ਅੰਮ੍ਰਿਤਸਰ : ਹੈਰੀਟੇਜ਼ ਸਟਰੀਟ ਕੋਲ ਦੂਜੇ ਦਿਨ ਇੱਕ ਹੋਰ ਧਮਾਕਾ, ਟੀਮਾਂ ਜਾਂਚ ’ਚ ਜੁਟੀਆਂ

Heritage Street
ਅੰਮ੍ਰਿਤਸਰ। ਧਮਾਕੇ ਵਾਲੇ ਸਥਾਨ 'ਤੇ ਜਾਂਚ ਕਰਦੀ ਹੋਈ ਟੀਮ।

ਅੰਮ੍ਰਿਤਸਰ। ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ‘ਹੈਰੀਟੇਜ ਸਟਰੀਟ’ (Heritage Street) ’ਤੇ ਸੋਮਵਾਰ ਸਵੇਰੇ ਇੱਕ ਹੋਰ ਧਮਾਕਾ ਹੋਣ ਦਾ ਸਮਾਚਾਰ ਮਿਲ ਰਿਹਾ ਹੈ। ਲਗਾਤਾਰ ਦੂਜੇ ਦਿਨ ਹੋਏ ਇਸ ਧਮਾਕੇ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਧਮਾਕਾ ਸੋਮਵਾਰ ਸਵੇਰੇ 6 ਵਜੇ ਦੇ ਲਗਭਗ ਹੋਇਆ ਅਤੇ ਇਸ ਵਿੱਚ ਕਿਸੇ ਦੇ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਧਮਾਕਾ ਸਨਿਚਰਵਾਰ ਅਤੇ ਐਤਵਾਰ ਦੀ ਵਿਚਾਲੀ ਰਾਤ ਨੂੰ ਹੋਏ ਧਮਾਕੇ ਤੋਂ ਲਗਪਗ 31 ਘੰਟੇ ਬਾਅਦ ਵਾਪਰਿਆ ਹੈ।

ਇਹ ਵੀ ਪੜ੍ਹੋ : ਕੀ ਤੁਸੀਂ ਜਾਣਦੇ ਹੋ ਕਾਲੇ ਤਾਜ ਮਹਿਲ ਬਾਰੇ?

ਸੋਮਵਾਰ ਦੇ ਧਮਾਕੇ ਦੀ ਖ਼ਬਰ ਮਿਲਣ ’ਤੇ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਸ: ਨੌਨਿਹਾਲ ਸਿੰਘ ਸਣੇ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ ਹਨ ਅਤੇ ਇਲਾਕੇ ਦਾ ਕੁਝ ਹਿੱਸਾ (Heritage Street) ਸੀਲ ਕੀਤਾ ਗਿਆ ਹੈ। ਯਾਦ ਰਹੇ ਕਿ ਪਹਿਲੇ ਧਮਾਕੇ ਤੋਂ ਬਾਅਦ ਮੁੱਢਲੇ ਤੌਰ ’ਤੇ ਇਹ ਕਿਹਾ ਗਿਆ ਸੀ ਕਿ ਇਹ ਧਮਾਕਾ ਪਾਰਕਿੰਗ ਦੇ ਨਾਲ ਲੱਗਦੇ ਰੈਸਟੋਰੈਂਟ ਦੀ ਚਿਮਨੀ ਦੇ ਫ਼ਟਣ ਕਾਰਨ ਹੋਇਆ ਸੀ ਪਰ ਬਾਅਦ ਵਿੱਚ ਪੁਲਿਸ ਨੇ ਇਹ ਦਾਅਵਾ ਕੀਤਾ ਕਿ ਕੁਝ ਹੋਰ ਟੁਕੜੇ ਸੜਕ ਤੋਂ ਮਿਲੇ ਹਨ। ਇਸ ਦੇ ਮੱਦੇਨਜ਼ਰ ਮੋਹਾਲੀ ਤੋਂ ਵਿਸ਼ੇਸ਼ ਫ਼ਾਰੈਂਸਿਕ ਜਾਂਚ ਟੀਮ ਬੁਲਾਈ ਗਈ ਸੀ। ਅੱਜ ਦੇ ਮਾਮਲੇ ਦੀ ਵੀ ਹੁਣ ਫ਼ਾਰੈਂਸਿਕ ਟੀਮ ’ਤੋਂ ਜਾਂਚ ਕਰਵਾਈ ਜਾ ਰਹੀ ਹੈ ਪਰ ਅਜੇ ਕੁਝ ਵੀ ਸਪਸ਼ਟ ਨਹੀਂ ਹੈ ਅਤੇ ਅਧਿਕਾਰਤ ਤੌਰ ’ਤੇ ਅਜੇ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ : ਬੀਤੇ ਦਿਨ ਵੀ ਹੋਇਆ ਸੀ ਵੱਡਾ ਧਮਾਕਾ