ਖੱਟਕੜ ਕਲਾਂ ਵਿਖੇ ਅਮਰਿੰਦਰ ਚੁਕਵਾਉਣਗੇ ਸਹੁੰ, ‘ਨਹੀਂ ਖਾਣਗੇ ਜ਼ਿੰਦਗੀ ਭਰ ਨਸ਼ਾ’

Amarinder, Receives, KhattkarKalan, Lifelong, Drug

ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 23 ਮਾਰਚ ਮੌਕੇ ਰੱਖਿਆ ਜਾ ਰਿਹਾ ਐ ਨਸ਼ਾ ਛੱਡਣ ਦਾ ਸਹੁੰ ਚੁੱਕ ਸਮਾਗਮ

  • ਖਟਕੜ ਕਲਾਂ ਵਿਖੇ 50 ਹਜ਼ਾਰ ਯੂਥ ਚੁੱਕੇਗਾ ਸਹੁੰ, ਪੰਜਾਬ ਭਰ ਤੋਂ ਪੁੱਜਣਗੇ ਨੌਜਵਾਨ
  • ਪੰਜਾਬ ਭਰ ‘ਚ ਹੋਣਗੇ ਸਮਾਗਮ, ਅਮਰਿੰਦਰ ਸਿੰਘ ਰਹਿਣਗੇ ਖਟਕੜ ਕਲਾਂ ਵਿਖੇ ਮੌਜ਼ੂਦ
  • ਕੈਬਨਿਟ ਮੰਤਰੀਆਂ ਤੋਂ ਲੈ ਕੇ ਵਿਧਾਇਕ ਤੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਬੀਡੀਓ ਤੱਕ ਚੁਕਵਾਉਣਗੇ ਸਹੁੰ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਨਸ਼ਾ ਜੜ੍ਹੋਂ ਖ਼ਤਮ ਕਰਨ ਦਾ ਐਲਾਨ ਕਰਨ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਹੁਣ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਨੂੰ ਨਸ਼ਾ ਨਾ ਖਾਣ ਸਬੰਧੀ ਸਹੁੰ ਚੁਕਵਾਉਣ ਜਾ ਰਹੀ ਹੈ। ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀ ਗਈਆਂ ਹਨ ਤੇ ਮੁੱਖ ਸਮਾਗਮ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਧਰਤੀ ਖਟਕੜ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਦੇ 50 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਹੁੰ ਚੁਕਵਾਉਣਗੇ। ਨਸ਼ਾ ਛੱਡਣ ਲਈ ਸਹੁੰ ਚੁੱਕ ਸਮਾਗਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਹੀ ਰੱਖਿਆ ਗਿਆ ਹੈ।

ਖਟਕੜ ਕਲਾਂ ਵਿਖੇ ਪੰਜਾਬ ਭਰ ‘ਚੋਂ ਨੌਜਵਾਨ ਇਕੱਠੇ ਕਰਕੇ ਭੇਜਣ ਦਾ ਜਿੰਮਾ ਵਿਧਾਇਕਾਂ ਤੋਂ ਲੈ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਦੇ ਸਿਰ ਲਾਇਆ ਜਾ ਰਿਹਾ ਹੈ ਤਾਂ ਕਿ ਮੁੱਖ ਸਮਾਗਮ ‘ਚ ਕੋਈ ਘਾਟ ਨਾ ਰਹਿ ਜਾਏ। ਇਸ ਸਮਾਗਮ ਨੂੰ ਲੈ ਕੇ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਹੀ ਖ਼ਾਸ ਤੌਰ ‘ਤੇ ਸਹੁੰ ਚੁੱਕਣ ਲਈ ਪੱਤਰ ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਹਨੂੰ ਨੌਜਵਾਨ ਮੌਕੇ ‘ਤੇ ਪੜ੍ਹਦੇ ਹੋਏ ਸਹੁੰ ਚੁੱਕਣਗੇ।

ਇਹ ਸਮਾਗਮ ਪੰਜਾਬ ਭਰ ‘ਚ ਹੋਏਗਾ, ਇਸ ਲਈ ਕੈਬਨਿਟ ਮੰਤਰੀਆਂ ਤੋਂ ਲੈ ਕੇ ਵਿਧਾਇਕ ਆਪਣੇ ਵਿਧਾਨ ਸਭਾ ਹਲਕੇ ‘ਚ ਇਸ ਸਮਾਗਮ ਨੂੰ ਕਰਵਾਉਣਗੇ। ਇਸ ਨਾਲ ਹੀ ਡਿਪਟੀ ਕਮਿਸ਼ਨਰ ਤੋਂ ਲੈ ਕੇ ਐੱਸਡੀਐੱਮ ਤੇ ਤਹਿਸੀਲਦਾਰ ਤੋਂ ਲੈ ਕੇ ਬੀਡੀਓ ਤੱਕ ਦੀ ਜਿੰਮੇਵਾਰੀ ਤੈਅ ਕੀਤੀ ਜਾਏਗੀ ਕਿ ਉਹ ਆਪਣੇ-ਆਪਣੇ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਹੁੰ ਚੁਕਵਾਉਣ ਦੇ ਨਾਲ ਹੀ ਆਪਣੇ ਅਧੀਨ ਆਉਂਦੇ ਖੇਤਰ ਦੇ ਇਲਾਕੇ ‘ਚ ਆਮ ਲੋਕਾਂ ਨੂੰ ਵੀ ਇਸ ਤਰ੍ਹਾਂ ਦੀ ਸਹੁੰ ਚੁਕਵਾਉਣ ਤਾਂ ਕਿ ਹਰ ਕੋਈ ਇਸ ਨਸ਼ੇ ਨੂੰ ਤਿਆਗਣ ਦੀ ਮੁਹਿੰਮ ‘ਚ ਹਿੱਸਾ ਲੈਂਦਿਆਂ ਸਰਕਾਰ ਦਾ ਸਾਥ ਦੇਵੇ।

10 ਲੱਖ ਨੌਜਵਾਨ ਤੇ ਬਜ਼ੁਰਗਾਂ ਨੂੰ ਸਹੁੰ ਚੁਕਵਾਉਣ ਦਾ ਟੀਚਾ, ਐੱਸਟੀਐੱਫ ਨੇ ਸੰਭਾਲੀ ਕਮਾਨ

ਪੰਜਾਬ ਭਰ ਵਿੱਚ ਨਸ਼ੇ ਖ਼ਿਲਾਫ਼ ਮੁਹਿੰਮ ਛੇੜਨ ਦੇ ਨਾਲ ਹੀ ਸਪੈਸ਼ਲ ਟਾਸਕ ਫੋਰਸ ਨੇ ਹੁਣ ਨਸ਼ੇ ਖ਼ਿਲਾਫ਼ ਸਹੁੰ ਚੁਕਵਾਉਣ ਦੇ ਸਮਾਗਮ ਦੀ ਵੀ ਕਮਾਨ ਸੰਭਾਲ ਲਈ ਹੈ। ਐੱਸਟੀਐੱਫ ਦੀ ਅਗਵਾਈ ‘ਚ ਹੀ ਪੰਜਾਬ ਭਰ ‘ਚ ਇਹ ਸਹੁੰ ਚੁਕਵਾਈ ਜਾਏਗੀ। ਐੱਸਟੀਐੱਫ ਖੁਦ ਆਪਣੀ ਅਗਵਾਈ ‘ਚ ਇਸ ਮੁਹਿੰਮ ਨੂੰ ਤਿਆਰ ਕਰਨ ‘ਚ ਲੱਗੇ ਹੋਏ ਹਨ ਤੇ ੍ਹਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਪ੍ਰੋਗਰਾਮ ਨੂੰ ਹੀ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਅੱਗੇ ਵਧਾਉਣਗੇ। ਐੱਸਟੀਐੱਫ ਨੇ ਪੰਜਾਬ ਭਰ ‘ਚ 10 ਲੱਖ ਤੋਂ ਜ਼ਿਆਦਾ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਸਹੁੰ ਚੁਕਵਾਉਣ ਦਾ ਟੀਚਾ ਮਿੱਥਿਆ ਹੈ।