(Pensioners Grand Rally Sangrur) ਪੰਜਾਬ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ 10 ਸਤੰਬਰ ਨੂੰ ਕੀਤੀ ਜਾ ਰਹੀ ਹੈ ਮਹਾਂ ਰੈਲੀ
- ਪੰਜਾਬ ਦੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਲਈ ਡੀ.ਏ. ਦੀਆਂ ਬਣਦੀਆਂ ਦੋਵੇਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ
- ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਨੇ ਪੰਜਾਬ ਸਰਕਾਰ ਤੋਂ ਕੀਤੀ ਮੰਗ
ਕੋਟਕਪੂਰਾ, (ਸੁਭਾਸ਼ ਸ਼ਰਮਾ)। ਪੰਜਾਬ ਪੈਨਸ਼ਨਰਜ਼ ਯੂਨੀਅਨ ( ਰਜਿ;) ਜ਼ਿਲ੍ਹਾ ਫ਼ਰੀਦਕੋਟ ਦੀ ਮਹੀਨੇਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਚਾਨੀ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਨੇੜੇ ਪੁਰਾਣਾ ਕਿਲਾ ਵਿਖੇ ਯੂਨੀਅਨ ਦੇ ਦਫਤਰ ਵਿੱਚ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਆਗੂ ਸੋਮ ਨਾਥ ਅਰੋਡ਼ਾ ,ਇਕਬਾਲ ਸਿੰਘ ਮੰਘੇਡ਼ਾ ,ਰਛਪਾਲ ਸਿੰਘ ਭੁੱਲਰ ਤਰਸੇਮ ਨਰੂਲਾ , ਸੁਖਚੈਨ ਸਿੰਘ ਥਾਂਦੇਵਾਲਾ ਤੇ ਅਧਿਆਪਕ ਆਗੂ ਪ੍ਰੇਮ ਚਾਵਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲ ਮੁਲਾਜ਼ਮਾਂ ਤੇ ਪੈਨਸ਼ਨਰਾਂ (Pensioners Grand Rally Sangrur) ਦੀਆਂ 1 ਜੁਲਾਈ 2021 ਤੋੰ 28 ਤੋੰ 31 ਫ਼ੀਸਦੀ ਅਤੇ 1 ਜਨਵਰੀ 2022 ਤੋੰ 31 ਫ਼ੀਸਦੀ ਤੋਂ 34 ਫ਼ੀਸਦੀ ਮਹਿੰਗਾਈ ਭੱਤੇ ਦੀਆਂ ਦੋ ਬਕਾਇਆ ਕਿਸ਼ਤਾਂ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਵੱਲੋਂ ਦਿੱਤੀਆਂ ਜਾ ਚੁੱਕੀਆਂ ਹਨ।
ਪਹਿਲਾਂ ਵਾਂਗ ਪਤੀ ਅਤੇ ਪਤਨੀ ਦੋਵਾਂ ਨੂੰ ਐਲ .ਟੀ. ਸੀ. ਦੀ ਸਹੂਲਤ ਦਿੱਤੀ ਜਾਵੇ
ਆਗੂਆਂ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਬਣਦੀਆਂ ਡੀ.ਏ. ਦੀਆਂ ਦੋ ਕਿਸ਼ਤਾਂ ਤੁਰੰਤ ਦਿੱਤੀਆਂ ਜਾਣ। ਆਗੂਆਂ ਨੇ ਪੰਜਾਬ ਸਰਕਾਰ ਵੱਲੋਂ 31 ਮਈ 2022 ਨੂੰ ਲੀਵ ਟਰੈਵਲ ਕਨਸੈਸ਼ਨ (ਮੁਫ਼ਤ ਸਫ਼ਰ ਸਹੂਲਤ) ਸੰਬੰਧੀ ਜਾਰੀ ਕੀਤੇ ਗਏ ਸਪੱਸ਼ਟੀਕਰਨ ਜਿਸ ਅਨੁਸਾਰ ਪਤੀ ਜਾਂ ਪਤਨੀ ਵਿੱਚੋਂ ਕਿਸੇ ਇੱਕ ਵੱਲੋਂ ਇਹ ਸਹੂਲਤ ਲੈਣ ਸਬੰਧੀ ਆਪਣੀ ਬੈਂਕ ਨੂੰ ਅੰਡਰਟੇਕਿੰਗ ਦੇਣ ਦੀ ਕੀਤੀ ਗਈ ਹਦਾਇਤ ਨੂੰ ਪੈਨਸ਼ਨਰ ਵਿਰੋਧੀ ਕਰਾਰ ਦਿੰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਪੱਤਰ ਤੁਰੰਤ ਵਾਪਸ ਲਿਆ ਜਾਵੇ ਤੇ ਪਹਿਲਾਂ ਵਾਂਗ ਪਤੀ ਅਤੇ ਪਤਨੀ ਦੋਵਾਂ ਨੂੰ ਐਲ .ਟੀ. ਸੀ. ਦੀ ਸਹੂਲਤ ਮੁਹੱਈਆ ਕੀਤੀ ਜਾਵੇ ।
ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰੇ
ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਸਾਰੇ ਚੋਣ ਵਾਅਦੇ ਜਿਵੇਂ ਵੱਖ-ਵੱਖ ਵਿਭਾਗਾਂ ਵਿੱਚ ਪੂਰੇ ਤਨਖਾਹ ਸਕੇਲਾਂ ਵਿੱਚ ਰੈਗੂਲਰ ਭਰਤੀਆਂ ਕਰਨਾ, ਪੈਨਸ਼ਨਰਾਂ ਤੇ 2.59 ਦਾ ਗੁਣਾਂਕ ਲਾਗੂ ਕਰਕੇ ਪੈਨਸ਼ਨਾਂ ਨਿਰਧਾਰਤ ਕਰਨ , ਪਰਖ ਕਾਲ ਦੇ ਸਮੇਂ ਦੌਰਾਨ ਪੂਰੀ ਤਨਖਾਹ ਦੇਣ , ਸਮੂਹ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਤੇ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਤੁਰੰਤ ਅਨਾਮਲੀ ਕਮੇਟੀ ਦਾ ਗਠਨ ਕਰਨ ਆਦਿ ਸਾਰੇ ਮਸਲੇ ਤੁਰੰਤ ਹੱਲ ਕੀਤੇ ਜਾਣ ।
10 ਸਤੰਬਰ ਨੂੰ ਕੀਤੀ ਜਾ ਰਹੀ ਹੈ ਮਹਾਂ ਰੈਲੀ
ਪੈਨਸ਼ਨਰ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਤਾਂ ਕੀ ਪ੍ਰਵਾਨ ਕਰਨੀਆਂ ਸਨ ਸਗੋਂ ਲਗਾਤਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਤੇ ਇਨ੍ਹਾਂ ਦੀਆਂ ਲਮਕਾ ਅਵਸਥਾ ਵਿਚ ਪਈਆਂ ਮੰਗਾਂ ਦੀ ਅਣਦੇਖੀ ਕਰਕੇ ਮੀਟਿੰਗ ਦਾ ਸਮਾਂ ਦੇਣ ਤੋਂ ਵੀ ਭੱਜ ਰਹੇ ਹਨ । ਮੀਟਰ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਵਤੀਰੇ ਦੀ ਖ਼ਿਲਾਫ਼ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ 10 ਸਤੰਬਰ ਨੂੰ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ।
ਮੀਟਿੰਗ ਨੇ ਇੱਕ ਮਤਾ ਪਾਸ ਕਰਕੇ ਖੁਰਾਕ ਤੇ ਸਪਲਾਈ ਵਿਭਾਗ ਦੇ ਸਾਬਕਾ ਆਗੂ ਬਾਬੂ ਸਿੰਘ ਬਰਾਡ਼ ਅਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਢਿੱਲੋਂ ਦੇ ਪਿਤਾ ਜਗਸੀਰ ਸਿੰਘ ਢਿੱਲੋਂ ਪਿੰਡ ਵਾਂਦਰ ਜਟਾਣਾ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਗੁਰਾ ਸਿੰਘ ਢਿੱਲਵਾਂ , ਗੇਜ ਰਾਮ ਭੌਰਾ ,ਮੇਜਰ ਸਿੰਘ ,ਪ੍ਰਿੰਸੀਪਲ ਦਰਸ਼ਨ ਸਿੰਘ ਤੇ ਅਮਰਜੀਤ ਕੌਰ ਛਾਬਡ਼ਾ ਆਦਿ ਸ਼ਾਮਲ ਸਨ ।
ਮੁੱਖ ਮੰਗਾਂ
- 10 ਸਤੰਬਰ ਨੂੰ ਕੀਤੀ ਜਾ ਰਹੀ ਮਹਾਂ ਰੈਲੀ
- ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ
- ਪੰਜਾਬ ਦੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਲਈ ਡੀ.ਏ. ਦੀਆਂ ਬਣਦੀਆਂ ਦੋਵੇਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ
- ਆਗੂਆਂ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਬਣਦੀਆਂ ਡੀ.ਏ. ਦੀਆਂ ਦੋ ਕਿਸ਼ਤਾਂ ਤੁਰੰਤ ਦਿੱਤੀਆਂ ਜਾਣ।
- ਸਮੂਹ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ
- ਪੈਨਸ਼ਨਰਾਂ ਤੇ 2.59 ਦਾ ਗੁਣਾਂਕ ਲਾਗੂ ਕਰਕੇ ਪੈਨਸ਼ਨਾਂ ਨਿਰਧਾਰਤ ਕਰਨ
- ਪਰਖ ਕਾਲ ਦੇ ਸਮੇਂ ਦੌਰਾਨ ਪੂਰੀ ਤਨਖਾਹ ਦੇਣ
- ਵੱਖ-ਵੱਖ ਵਿਭਾਗਾਂ ਵਿੱਚ ਪੂਰੇ ਤਨਖਾਹ ਸਕੇਲਾਂ ਵਿੱਚ ਰੈਗੂਲਰ ਭਰਤੀਆਂ ਕਰਨ
ਇਹ ਵੀ ਪੜ੍ਹੋ … ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਪੰਜਾਬ ਵੱਲੋਂ ਪੀ ਆਰ ਟੀ ਸੀ ਦੇ ਨਿੱਜੀਕਰਨ ਵਿਰੁੱਧ ਮੁੱਖ ਦਫ਼ਤਰ ਦਾ ਘਿਰਾਓ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ