਉਨ੍ਹਾਂ ਨੂੰ ਬਲੈਕਮੇਲ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਸ਼ਿਕਾਇਤਾਂ ਦੇ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।

ਇਹ ਵੀ ਪੜ੍ਹੋ : ਕੇਂਦਰੀ ਜੇਲ ’ਚੋਂ 22 ਮੋਬਾਇਲ, ਇੱਕ ਸਿੰਮ ਤੇ 65 ਪੁੜੀਆਂ ਤੰਬਾਕੂ ਬਰਾਮਦ