ਦੁਸ਼ਮਣ ਲਈ ਕਾਲ ਬਣੇਗਾ ‘ਅਪਾਚੇ’

Apache, Calls, Enemy

ਫੌਜੀ ਸੁਰੱਖਿਆ: ਦੁਨੀਆ ਦਾ ਸਭ ਤੋਂ ਤਾਕਤਵਰ ਹੈਲੀਕਾਪਟਰ ਅਪਾਚੇ ਅਟੈਕ

ਯੋਗੇਸ਼ ਕੁਮਾਰ ਗੋਇਲ

ਭਾਰਤੀ ਹਵਾਈ ਫੌਜ ਨੂੰ ਅਮਰੀਕੀ ਏਅਰੋਸਪੇਸ ਕੰਪਨੀ ‘ਬੋਇੰਗ’ ਵੱਲੋਂ 22 ਅਪਾਚੇ ਗਾਰਜੀਅਨ ਅਟੈਕ ਹੈਲੀਕਾਪਟਰਾਂ ‘ਚੋਂ ਪਹਿਲਾ ਹੈਲੀਕਾਪਟਰ ਭਾਰਤ ਨੂੰ ਸੌਂਪੇ ਜਾਣ ਤੋਂ ਬਾਦ ਹਵਾਈ ਫੌਜ ਦੀ ਤਾਕਤ ‘ਚ ਹੋਰ ਇਜਾਫ਼ਾ ਹੋ ਗਿਆ ਹੈ ਇਨ੍ਹਾਂ  ਹੈਲੀਕਾਪਟਰਾਂ ਦਾ ਪਹਿਲਾ ਬੈਚ ਕਰੀਬ ਦੋ ਮਹੀਨੇ ਬਾਦ ਮਿਲਣ ਦੀ ਸੰਭਾਵਨਾ ਹੈ ਇਸ ਤੋਂ ਪਹਿਲਾਂ ਇਸ ਸਾਲ 26 ਮਾਰਚ ਨੂੰ 4 ਹੈਵੀਲਿਫ਼ਟ ਚਿਨੂਕ ਹੈਲੀਕਾਪਟਰ ਵੀ ਹਵਾਈ ਫੌਜ ਦੇ ਬੇੜੇ ‘ਚ ਸ਼ਾਮਲ ਹੋ ਗਏ ਸਨ ਤੇ 11 ਚਿਨੂਕ ਮਾਰਚ 2020 ਤੱਕ ਮਿਲਣ ਦੀ ਸੰਭਾਵਨਾ ਹੈ ਐਮਆਈ-17 ਵਰਗੇ ਮੀਡੀਅਮ ਸ਼੍ਰੇਣੀ ਦੇ ਭਾਰੀ ਵਜ਼ਨ ਚੁੱਕਣ ਵਾਲੇ ਰੂਸੀ ਲਿਫ਼ਟ ਹੈਲੀਕਾਪਟਰ ਭਾਰਤੀ ਹਵਾਈ ਫੌਜ ਕੋਲ ਪਹਿਲਾਂ ਤੋਂ ਹੀ ਮੌਜ਼ੂਦ ਸਨ ਕੁਝ ਮਹੀਨੇ ਪਹਿਲਾਂ ਰੂਸ ਦੇ ਨਾਲ ਵੀ 37 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਮਲਟੀ ਫੰਕਸ਼ਨ ਰਡਾਰ ਨਾਲ ਲੈਸ ਐਸ-400 ਐਂਟੀ ਏਅਰਕ੍ਰਾਫ਼ਟ ਮਿਜ਼ਾਇਲ ਪ੍ਰਣਾਲੀ ਦਾ ਸੌਦਾ ਕੀਤਾ ਗਿਆ ਸੀ ਜੋ ਦੁਨੀਆ ਭਰ ‘ਚ ਸਭ ਤੋਂ ਜਿਆਦਾ ਉੱਨਤ ਮਿਜ਼ਾਇਲ ਰੱਖਿਆ ਪ੍ਰਣਾਲੀਆਂ ‘ਚੋਂ ਇੱਕ ਹੈ ਅਤੇ ਹਵਾਈ ਫੌਜ ਲਈ ‘ਬੂਸਟਰ ਖੁਰਾਕ’ ਮੰਨੀ ਜਾਂਦੀ ਹੈ ਜਿੱਥੋਂ ਤੱਕ ਕਿ ‘ਅਪਾਚੇ ਗਾਰਜੀਅਨ ਅਟੈਕ’ ਦੀ ਗੱਲ ਹੈ ਤਾਂ ਇਹ ਇੱਕ ਅਜਿਹਾ ਬਹੁ-ਉਦੇਸ਼ੀ ਲੜਾਕੂ ਹੈਲੀਕਾਪਟਰ ਹੈ, ਜਿਸਨੂੰ ਖੁਦ ਅਮਰੀਕੀ ਫੌਜ ਇਸਤੇਮਾਲ ਕਰਦੀ ਹੈ ਅਮਰੀਕਾ ਦਾ ਅਪਾਚੇ ਹੈਲੀਕਾਪਟਰ ਪਹਿਲੀ ਵਾਰ ਸਾਲ 1975 ‘ਚ ਅਸਮਾਨ ‘ਚ ਉਡਾਣ ਭਰਦਾ ਨਜ਼ਰ ਆਇਆ ਸੀ ਤੇ ਸਾਲ 1986 ‘ਚ ਇਸਨੂੰ ਪਹਿਲੀ ਵਾਰ ਅਮਰੀਕੀ ਫੌਜ ‘ਚ ਸ਼ਾਮਲ ਕੀਤਾ ਗਿਆ ਸੀ ਅਮਰੀਕਾ ਨੇ ਆਪਣੇ ਇਸ ਅਪਾਚੇ ਅਟੈਕ ਹੈਲੀਕਾਪਟਰ ਦਾ ਪਨਾਮਾ ਤੋਂ ਲੈ ਕੇ ਅਫ਼ਗਾਨਿਸਤਾਨ ਤੇ ਇਰਾਕ ਤੱਕ ਦੇ ਨਾਲ ਦੁਸ਼ਮਣਾਂ ਨੂੰ ਧੁੜ ਚਟਾਉਣ ਲਈ ਇਸਤੇਮਾਲ ਕੀਤਾ ਸੀ ।

ਇਸ ਤੋਂ ਇਲਾਵਾ ਇਜ਼ਰਾਇਲ ਵੀ ਲੇਬਨਾਨ ਤੇ ਗਾਜਾ ਪੱਟੀ ‘ਚ ਆਪਣੇ ਫੌਜੀ ਅਪ੍ਰੇਸ਼ਨਾਂ ਲਈ ਅਪਾਚੇ ਦਾ ਇਸਤੇਮਾਲ ਕਰਦਾ ਰਿਹਾ ਹੈ ਭਾਰਤੀ ਹਵਾਈ ਫੌਜ ਦੀ ਜ਼ਰੂਰਤ ਮੁਤਾਬਕ ਅਪਾਚੇ ਹੈਲੀਕਾਪਟਰ ‘ਚ ਜ਼ਰੂਰੀ ਬਦਲਾਅ ਕੀਤੇ ਗਏ ਹਨ ਢਾਈ ਅਰਬ ਡਾਲਰ ਅਰਥਾਤ ਕਰੀਬ ਸਾਢੇ ਸਤਾਰਾਂ ਹਜ਼ਾਰ ਕਰੋੜ ਰੁਪਏ ਦਾ ਇਹ ਹੈਲੀਕਾਪਟਰ ਸੌਦਾ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਹੋਇਆ ਸੀ, ਜਦੋਂ ਸਤੰਬਰ 2015 ‘ਚ ਭਾਰਤ ਨੇ ਅਮਰੀਕਾ ਤੋਂ 22 ਅਪਾਚੇ ਅਤੇ 15 ਚਿਨੂਕ ਹੈਲੀਕਾਪਟਰ ਖਰੀਦਣ ਲਈ ਸੌਦਾ ਕੀਤਾ ਸੀ ਰੱਖਿਆ ਮੰਤਰਾਲੇ ਵੱਲੋਂ 2017 ‘ਚ ਵੀ 4168 ਕਰੋੜ ਰੁਪਏ ਦੀ ਲਾਗਤ ਨਾਲ ਬੋਇੰਗ ਹਥਿਆਰ ਪ੍ਰਣਾਲੀਆਂ ਸਮੇਤ ਛੇ ਤੇ ਅਪਾਚੇ ਹੈਲੀਕਾਪਟਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਸੀ ਅਪਾਚੇ ਹੈਲੀਕਾਪਟਰਾਂ ਨੂੰ ਚੀਨ ਅਤੇ ਪਾਕਿਸਤਾਨੀ ਸੀਮਾ ‘ਤੇ ਤੈਨਾਤ ਕੀਤਾ ਜਾਵੇਗਾ ਤੇ ਇਹ ਭਾਰਤੀ ਫੌਜ ਵੱਲੋਂ ਸਿਰਫ਼ ਹਮਲੇ ਕਰਨ ਦਾ ਹੀ ਕੰਮ ਕਰਨਗੇ ਇਹ ਲੜਾਕੂ ਹੈਲੀਕਾਪਟਰ ਜ਼ਮੀਨੀ ਫੋਰਸਾਂ ਦੀ ਸਹਾਇਤਾ ਲਈ ਭਵਿੱਖ ਦੇ ਕਿਸੇ ਵੀ ਸਾਂਝੇ ਅਭਿਆਨ ‘ਚ ਮਹੱਤਵਪੂਰਨ ਧਾਰ ਉਪਲੱਬਧ ਕਰਾਉਣਗੇ ਹਵਾਈ ਫੌਜ ਦਾ ਕਹਿਣਾ ਹੈ ਕਿ ਭਵਿੱਖ ‘ਚ ਫੌਜ ਨਾਲ ਕਿਸੇ ਵੀ ਤਰ੍ਹਾਂ ਦੇ ਸਾਂਝੇ ਅਪ੍ਰੇਸ਼ਨ ‘ਚ ਅਪਾਚੇ ਅਟੈਕ ਹੈਲੀਕਾਪਟਰ ਵੱਡਾ ਫਰਕ ਪੈਦਾ ਕਰਨਗੇ ਇਹੀ ਵਜ੍ਹਾ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਹਵਾਈ ਫੌਜ ‘ਚ ਇਸਦੇ ਸ਼ਾਮਲ ਹੋਣ  ਨਾਲ ਹਵਾਈ ਫੌਜ ਦੇ ਨਾਲ ਨਾਲ ਆਰਮੀ ਦੀ ਅਪ੍ਰੇਸ਼ਨਲ ਤਾਕਤ ‘ਚ ਵੀ ਕਈ ਗੁਣਾ ਵਾਧਾ ਹੋ ਜਾਵੇਗਾ ਘੱਟ ਉਚਾਈ ‘ਤੇ ਉਡਾਨ ਦੀ ਸਮਰੱਥਾ ਕਾਰਨ ਇਹ ਪਹਾੜੀ ਖੇਤਰਾਂ ‘ਚ ਲੁਕ ਕੇ ਵਾਰ ਕਰਨ ਦੀ ਸਮਰੱਥਾ ਹੈ ਅਤੇ ਇਸ ਲਿਹਾਜ਼ ਨਾਲ ਇਹ ਪਹਾੜੀ ਖੇਤਰ ‘ਚ ਹਵਾਈ ਫੌਜ ਨੂੰ ਮਹੱਤਵਪੂਰਨ ਸਮਰੱਥਾ ਅਤੇ ਤਾਕਤ ਪ੍ਰਦਾਨ ਕਰਨਗੇ ਅਪਾਚੇ ਦਾ ਡਿਜ਼ਾਇਨ ਕੁਝ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਆਸਾਨੀ ਨਾਲ ਦੁਸ਼ਮਣ ਦੀ ਕਿਲੇਬੰਦੀ ਦਾ ਪਤਾ ਕਰਕੇ ਉਸਦੇ ਇਲਾਕੇ ‘ਚ ਵੜ ਕੇ ਬਹੁਤ ਸਟੀਕ ਹਮਲੇ ਕਰਨ ਦੀ ਸਮਰੱਥ ਹੈ ਅਤੇ ਇਸਦੀਆਂ ਇਹੀ ਵਿਸ਼ੇਸ਼ਤਾਵਾਂ ਦੇ ਚਲਦੇ ਇਸ ਨਾਲ ਪੀਓਕੇ ‘ਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ‘ਚ ਭਾਰਤੀ ਫੌਜ ਨੂੰ ਮੱਦਦ ਮਿਲੇਗੀ ਅਮਰੀਕਾ ਦੇ ਐਰੀਜੋਨਾ ‘ਚ ਅਮਰੀਕੀ ਕੰਪਨੀ ਬੋਇੰਗ ਵੱਲੋਂ ਬਣਾਇਆ ਬੋਇੰਗ ਐਐਚ-64 ਈ ਅਪਾਚੇ ਦੁਨੀਆ ਦਾ ਸਭ ਤੋਂ ਆਧੁਨਿਕ ਤੇ ਘਾਤਕ ਹੈਲੀਕਾਪਟਰ ਮੰਨਿਆ ਜਾਂਦਾ ਹੈ, ਜੋ ਲਾਦੇਨ ਕਿਲਰ ਦੇ ਨਾਂਅ ਨਾਲ ਵੀ ਪ੍ਰਸਿੱਧ ਹੈ ਇਹ ਅਮਰੀਕੀ ਫੌਜ ਤੇ ਕਈ ਹੋਰ ਅੰਤਰਰਾਸ਼ਟਰੀ ਰੱਖਿਆ ਫੌਜਾਂ ਦਾ ਸਭ ਤੋਂ ਅਡਵਾਂਸ ਮਲਟੀ ਰੋਲ ਕੰਬੈਟ ਹੈਲੀਕਾਪਟਰ ਹੈ, ਜੋ ਇੱਕ ਸਮੇਂ ਕਈ ਕਾਰਜਾਂ ਨੂੰ ਅੰਜਾਮ ਦੇ ਸਕਦਾ ਹੈ ਅਮਰੀਕਾ, ਇਜ਼ਰਾਇਲ, ਮਿਸ਼ਰ ਤੇ ਨੀਦਰਲੈਂਡ ਤੋਂ ਇਲਾਵਾ ਕੁਝ ਹੋਰ ਦੇਸ਼ਾਂ ਦੀਆਂ ਫੌਜਾਂ ਵੀ ਇਸ ਹੈਲੀਕਾਪਟਰ ਦਾ ਇਸਤੇਮਾਲ ਕਰ ਰਹੀਆਂ ਹਨ ਇਸ ਲਈ ਇਨ੍ਹਾਂ ਹੈਲੀਕਾਪਟਰਾਂ ਨੂੰ ਭਾਰਤੀ ਹਵਾਈ ਫੌਜ ‘ਚ ਸ਼ਾਮਲ ਕਰਨਾ ਹਵਾਈ ਫੌਜ ਦੇ ਬੇੜੇ ਦੇ ਆਧੁਨਿਕੀਕਰਨ ਦੀ ਦਿਸ਼ਾ ‘ਚ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ।

ਗੱਲ ਕਰੀਏ ਅਪਾਚੇ ਦੀਆਂ ਵਿਸ਼ੇਸ਼ਤਾਵਾਂ ਦੀ ਤਾਂ ਇਸਦੀਆਂ ਢੇਰਾਂ ਖੁਬੀਆਂ ਇਸਨੂੰ ਭਾਰਤੀ ਹਵਾਈ ਫੌਜ ਨੂੰ ਨਵੀਂ ਤਾਕਤ ਪ੍ਰਦਾਨ ਕਰਨ ਲਈ ਭਰਪੂਰ ਹਨ ਅਪਾਚੇ ‘ਚ ਸਟੀਕ ਮਾਰ ਕਰਨ ਤੇ ਜ਼ਮੀਨ ਤੋਂ ਪੈਦਾ ਖਤਰਿਆਂ ਵਿਚਕਾਰ ਪ੍ਰਤੀਕੂਲ ਹਵਾਈ ਖੇਤਰ ‘ਚ ਚੱਲਣ ਦੀ ਅਦਭੁੱਤ ਸਮਰੱਥਾ ਹੈ ।

365 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਣ ਭਰਨ ‘ਚ ਸਮਰੱਥ ਇਹ ਹੈਲੀਕਾਪਟਰ ਤੇਜ਼ ਰਫ਼ਤਾਰ ਕਾਰਨ ਬੜੀ ਅਸਾਨੀ ਨਾਲ ਦੁਸ਼ਮਣਾਂ ਦੇ ਟੈਂਕਰਾਂ ਦੇ ਪਰਖੱਚੇ ਉਡਾ ਸਕਦਾ ਹੈ ਬਹੁਤ ਤੇਜ਼ ਰਫ਼ਤਾਰ ਨਾਲ ਦੌੜਨ ‘ਚ ਸਮਰੱਥ ਇਸ ਹੈਲੀਕਾਪਟਰ ਨੂੰ ਰਡਾਰ ‘ਤੇ ਫੜ੍ਹਨਾ ਬੇਹੱਦ ਮੁਸ਼ਕਲ ਹੈ ਇਹ ਬਗੈਰ ਪਹਿਚਾਣ ‘ਚ ਆਏ ਚਲਦੇ-ਫਿਰਦੇ ਜਾਂ ਰੁਕੇ ਹੋਏ ਟੀਚਿਆਂ ਨੂੰ ਆਸਾਨੀ ਨਾਲ ਜਾਣ ਸਕਦਾ ਹੈ ਐਨਾ ਹੀ ਨਹੀਂ, ਸਿਰਫ਼ ਇੱਕ ਮਿੰਟ ਦੇ ਅੰਦਰ ਇਹ 128 ਟੀਚਿਆਂ ਤੋਂ ਹੋਣ ਵਾਲੇ ਖਤਰਿਆਂ ਨੂੰ ਜਾਣ ਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਦੱਸ ਦਿੰਦਾ ਹੈ ਇਸਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਯੁੱਧ ਖੇਤਰ ‘ਚ ਕਿਸੇ ਵੀ ਹਾਲਤ ‘ਚ ਟਿਕਿਆ ਰਹਿ ਸਕਦਾ ਹੈ ਇਹ ਕਿਸੇ ਵੀ ਮੌਸਮ ਜਾਂ ਕਿਸੇ ਵੀ ਸਥਿਤੀ ‘ਚ ਦੁਸ਼ਮਣ ‘ਤੇ ਹਮਲਾ ਕਰ ਸਕਦਾ ਹੈ ਅਤੇ ਨਾਈਟ ਵਿਜ਼ਨ ਸਿਸਟਮ ਦੀ ਮੱਦਦ ਨਾਲ ਰਾਤ ਨੂੰ ਵੀ ਦੁਸ਼ਮਣਾਂ ਦੀ ਭਾਲ ਕਰਨ, ਹਵਾ ‘ਚੋਂ ਜ਼ਮੀਨ ‘ਤੇ ਮਾਰ ਕਰਨ ਵਾਲਾ ਰਾਕੇਟ ਸੁੱਟਣ ਅਤੇ ਮਿਜ਼ਾਇਲ ਆਦਿ ਢੋਣ ‘ਚ ਸਮਰੱਥ ਹੈ ਟਾਰਗੇਟ ਨੂੰ ਲੋਕੇਟ, ਟਰੈਕ ਤੇ ਅਟੈਕ ਕਰਨ ਲਈ ਇਸ ‘ਚ ਲੇਜ਼ਰ, ਇਫ਼ਾਰੋਡ, ਸਿਰਫ਼ ਟਾਰਗੇਟ ਨੂੰ ਹੀ ਦੇਖਣ, ਪਾਇਲਟ ਲਈ ਨਾਈਟ ਵਿਜ਼ਨ ਸੈਂਸਰ ਸਮੇਤ ਕਈ ਆਧੁਨਿਕ ਤਕਨੀਕਾਂ ਸ਼ਾਮਲ ਕੀਤੀਆਂ ਗਈਆਂ ਹਨ ਇਹ ਇੱਕ ਵਾਰ ‘ਚ ਪੌਣੇ ਤਿੰਨ ਘੰਟੇ ਤੱਕ ਉੱਡ ਸਕਦਾ ਹੈ ਅਤੇ ਇਸਦੀ ਫਲਾਇੰਗ ਰੇਂਜ ਕਰੀਬ 550 ਕਿਲੋਮੀਟਰ ਹੈ ਇਸ ਨਾਲ ਅਤਿਆਧੁਨਿਕ ਰਡਾਰ ‘ਤੇ ਨਿਸ਼ਾਨਾ ਲਾਉਣ ਵਾਲਾ ਸਿਸਟਮ ਲੱਗਾ ਹੈ ।

ਦੋ ਜਨਰਲ ਇਲੈਕਟਰੱਕ ਟੀ-700 ਹਾਈ ਫਰਫਾਰਮੈਂਸ ਟਬੋਸਾਫ਼ਟ ਇੰਜਣਾਂ ਨਾਲ ਲੈਸ ਇਸ ਹੈਲੀਕਾਪਟਰ ‘ਚ ਅਗਲੇ ਪਾਸੇ ਇੱਕ ਸੈਂਸਰ ਫਿੱਟ ਹੈ, ਜਿਸ ਦੇ ਚਲਦੇ ਇਹ ਰਾਤ ਦੇ ਹਨ੍ਹੇਰੇ ‘ਚ ਵੀ ਉਡਾਣ ਭਰ ਸਕਦਾ ਹੈ ਇਸਦਾ ਸਭ ਤੋਂ ਖਤਰਨਾਕ ਹਥਿਆਰ ਹੈ 16 ਐਂਟੀ ਟੈਂਕ ਮਿਜ਼ਾਇਲ ਛੱਡਣ ਦੀ ਸਮਰੱਥਾ ਦਰਅਸਲ ਇਸ ਨਾਲ ਹੈਲੀਕਾਪਟਰ, ਸਟਿੰਗਰ ਮਿਜ਼ਾਇਲਾਂ, 70 ਐਮਐਮ ਰਾਕੇਟ ਲੱਗੇ ਹਨ ਅਤੇ ਮਿਜ਼ਾਇਲਾਂ ਦੇ ਪੇਲੋਡ ਐਨੇ ਤੇਜ਼ ਵਿਸਫੋਟਕਾਂ ਨਾਲ ਭਰੇ ਹੁੰਦੇ ਹਨ ਕਿ ਦੁਸ਼ਮਣ ਦਾ ਬਚ ਨਿੱਕਲਣਾ ਨਾਮੁਮਕਿਨ ਹੁੰਦਾ ਹੈ ਇਸਦੇ ਬਦਲਵੇਂ ਸਟਿੰਗਰ ਜਾਂ  ਸਾਇਡਵਾਈਡਰ ਮਿਜ਼ਾਇਲ ਇਸਨੂੰ ਹਵਾ ਤੋਂ ਹਵਾ ‘ਚ ਹਮਲਾ ਕਰਨ ‘ਚ ਸਮਰੱਥ ਬਣਾਉਂਦੇ ਹਨ ਅਪਾਚੇ ਹੈਲੀਕਾਪਟਰ ਦੇ ਹੇਠਾਂ ਦੋਵੇਂ ਪਾਸੇ 30 ਐਮਐਮ ਦੀਆਂ ਦੋ ਆਟੋਮੈਟਿਕ ਰਾਇਫਲਾਂ ਵੀ ਲੱਗੀਆਂ ਹਨ, ਜਿਨ੍ਹਾਂ ‘ਚ ਇੱਕ ਵਾਰ ‘ਚ ਸ਼ਕਤੀਸਾਲੀ ਵਿਸਫੋਟਕਾਂ ਵਾਲੀਆਂ 30 ਐਮਐਮ ਦੀ 1200 ਗੋਲੀਆਂ ਭਰੀਆਂ ਜਾ ਸਕਦੀਆਂ ਹਨ ਇਸਦਾ ਸਭ ਤੋਂ ਕ੍ਰਾਂਤੀਕਾਰੀ ਫੀਚਰ ਹੈ ਇਸਦਾ ਹੈਲਮਟ ਮਾਊਟੈਂਡ ਡਿਸਪਲੇ, ਇੰਟੀਗ੍ਰੇਟੇਡ ਹੈਲਮਟ ਅਤੇ ਡਿਸਪਲੇ ਸਾਈਟਿੰਗ ਸਿਸਟਮ, ਜਿਸਦੀ ਮੱਦਦ ਨਾਲ ਪਾਇਲਟ ਹੈਲੀਕਾਪਟਰ ‘ਚ ਲੱਗੀ ਆਟੋਮੈਟਿਕ ਐਮ-230 ਚੈਨ ਗੰਨ ਨੂੰ ਆਪਣੇ ਦੁਸ਼ਮਣ ‘ਤੇ ਟਾਰਗੇਟ ਕਰ ਸਕਦਾ ਹੈ 17.73 ਮੀਟਰ ਲੰਮੇ, 4.64 ਮੀਟਰ ਉੱਚੇ ਤੇ ਕਰੀਬ 5165 ਕਿੱਲੋਗ੍ਰਾਮ ਵਜ਼ਨੀ ਇਸ ਹੈਲੀਕਾਪਟਰ ‘ਚ ਦੋ ਪਾਇਲਟਾਂ ਦੇ ਬੈਠਣ ਦੀ ਵਿਵਸਥਾ ਹੈ ਇਸਦਾ ਜ਼ਿਆਦਾ ਤੋਂ ਜ਼ਿਆਦਾ ਭਾਰ 10400 ਕਿੱਲੋਗ੍ਰਾਮ ਹੋ ਸਕਦਾ ਹੈ ਡਾਟਾ ਨੈਟਵਰਕਿੰਗ ਦੇ ਜਰੀਏ ਹਥਿਆਰ ਪ੍ਰਣਾਲੀ ਨਾਲ ਤੇ ਹਥਿਆਰ ਪ੍ਰਣਾਲੀ ਤੱਕ, ਯੁੱਧ ਖੇਤਰ ਦੀਆਂ ਤਸਵੀਰਾਂ ਪ੍ਰਾਪਤ ਕਰਨ ਤੇ ਭੇਜਣ ਦੀ ਇਸਦੀ ਸਮਰੱਥਾ ਇਸਦੀਆਂ ਖੂਬੀਆਂ ਇਸਨੂੰ ਹੋਰ ਵੀ ਘਾਤਕ ਬਣਾ ਦਿੰਦੀਆਂ ਹਨ ਕਹਿਣਾ ਗਤਲ ਨਹੀਂ ਹੋਵੇਗਾ ਕਿ ਅਪਾਚੇ ਯੁੱਧ ਦੇ ਸਮੇਂ ਗੇਮ ਚੇਂਜਰ ਹੋ ਸਕਦਾ ਹੈ ਅਤੇ ਪਹਿਲਾਂ ਐਸ-400 ਐਂਟੀ ਏਅਰਕ੍ਰਾਫ਼ਟ ਮਿਜ਼ਾਇਲ ਪ੍ਰਣਾਲੀ, ਫਿਰ ਚਿਨੂਕ, ਹੁਣ ਅਪਾਚੇ ਤੇ ਆਉਣ ਵਾਲੇ ਦਿਨਾਂ ‘ਚ ਰਾਫ਼ੇਲ ਮਿਲ ਕੇ ਭਾਰਤੀ ਹਵਾਈ ਫੌਜ ਨੂੰ ਐਨੀ ਤਾਕਤ ਪ੍ਰਦਾਨ ਕਰਨਗੇ, ਜਿਸ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਰਤ ਅਸਮਾਨ ‘ਚ ਦਿਨੋਂ-ਦਿਨ ਤਾਕਤਵਰ ਹੁੰਦਾ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।