ਭੀੜ ਤੋਂ ਅਲੱਗ ਇੱਕ ਮਨੁੱਖ ਅਟਲ ਬਿਹਾਰੀ ਵਾਜਪਾਈ

Atal, Behari, Vajpayee, Different, Crowd

‘ਵਾਜਪਾਈ ਦੀ ਜ਼ੁਬਾਨ ‘ਚ ਸਰਸਵਤੀ ਹੈ’ ਇਹ ਗੱਲ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਅਟਲ ਬਿਹਾਰੀ ਵਾਜਪਾਈ ਦੇ ਸੰਦਰਭ ‘ਚ ਕਹੀ ਸੀ। ਆਦਰ ਨਾਲ ਬੋਲਣ ਵਾਲੇ ਅਤੇ ਆਦਰ ਨਾਲ ਸੁਣਨ ਵਾਲੇ ਵਾਜਪਾਈ ਨੂੰ ਨੀਲੀ ਛੱਤ ਵਾਲੇ ਨੇ ਉਹ ਰੁੱਖਾਪਣ ਕਦੇ ਨਹੀਂ ਦਿੱਤਾ ਜੋ ਸਿਖ਼ਰ ‘ਤੇ ਬੈਠੇ ਲੋਕਾਂ ‘ਚ ਅਕਸਰ ਆ ਹੀ ਜਾਂਦਾ ਹੈ। ਸ਼ਾਇਦ ਇਹੀ ਉਨ੍ਹਾਂ ਦੇ ਜਨਤਾ ਦੇ ਹਰਮਨਪਿਆਰੇ ਨੇਤਾ ਹੋਣ ਦਾ ਕਾਰਨ ਵੀ ਹੈ।

25 ਦਸੰਬਰ 1924 ਨੂੰ ਗਵਾਲੀਅਰ ਦੇ ਇੱਕ ਮੱਧਵਰਗੀ ਪਰਿਵਾਰ ਵਿੱਚ ਜਨਮ ਲੈਣ ਵਾਲੇ ਵਾਜਪਾਈ ਦੀ ਸ਼ੁਰੂਆਤੀ ਸਿੱਖਿਆ ਗਵਾਲੀਅਰ ਦੇ ਵਿਕਟੋਰੀਆ (ਹੁਣ ਲਕਸ਼ਮੀਬਾਈ) ਕਾਲਜ ਅਤੇ ਕਾਨ੍ਹਪੁਰ ਦੇ ਡੀਏਵੀ ਕਾਲਜ ਵਿਚ ਹੋਈ। ਜਿਸ ਦਿਨ ਵਾਜਪਾਈ ਦਾ ਜਨਮ ਹੋਇਆ, ਉਹੀ ਦਿਨ ਕ੍ਰਿਸਮਸ ਦਾ ਦਿਨ ਵੀ ਸੀ। ਮਹਿਜ਼ 18 ਸਾਲ ਦੀ ਉਮਰ ਵਿੱਚ ਉਹ ਸੁਤੰਤਰਤਾ ਅੰਦੋਲਨ ਦਾ ਹਿੱਸਾ ਬਣ ਗਏ ਅਤੇ 1942 ਵਿੱਚ ਉਹ ਰਾਜਨੀਤੀ ਵਿੱਚ ਦਾਖਲ ਹੋਏ। ਇਸ ਤੋਂ ਬਾਅਦ 1951 ਵਿਚ ਉਹ ਭਾਰਤੀ ਜਨਸੰਘ ਦੇ ਸੰਸਥਾਪਕ ਮੈਂਬਰ ਬਣੇ। ਪਹਿਲੀ ਵਾਰ 1957 ਵਿਚ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਤੋਂ ਉਹ ਲੋਕ ਸਭਾ ਲਈ ਚੁਣੇ ਗਏ। ਸੰਸਦ ਵਿਚ ਆਪਣੇ ਪਹਿਲੇ ਭਾਸ਼ਣ ‘ਚ ਵਾਜਪਾਈ ਨੇ ਸਭਨਾ ਦਾ ਦਿਲ ਜਿੱਤ ਲਿਆ।ਉਨ੍ਹਾਂ ਦਾ ਭਾਸ਼ਣ ਇੰਨਾ ਗੰਭੀਰ ਸੀ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਰਤ ਯਾਤਰਾ ‘ਤੇ ਆਏ ਇੱਕ ਮਹਿਮਾਨ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ  ਇਹ ਨੌਜਵਾਨ ਇੱਕ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ। ਵਾਜਪਾਈ 47 ਸਾਲਾਂ ਤੱਕ ਸੰਸਦ ਮੈਂਬਰ ਰਹੇ । ਉਹ 10 ਵਾਰ ਲੋਕ ਸਭਾ ਅਤੇ 2 ਵਾਰ ਰਾਜ ਸਭਾ ਦੇ ਮੈਂਬਰ ਵੀ ਰਹੇ।

ਵਾਜਪਾਈ ਨੇ 1955 ‘ਚ ਪਹਿਲੀ ਵਾਰ ਚੁਣਾਵੀ ਮੈਦਾਨ ‘ਚ ਕਦਮ ਰੱਖਿਆ ਜਦੋਂ ਵਿਜੈ ਲਕਸ਼ਮੀ ਪੰਡਿਤ ਵੱਲੋਂ ਖਾਲੀ ਕੀਤੀ ਗਈ ਲਖਨਊ ਸੀਟ ਦੀਆਂ ਉਪ ਚੋਣਾਂ ‘ਚ ਉਹ ਹਾਰ ਗਏ। ਬਾਅਦ ‘ਚ ਇਸੇ ਸੰਸਦੀ ਹਲਕੇ ਤੋਂ ਜਿੱਤ ਕੇ ਪ੍ਰਧਾਨ ਮੰਤਰੀ ਅਹੁਦੇ ਤੱਕ ਪਹੁੰਚੇ। ਉੱਤਰ ਪ੍ਰ੍ਰਦੇਸ਼ ਦੀ ਬਲਰਾਮਪੁਰ ਸੀਟ ਤੋਂ 1957 ‘ਚ ਪਹਿਲੀ ਵਾਰ ਚੋਣ ਜਿੱਤ ਦੇ ਲੋਕਸਭਾ ‘ਚ ਕਦਮ ਰੱਖਿਆ। 1962 ‘ਚ ਇਸੇ ਚੋਣ ਹਲਕੇ ‘ਚ ਕਾਂਗਰਸ ਦੀ ਸੁਭੱਦਰਾ ਜੋਸ਼ੀ ਤੋਂ ਹਾਰ ਗਏ ਪਰ 1967 ‘ਚ ਉਨ੍ਹਾਂ ਨੇ ਫਿਰ ਇਸੇ ਸੀਟ ‘ਤੇ ਕਬਜਾ ਕਰ ਲਿਆ। ਉਨ੍ਹਾਂ ਨੇ 1972 ‘ਚ ਗਵਾਲੀਅਰ ਸੀਟ, 1977 ਅਤੇ 1980 ‘ਚ ਨਵੀਂ ਦਿੱਲੀ, 1991, 1996 ਅਤੇ 1998 ‘ਚ ਲਖਨਊ ਸੰਸਦੀ ਸੀਟ ‘ਤੇ ਜਿੱਤ ਹਾਸਲ ਕੀਤੀ।

ਐਮਰਜੈਂਸੀ ਦੌਰਾਨ ਜੈ ਪ੍ਰਕਾਸ਼ ਨਰਾਇਣ ਅਤੇ ਹੋਰ ਵਿਰੋਧੀ ਲੀਡਰਾਂ ਦੇ ਨਾਲ ਵਾਜਪਾਈ ਜੀ ਵੀ ਜੇਲ੍ਹ ਗਏ। ਜਦੋਂ 1977 ‘ਚ ਐਮਰਜੈਂਸੀ ਖਤਮ ਹੋ ਗਈ ਤਾਂ ਜਨਸੰਘ ਦੇ ਜਨਤਾ ਪਾਰਟੀ ‘ਚ ਤਬਦੀਲ ਹੋਣ ‘ਚ ਉਨ੍ਹਾਂ ਨੇ ਅਹਿਮ ਰੋਲ ਅਦਾ ਕੀਤਾ। ਵਾਜਪਾਈ ਨੂੰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਮਿਲਣ ਤੋਂ ਪਹਿਲਾਂ 1992 ‘ਚ ਪਦਮਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਅਤੇ 1994 ‘ਚ ਉਨ੍ਹਾਂ ਨੂੰ ਸ੍ਰੇਸ਼ਠ ਸਾਂਸਦ ਦੇ ਤੌਰ ‘ਤੇ ਗੋਵਿੰਦ ਵੱਲਭ ਪੰਤ ਅਤੇ ਲੋਕਮਾਨਿਆ ਤਿਲਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਮੁਲਕ ਦੇ ਸੁੱਘੜ-ਸਿਆਣੇ ਸਿਆਸਤਦਾਨਾਂ ਵਿਚ ਸ਼ੁਮਾਰ ਅਟਲ ਬਿਹਾਰੀ ਵਾਜਪਾਈ ਨੂੰ ਵੱਖ-ਵੱਖ ਵਿਰੋਧਾਂ ਨੂੰ ਵੀ ਮੁਹਾਰਤ ਨਾਲ ਹੱਲ ਕਰਨ ਲਈ ਜਾਣਿਆ ਜਾਂਦਾ ਹੈ। ਗੁਜਰਾਤ ਦੇ ਦੰਗਿਆਂ ਦੌਰਾਨ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਮੌਕੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਰਾਜ ਧਰਮ ਨਿਭਾਉਣ ਅਤੇ ਇਹ ਯਕੀਨੀ ਬਣਾਉਣ ਦੀ ਨਸੀਹਤ ਦਿੱਤੀ ਸੀ ਕਿ ਸਰਕਾਰੀ ਤੌਰ ‘ਤੇ ਜਾਤ, ਧਰਮ ਜਾਂ ਨਸਲ ਦੇ ਆਧਾਰ ‘ਤੇ ਕਿਸੇ ਨਾਲ ਵਿਤਕਰਾ ਨਾ ਹੋਵੇ।

ਇਸ ਤੋਂ ਦਸ ਵਰ੍ਹੇ ਪਹਿਲਾਂ ਬਾਬਰੀ ਮਸਜਿਦ ਢਾਹੇ ਜਾਣ ਸਮੇਂ ਵੀ ਭਾਜਪਾ ਵਿੱਚ ਉਹ ਇਕੱਲੇ ਅਜਿਹੇ ਆਗੂ ਸਨ ਜਿਨ੍ਹਾਂ ਇਸ ਕਾਰਵਾਈ ‘ਤੇ ਅਫਸੋਸ ਜ਼ਾਹਿਰ ਕੀਤਾ ਸੀ। ਉਨ੍ਹਾਂ ਇਸ ਘਟਨਾ ਨੂੰ ਅਫਸੋਸਜਨਕ ਕਰਾਰ ਦਿੱਤਾ ਸੀ।

1996 ਵਿੱਚ ਕੇਂਦਰ ਦੀ ਸੱਤਾ ‘ਤੇ ਭਾਜਪਾ ਦੀ ਤਾਜਪੋਸ਼ੀ ਵਾਜਪਾਈ ਦੀ ਅਗਵਾਈ ਵਿਚ ਹੋਈ। ਹਾਲਾਂਕਿ ਉਨ੍ਹਾਂ ਦੀ ਸੱਤਾ ਮਹਿਜ਼ 13 ਦਿਨ ਹੀ ਰਹੀ। ਵਾਜਪਾਈ ਦੀ ਕ੍ਰਿਸ਼ਮਈ ਸ਼ਖਸੀਅਤ ਕਾਰਨ ਭਾਜਪਾ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਅਵਿਸ਼ਵਾਸ ਮਤੇ ਦੀ ਅਗਨੀ ਪ੍ਰੀਖਿਆ ਪਾਸ ਨਹੀਂ ਕਰ ਸਕੀ ਅਤੇ ਡਿੱਗ ਗਈ। ਅਕਤੂਬਰ 1999 ਵਿੱਚ ਬਣੀ ਭਾਜਪਾ ਦੀ ਅਗਲੀ ਸਰਕਾਰ ਨੇ ਉਨ੍ਹਾਂ ਦੀ ਅਗਵਾਈ ਵਿਚ ਆਪਣਾ ਕਾਰਜਕਾਲ ਪੂਰਾ ਕੀਤਾ। ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਦੀਆਂ ਵੱਡੀਆ ਪ੍ਰਾਪਤੀਆਂ ਵਿਚ ਇੱਕ ਮਈ 1998 ਵਿੱਚ ਪਰਮਾਣੂ ਪ੍ਰੀਖਣ ਸ਼ਾਮਲ ਹੈ।

ਸਾਲ 2004 ਦੀਆਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਵਾਜਪਾਈ ਨੇ 2005 ਵਿਚ ਰਾਜਨੀਤੀ ਤੋਂ ਸੰਨਿਆਸ ਲੈ ਲਿਆ। ਉਹ ਬਿਮਾਰ ਰਹਿਣ ਲੱਗ ਪਏ ਅਤੇ ਹੌਲੀ-ਹੌਲੀ ਗੁੰਮਨਾਮ ਹੁੰਦੇ ਚਲੇ ਗਏ। 2009 ਵਿਚ ਉਨ੍ਹਾਂ ਨੇ ਇੱਕ ਸੰਸਦ ਮੈਂਬਰ ਵਜੋਂ ਆਪਣਾ ਕਾਰਜਕਾਰਲ ਪੂਰਾ ਕੀਤਾ ਅਤੇ ਮੁੜ ਕਦੇ ਚੋਣ ਨਹੀਂ ਲੜੀ। ਇਸ ਤੋਂ ਬਾਅਦ ਉਹ ਕਦੇ ਲੋਕਾਂ ਵਿਚ ਨਜ਼ਰ ਨਹੀਂ ਆਏ। ਵਾਜਪਾਈ ਰਾਸ਼ਟਰਦੂਤ ਰਸਾਲੇ ਅਤੇ ਵੀਰ ਅਰਜੁਨ ਅਖਬਾਰ ਦੇ ਸੰਪਾਦਕ ਵੀ ਰਹੇ। ਉਨ੍ਹਾਂ ਵਿਆਹ ਨਹੀਂ ਕਰਵਾਇਆ ਪਰ ਉਨ੍ਹਾਂ ਜੀਵਨ ਦੇ ਹਰ ਰੰਗ ਨੰੂੰ ਆਪਣੀਆਂ ਕਵਿਤਾਵਾਂ ਵਿੱਚ ਬਾਖੂਬੀ ਪ੍ਰਗਟਾਇਆ। ਘੱਟ ਸ਼ਬਦਾਂ ਵਿਚ ਉਨ੍ਹਾਂ ਬਾਰੇ ਦੱਸਣ ਲਈ ਉਨ੍ਹਾਂ ਦੀ ਇਹ ਸਤਰ ਕਾਫੀ ਹੈ:-

ਮੈਂ ਜੀ ਭਰ ਜੀਆ, ਮੈਂ ਮਨ ਸੇ ਮਰੂੰ, ਲੌਟਕਰ ਆਊਂਗਾ, ਕੂਚ ਸੇ ਕਿਉਂ ਡਰੂੰ?

ਠਣ ਗਈ, ਮੌਤ ਸੇ ਠਣ ਗਈ

ਕਈ ਵਰ੍ਹੇ ਪਹਿਲਾਂ ਇਨ੍ਹਾਂ ਸ਼ਬਦਾਂ ਨੂੰ ਕਾਗਜ਼ ‘ਤੇ ਦਰਜ ਕਰ ਚੁੱਕੇ ਭਾਰਤੀ ਰਾਜਨੀਤੀ ਦੇ ਸਿਖ਼ਰ ਪੁਰਸ਼ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਸਲ ਵਿਚ ਮੌਤ ਨਾਲ ਠਣ ਗਈ ਅਤੇ 16 ਅਗਸਤ 2018 ਨੂੰ ਉਹ ਸਾਨੂੰ ਸਭ ਨੂੰ ਛੱਡ ਕੇ ਅਨੰਤ ਯਾਤਰਾ ‘ਤੇ ਗਲੇ ਗਏ। ਭਾਰਤ ਰਤਨ ਨਾਲ ਸਨਮਾਨਿਤ ਵਾਜਪਾਈ ਨੂੰ ਭਾਸ਼ਾਵਾਂ, ਵਿਚਾਰਧਾਰਾਵਾਂ ਅਤੇ ਸੱਭਿਆਚਾਰਕ ਨਿਖੇੜ ਤੋਂ ਪਰ੍ਹੇ ਇੱਕ ਮਹਾਨ ਯਥਾਰਥਵਾਦੀ ਤੇ ਕ੍ਰਿਸ਼ਮਈ ਆਗੂ, ਹਰਮਨਪਿਆਰਾ ਬੇਬਾਕ ਵਕਤਾ, ਸ਼ਾਂਤੀ ਪ੍ਰੇਮੀ ਅਤੇ ਲੋਕਪ੍ਰਿਯ ਕਵੀ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ।

ਸਾਬਕਾ ਡੀ ਓ, 174 ਮਿਲਟਰੀ ਹਸਪਤਾਲ,
ਮੇਨ ਏਅਰ ਫੋਰਸ ਰੋਡ, ਬਠਿੰਡਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।