ਸੁਨਾਮ ਸ਼ੇਰੋਂ ਕੈਂਚੀਆਂ ਤੋਂ ਸ਼ੇਰੋਂ ਲੌਂਗੋਵਾਲ ਜਾਣ ਵਾਲੀ ਸੜਕ ਦਾ ਨਾਂਅ ‘ਫਤਹਿਵੀਰ’ ਦੇ ਨਾਂਅ ‘ਤੇ ਰੱਖਣ ਨੂੰ ਪ੍ਰਵਾਨਗੀ
ਕਰਮ ਥਿੰਦ, ਸੁਨਾਮ, ਊਧਮ ਸਿੰਘ ਵਾਲਾ
ਪਿੰਡ ਭਗਵਾਨਪੁਰਾ, ਤਹਿਸੀਲ ਸੰਗਰੂਰ ਦੇ ਲੋਕਾਂ ਤੇ ਮ੍ਰਿਤਕ ਬੱਚੇ ਦੇ ਪਰਿਵਾਰ ਵੱਲੋਂ ਸੁਨਾਮ ਸ਼ੇਰੋਂ ਕੈਂਚੀਆਂ ਤੋਂ ਸ਼ੇਰੋਂ ਲੌਂਗੋਵਾਲ ਜਾਣ ਵਾਲੀ ਸੜਕ ਦਾ ਨਾਂਅ ‘ਫਤਹਿਵੀਰ ਸਿੰਘ’ ਦੇ ਨਾਂਅ ‘ਤੇ ਰੱਖਣ ਦੀ ਬੇਨਤੀ ਨੂੰ ਇੰਕ ਵਿਸ਼ੇਸ਼ ਕੇਸ ਵਜੋਂ ਲੈਂਦਿਆਂ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਹ ਮੰਦਭਾਗਾ ਦੁਖਾਂਤ ਵਾਪਰਿਆ ਸੀ ਜਦੋਂ ਛੋਟੇ ਬੱਚੇ ਫਤਹਿਵੀਰ ਦੀ ਬੋਰਵੈੱਲ ‘ਚ ਡਿੱਗ ਕੇ ਮੌਤ ਹੋ ਗਈ ਸੀ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਮੁੱਖ ਮੰਤਰੀ ਤਰਫੋਂ ਘਨਸ਼ਿਆਮ ਥੋਰੀ, ਡਿਪਟੀ ਕਮਿਸ਼ਨਰ, ਸੰਗਰੂਰ, ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ, ਰਾਜਿੰਦਰ ਸਿੰਘ ਰਾਜਾ ਤੇ ਦਮਨ ਬਾਜਵਾ ਸਮੇਤ ਮ੍ਰਿਤਕ ਬੱਚੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਉਨ੍ਹਾਂ ਮ੍ਰਿਤਕ ਬੱਚੇ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਮੰਤਰੀ ਨੇ ਦੱਸਿਆ ਕਿ ਪਰਿਵਾਰ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਤੇ ਬੇਵਕਤ ਵਿੱਛੜੀ ਨਿੱਕੀ ਰੂਹ ਨੂੰ ਸਤਿਕਾਰ ਦੇਣ ਵਜੋਂ ਸੂਬਾ ਸਰਕਾਰ ਨੇ ਇਸ ਸੜਕ ਦਾ ਨਾਂਅ ਉਸ ਬੱਚੇ (ਫਤਹਿਵੀਰ) ਦੇ ਨਾਂਅ ‘ਤੇ ਰੱਖਣ ਲਈ ਸਹਿਮਤੀ ਪ੍ਰਗਟਾਈ ਹੈ। ਇਹ 11.83 ਕਿੱਲੋਮੀਟਰ ਦੀ ਲੰਬਾਈ ਵਾਲੀ ਇੱਕ ਅਦਰ ਡਿਸਟ੍ਰਿਕਟ ਰੋਡ (ਓ. ਡੀ. ਆਰ-01) ਹੈ, ਜਿਸ ਨੂੰ ਸੀ. ਆਰ. ਐੱਫ. ਸਕੀਮ ਤਹਿਤ 5.50 ਮੀਟਰ ਤੋਂ ਵਧਾ ਕੇ 7.0 ਮੀਟਰ ਤੱਕ ਚੌੜਾ ਕੀਤਾ ਜਾ ਰਿਹਾ ਹੈ। ਬਾਅਦ ਵਿੱਚ ਸ੍ਰੀ ਸਿੰਗਲਾ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੇ ਪਰਿਵਾਰ ਵੱਲੋਂ ਇਸ ਸਬੰਧੀ ਲਿਖਤੀ ਬੇਨਤੀ ਡਿਪਟੀ ਕਮਿਸ਼ਨਰ, ਸੰਗਰੂਰ ਰਾਹੀਂ ਸੂਬਾ ਸਰਕਾਰ ਪਾਸ ਪਹੁੰਚੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।