ਇਨਸਾਨੀ ਜ਼ਿੰਦਗੀ ਦੇ ਅਸਲੀ ਕਲਾਕਾਰ

Artist, human, Life

ਬਿੰਦਰ ਸਿੰਘ ਖੁੱਡੀ ਕਲਾਂ

ਇਨਸਾਨੀ ਜ਼ਿੰਦਗੀ ਬਾਰੇ ਹਰ ਇਨਸਾਨ ਦਾ ਆਪੋ ਆਪਣਾ ਨਜ਼ਰੀਆ ਹੈ।ਖੁਸ਼ੀ ਅਤੇ ਗਮੀ ਜ਼ਿੰਦਗੀ ਬਾਰੇ ਵੱਖੋ-ਵੱਖਰਾ ਅਹਿਸਾਸ ਦਿੰਦੇ ਹਨ।ਦੁਖੀ ਇਨਸਾਨ ਜਿੰਦਗੀ ਨੂੰ ਬੋਝ ਸਮਝਦਾ ਹੈ ਅਤੇ ਉਹ ਜਲਦੀ ਤੋਂ ਜਲਦੀ ਇਸ ਜ਼ਿੰਦਗੀ ਤੋਂ ਖਲਾਸੀ ਲੈ ਕੇ ਸੰਸਾਰ ਤੋਂ ਤੁਰ ਜਾਣ ਲਈ ਤਾਂਘਦਾ ਹੈ।ਖੁਸ਼ੀਆਂ ‘ਚ ਖੀਵੇ ਇਨਸਾਨ ਨੂੰ ਸੰਸਾਰ ਰੰਗਲਾ ਜਾਪਦਾ ਹੈ।ਹਰ ਕਣ ਉਸਨੂੰ ਨੱਚਦਾ ਅਤੇ ਗਾਉਂਦਾ ਪ੍ਰਤੀਤ ਹੁੰਦਾ ਹੈ।

ਉਹ ਹਜ਼ਾਰਾਂ ਸਾਲ ਲੰਬੀ ਉਮਰ ਚਾਹੁੰਦਾ ਹੈ।ਗਰੀਬੀ ਅਤੇ ਅਮੀਰੀ ਵੀ ਇਨਸਾਨੀ ਜ਼ਿੰਦਗੀ ਨੂੰ ਵੱਖੋ-ਵੱਖਰਾ ਨਜ਼ਰੀਆ ਬਖਸ਼ਦੇ ਹਨ।ਕਮਜ਼ੋਰ ਆਰਥਿਕਤਾ ਨਾਲ ਜੂਝਦੇ ਲੋਕਾਂ ਵੱਲੋਂ ਜਿੰਦਗੀ ਨੂੰ ਅਲਵਿਦਾ ਕਹਿਣ ਦੀਆਂ ਦੁਖਦਾਈ ਖਬਰਾਂ ਰੋਜ਼ਾਨਾ ਸੁਣਨ ਅਤੇ ਪੜਨ ਨੂੰ ਮਿਲਦੀਆਂ ਹਨ।ਅਮੀਰ ਇਨਸਾਨ ਨੂੰ ਮੌਤ ਵੀ ਚੇਤੇ ਨਹੀਂ ਹੁੰਦੀ।ਉਹ ਆਪਣੀ ਹੋਂਦ ਨੂੰ ਸੰਸਾਰ ‘ਤੇ ਸਦੀਵੀ   ਸਮਝ ਕੇ ਦੂਜਿਆਂ ਨਾਲ ਧੱਕੇਸ਼ਾਹੀ ਅਤੇ ਉਹਨਾਂ ‘ਤੇ ਜੁਲਮ ਕਮਾਉਣ ਦੀਆਂ ਕਾਰਵਾਈਆਂ ‘ਚ ਇੰਨ੍ਹਾ ਜਿਆਦਾ ਲੀਨ ਹੋ ਜਾਂਦਾ ਹੈ ਕਿ ਉਸਨੂੰ ਕਿਸੇ ਅਦੁੱਤੀ ਸ਼ਕਤੀ ਦਾ ਭੈਅ ਹੀ ਨਹੀਂ ਰਹਿੰਦਾ।

ਇਨਸਾਨ ਦਾ ਜ਼ਿੰਦਗੀ ਬਾਰੇ ਨਜ਼ਰੀਆ ਹੀ ਉਸ ਨੂੰ ਜ਼ਿੰਦਗੀ ਜੀਣ ਦਾ ਆਨੰਦ ਦਿੰਦਾ ਹੈ।ਇਨਸਾਨੀ ਜ਼ਿੰਦਗੀ ਦੀ ਅਨਮੋਲਤਾ ਨੂੰ ਸਮਝਣ ਵਾਲੇ ਅਕਸਰ ਕਹਿੰਦੇ ਹਨ ਕਿ ਇਨਸਾਨੀ ਜ਼ਿੰਦਗੀ ਮਾਣਨ ਲਈ ਹੈ ਲੰਘਾਉਣ ਲਈ ਨਹੀਂ।ਕਿਹਾ ਇਹ ਵੀ ਜਾਂਦਾ ਹੈ ਕਿ ਇਨਸਾਨੀ ਜ਼ਿੰਦਗੀ ਜੀਣਾ ਇੱਕ ਕਲਾ ਹੈ।ਜਿਵੇਂ ਇੱਕ ਵਧੀਆ ਕਲਾਕਾਰ ਆਪਣੀ ਕ੍ਰਿਤ ਵਿੱਚ ਜਾਨ ਪਾ ਕੇ ਆਪਣੀ ਕਲਾ ਦਾ ਲੋਹਾ ਮਨਵਾ ਲੈਂਦਾ ਹੈ,ਉਸੇ ਤਰਾਂ ਹੀ ਜ਼ਿੰਦਗੀ ਦੇ ਕਲਾਕਾਰ ਇਨਸਾਨ ਦੂਜਿਆਂ ਨੂੰ ਜ਼ਿੰਦਗੀ ਜੀਣ ਦਾ ਤਰੀਕਾ ਦੱਸ ਦਿੰਦੇ ਹਨ।ਅਸਲ ਵਿੱਚ ਜ਼ਿੰਦਗੀ ਦੇ ਅਸਲੀ ਕਲਾਕਾਰ ਤਾਂ ਥੁੜਾਂ ਅਤੇ ਚੁਣੌਤੀਆਂ ਦੇ ਰੂ-ਬ-ਰੂ ਰਹਿਕੇ ਵੀ ਮੁਸਕਰਾÀੁਂਦੇ ਰਹਿਣ ਵਾਲੇ ਲੋਕ ਹੁੰਦੇ ਹਨ।ਜ਼ਿੰਦਗੀ ਦੀ ਅਸਲੀ ਕਲਾਕਾਰੀ ਤਾਂ ਕਮਜ਼ੋਰ ਆਰਥਿਕਤਾ ਦੌਰਾਨ ਵੀ ਜ਼ਿੰਦਗੀ ਜੀਣ ਦੀ ਲਾਲਸਾ ਬਣਾਈ ਰੱਖਣ ‘ਚ ਹੈ।ਪੈਸੇ ਅਤੇ ਤਾਕਤ ਦੇ ਸਹਾਰੇ ਜ਼ਿੰਦਗੀ ਦੀਆਂ ਸਹੂਲਤਾਂ ਨੂੰਪਹੁੰਚਣ ‘ਚ ਕਾਹਦੀ ਕਲਾਕਾਰੀ ਹੈ।ਜੇਬ ਇਜ਼ਾਜਤ ਦਿੰਦੀ ਹੋਵੇ ਤਾਂ ਕੋਈ ਵੀ ਫਾਈਵ ਸਟਾਰ ਹੋਟਲ ‘ਤੇ ਖਾਣਾ ਖਾ ਸਕਦਾ ਹੈ, ਮਹਿੰਗੀਆਂ ਕਾਰਾਂ ‘ਚ ਸਫਰ ਕਰ ਸਕਦਾ ਹੈ ਅਤੇ ਵਧੀਆ ਕੱਪੜੇ ਪਹਿਨ ਸਕਦਾ ਹੈ।ਸਵਾਦ ਤਾਂ ਖਾਲੀ ਜੇਬ੍ਹ ਹੋਣ ‘ਤੇ ਜ਼ਿੰਦਗੀ ਨੂੰ ਜੀ ਆਇਆਂ ਕਹਿਣ ‘ਚ ਹੈ।ਪੈਸੇ ਦੇ ਜ਼ੋਰ ‘ਤੇ ਜਿੰਦਗੀ ਜੀਣ ਵਾਲਾ ਭਲਾ ਕਿਸੇ ਨੂੰ ਕੀ ਸੰਦੇਸ਼ ਦੇ ਸਕਦਾ ਹੈ?ਹਾਂ ਉਹ ਪੈਸਾ ਕਮਾਉਣ ਦਾ ਸੰਦੇਸ਼ ਤਾਂ ਦੇ ਸਕਦਾ ਹੈ।ਪਰ ਜ਼ਿੰਦਗੀ ਨੂੰ ਧੁਰ ਅੰਦਰੋਂ ਮਾਨਣ ਦਾ ਸੰਦੇਸ਼ ਤਾਂ ਜ਼ਿੰਦਗੀ ਦੀਆਂ ਥੁੜਾਂ ਨਾਲ ਖਹਿਕੇ ਲੰਘਣ ਵਾਲਾ ਵਿਆਕਤੀ ਹੀ ਦੇ ਸਕਦਾ ਹੈ।

ਸਵਾਲ ਖੜਾ ਹੋ ਸਕਦਾ ਹੈ ਕਿ ਭਲਾ ਖਾਲ਼ੀ ਜੇਬ ਨਾਲ ਜਿੰਦਗੀ ਦਾ ਕੀ ਲੁਤਫ ਉਠਾਇਆ ਜਾ ਸਕਦਾ ਹੈ।ਸਵਾਲ ਇਹ ਵੀ ਹੋ ਸਕਦਾ ਹੈ ਕਿ ਲੇਖ ਬਕਵਾਸ ਹੈ ਅਜਿਹਾ ਹੋ ਹੀ ਨਹੀਂ ਸਕਦਾ।ਕੀ ਰੋਜ਼ਾਨਾ ਤਿੰਨ ਸੌ ਰੁਪਏ ਜਾਂ ਕਦੇ ਕਦਾਈ ਇਸ ਤੋਂ ਵੀ ਘੱਟ ਕਮਾਉਣ ਵਾਲੇ ਲੋਕ ਹਮੇਸ਼ਾਂ ਰੋਂਦੇ ਰਹਿੰਦੇ ਹਨ? ਜਾਂ ਫਿਰ ਕੀ ਰੋਜ਼ਾਨਾ ਤਿੰਨ ਹਜ਼ਾਰ ਜਾਂ ਇਸ ਤੋਂ ਵੀ ਜਿਆਦਾ ਕਮਾਉਣ ਵਾਲੇ ਸਦਾ ਹੱਸਦੇ ਰਹਿੰਦੇ ਹਨ? ਜੇ ਅਜਿਹਾ ਹੁੰਦਾ ਤਾਂ ਮਜਦੂਰ ਸਦਾ ਰੋਂਦੇ ਰਹਿੰਦੇ ਅਤੇ ਅਮੀਰ ਸਦਾ ਹੱਸਦੇ ਰਹਿੰਦੇ।ਉਲਟ ਪ੍ਰਵਿਰਤੀਆਂ ‘ਚ ਹੱਸਣਾ ਹੀ ਤਾਂ ਜ਼ਿੰਦਗੀ ਦੀ ਕਲਾਕਾਰੀ ਹੈ।ਮਹਿਜ਼ ਰੋਜ਼ਾਨਾ ਤਿੰਨ ਸੌ ਰੁਪਏ ਕਮਾਕੇ ਵੱਡੇ-ਵੱਡੇ ਪਰਿਵਾਰ ਪਾਲਣ ਵਾਲੇ ਹੀ ਤਾਂ ਜ਼ਿੰਦਗੀ ਦੇ ਅਸਲੀ ਕਲਾਕਾਰ ਹਨ।ਪੈਸਾ ਕਮਾਉਣਾ ਕੋਈ ਕਲਾਕਾਰੀ ਨਹੀਂ।ਇਸ ਕੰਮ ਲਈ ਤਾਂ ਬਹੁਤ ਸਾਰੇ ਚੰਗੇ ਅਤੇ ਮੰਦੇ ਤਰੀਕੇ ਅਪਣਾਏ ਜਾ ਸਕਦੇ ਹਨ।ਪਰ ਮਹਿਜ਼ ਤਿੰਨ ਸੌ ਰੁਪਏ ਰੋਜ਼ਾਨਾ ਕਮਾ ਕੇ ਪਰਿਵਾਰ ਦੀਆਂ ਤਮਾਮ ਜਰੂਰਤਾਂ ਪੂਰੀਆਂ ਕਰਨ ਲਈ ਕੋਈ ਮੰਦਾ ਤਰੀਕਾ ਨਹੀਂ ਅਪਣਾਇਆ ਜਾ ਸਕਦਾ।

ਘਰੇਲੂ ਨੌਕਰਾਣੀਆਂ, ਮਜ਼ਦੂਰਾਂ ਅਤੇ ਰੇਹੜੀਆਂ ਲਾ ਕੇ ਆਪੋ ਆਪਣੇ ਪਰਿਵਾਰਾਂ ਨੂੰ ਖੁਸ਼ੀਆਂ ਦੇਣ ਵਾਲੇ ਲੋਕਾਂ ਦੇ ਹੱਥ ਚੁੰਮਣ ਨੂੰ ਦਿਲ ਕਰਦਾ ਹੈ।ਸਾਡੀ ਸੋਚ ਸ਼ਕਤੀ ਤੋਂ ਵੀ ਪਰ੍ਹੇ ਦੇ ਕਲਾਕਾਰ ਨੇ ਇਹ ਲੋਕ।ਥੁੜਾਂ ਮਾਰੀ ਜ਼ਿੰਦਗੀ ਪ੍ਰਤੀ ਵੀ ਸਾਕਾਰਤਮਕ ਨਜ਼ਰੀਆ ਰੱਖਣਾ ਹੀ ਤਾਂ ਅਸਲੀ ਕਲਾਕਾਰੀ ਹੈ।ਲੋਕਾਂ ਦੀ ਮਜਬੂਤ ਆਰਥਿਕਤਾ ਦਾ ਇਹ ਬੜੀ ਜ਼ਿੰਦਾਦਿਲੀ ਨਾਲ ਸਾਹਮਣਾ ਕਰਦੇ ਹਨ।ਦੂਜਿਆਂ ਨੂੰ ਵੇਖ ਕੇ ਨਿਰਾਸ਼ਤਾ ਦੇ ਆਲਮ ‘ਚ ਡੁੱਬ ਜਾਣਾ ਇਹਨਾਂ ਦੀ ਜੀਵਨ ਜਾਂਚ ਦਾ ਹਿੱਸਾ ਨਹੀਂ ਹੁੰਦਾ।ਲੋਕਾਂ ਦੇ ਸੰਗਰਮਰਮਰੀ ਫਰਸ਼ਾਂ ਦੀ ਤਿਆਰੀ ਕਰਕੇ ਜਾਂ ਫਿਰ ਉਹਨਾਂ ਦੀ ਸਫਾਈ ਕਰਕੇ ਖੁਦ ਕੱਚੇ ਘਰਾਂ ‘ਚ ਸੌਣ ਵਾਲੇ ਇਹਨਾਂ ਲੋਕਾਂ ਦਾ ਜਿਗਰਾ ਕਮਾਲ ਦਾ ਹੈ।

ਬੇਸ਼ੱਕ ਦੂਜਿਆਂ ਦੇ ਬੰਗਲੇ ਬਣਾਉਣਾ ਹੀ ਇਹਨਾਂ ਦਾ ਨਸੀਬ ਹੈ ਪਰ ਖੁਦ ਦੇ ਕੱਚੇ ਢਾਰਿਆਂ ‘ਚ ਕਿਲਕਾਰੀਆਂ ਮਾਰ-ਮਾਰ ਖੁਸ਼ ਹੋਣਾ ਵੀ ਤਾਂ ਇਹਨਾਂ ਦੇ ਹੀ ਹਿੱਸੇ ਆਇਆ ਹੈ।ਆਰਥਿਕਤਾ ਪੱਖੋਂ ਕਮਜ਼ੋਰ ਇਹ ਲੋਕ ਜਿੰਦਾਦਿਲੀ ਪੱਖੋਂ ਬਹੁਤ ਅਮੀਰ ਹੂੰਦੇ ਹਨ।ਇੱਕ ਕਿਸਾਨ ਦਾ ਸੀਰੀ ਕਿਸਾਨ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਮਹਿਜ਼ ਤਿੰਨ ਸੌ ਜਾਂ ਵੀਹ ਪੰਜਾਹ ਰੋਜ਼ਾਨਾ ਦੇ ਵੱਧ ਕਮਾਉਂਦਾ ਹੈ।ਪਰ ਕਿਸਾਨ ਵਾਂਗ ਫਾਹਾ ਨਹੀਂ ਲੈਂਦਾ।ਦੁਕਾਨਦਾਰ ਦਾ ਨੌਕਰ ਕਦੇ ਵੀ ਮਾਲਕ ਦੇ ਭਰੇ ਗੱਲੇ ‘ਤੇ ਹਉਕਾ ਨਹੀਂ ਲੈਂਦਾ ਕਿਉਂਕਿ ਉਸ ਕੋਲ ਸਬਰ ਦਾ ਭਰਿਆ ਗੱਲਾ ਹੁੰਦਾ ਹੈ।ਆਖਿਰ ਇੰਨੀ ਘੱਟ ਪੂੰਜੀ ‘ਚ ਕਿਵੇਂ ਸਿਰਜਦੇ ਨੇ ਇਹ ਲੋਕ ਖੁਸ਼ੀਆਂ ਦਾ ਸੰਸਾਰ?ਇਸ ਮਹਿੰਗਾਈ ਦੇ ਜਮਾਨੇ ‘ਚ ਜਦੋਂ ਹਰ ਕਹਿੰਦਾ ਕਹਾਉਂਦਾ ਰੋਂਦਾ ਫਿਰਦਾ ਹੈ ਤਾਂ ਇਹ ਲੋਕ ਕਿਵੇਂ ਸਮੇਟਦੇ ਨੇ ਆਪਣੀਆਂ ਜ਼ਰੂਰਤਾਂ ਦਾ ਸੰਸਾਰ?ਇਹਨਾਂ ਲੋਕਾਂ ਦੀ ਜਿੰਦਗੀ ਜੀਣ ਦੀ ਕਲਾਕਾਰੀ ਮੇਰੇ ਲਈ ਇੱਕ ਬੁਝਾਰਤ ਹੈ।ਇਹਨਾਂ ਜ਼ਿੰਦਗੀ ਦੇ ਅਸਲੀ ਕਲਾਕਾਰਾਂ ਨੂੰ ਮੇਰਾ ਦਿਲੋਂ ਸਲੂਟ ਹੈ।

ਗਲੀ ਨੰਬਰ 1,
ਸ਼ਕਤੀ ਨਗਰ, ਬਰਨਾਲਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।