ਅਕਾਲੀ ਸਟਾਰ ਪ੍ਰਚਾਰਕਾਂ ਨੂੰ ਆਪਣੇ ਹਲਕੇ ਦੀ ਫਿਕਰ

ਅਕਾਲੀ ਸਟਾਰ ਪ੍ਰਚਾਰਕਾਂ (Akali Star Pracharak) ਨੂੰ ਆਪਣੇ ਹਲਕੇ ਦੀ ਫਿਕਰ, ਪੰਜਾਬ ’ਚ ਪ੍ਰਚਾਰ ਕਰਨ ਥਾਂ ਸੀਮਤ ਰਹਿ ’ਗੇ ਖ਼ੁਦ ਦੀ ਸੀਟ ਤੱਕ

  • 30 ਸਟਾਰ ਪ੍ਰਚਾਰਕਾਂ ਵਿੱਚੋਂ ਸਿਰਫ਼ ਸੁਖਬੀਰ ਬਾਦਲ ਕਰ ਰਹੇ ਹਨ ਪੰਜਾਬ ਭਰ ’ਚ ਪ੍ਰਚਾਰ
  • ਬਠਿੰਡਾ ਅਤੇ ਮਾਨਸਾ ਸਣੇ ਕੁਝ ਸੀਟਾਂ ’ਤੇ ਪ੍ਰਚਾਰ ਕਰ ਰਹੀ ਐ ਹਰਸਿਮਰਤ ਕੌਰ ਬਾਦਲ

(ਅਸ਼ਵਨੀ ਚਾਵਲਾ) ਚੰਡੀਗੜ। ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਗਿਣਤੀ ’ਚ ਸਟਾਰ ਪ੍ਰਚਾਰਕਾਂ (Akali Star Pracharak) ਨੂੰ ਖ਼ੁਦ ਦੀ ਵਿਧਾਨ ਸਭਾ ਸੀਟ ਜਿੱਤਣ ’ਚ ਰੁੱਝੇ ਹੋਏ ਹਨ, ਜਿਸ ਕਾਰਨ ਉਹ ਆਪਣੇ ਚੋਣ ਮੈਦਾਨ ਨੂੰ ਛੱਡ ਦੇ ਪੰਜਾਬ ਦੀਆਂ ਦੂਜੀਆਂ ਸੀਟਾਂ ’ਤੇ ਜਾ ਕੇ ਪ੍ਰਚਾਰ ਲਈ ਨਹੀਂ ਜਾ ਰਹੇ ਹਨ। ਸੂਬੇ ਭਰ ਵਿੱਚ ਸਿਰਫ਼ ਸੁਖਬੀਰ ਬਾਦਲ ਵੱਲੋਂ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਇਸ ਸੂਚੀ ਵਿੱਚ ਸ਼ਾਮਲ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਅਤੇ ਮਾਨਸਾ ਸਣੇ ਕੁਝ ਵਿਧਾਨ ਸਭਾ ਸੀਟਾਂ ’ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਾਰਟੀ ਦਾ ਕੋਈ ਹੋਰ ਲੀਡਰ ਪ੍ਰਚਾਰ ਕਰਨ ਲਈ ਜਾ ਹੀ ਨਹੀ ਰਿਹਾ ਹੈ।

ਇਸ ਵਿੱਚ ਪਾਰਟੀ ਦੇ ਵੱਡੇ ਲੀਡਰਾਂ ’ਚ ਖ਼ੁਦ ਪਰਕਾਸ਼ ਸਿੰਘ ਬਾਦਲ ਸ਼ਾਮਲ ਹਨ। ਪਰਕਾਸ਼ ਸਿੰਘ ਬਾਦਲ ਵੱਲੋਂ ਹੁਣ ਤੱਕ ਲੰਬੀ ਸੀਟ ਨੂੰ ਛੱਡ ਕਿਸੇ ਹੋਰ ਵਿਧਾਨ ਸਭਾ ਸੀਟ ’ਤੇ ਪ੍ਰਚਾਰ ਨਹੀਂ ਕੀਤਾ ਗਿਆ। ਇਸ ਨਾਲ ਹੀ ਬਿਕਰਮ ਮਜੀਠੀਆ ਵੀ ਅੰਮਿ੍ਰਤਸਰ ਈਸਟ ਸੀਟ ’ਤੇ ਨਵਜੋਤ ਸਿੱਧੂ ਨੂੰ ਹਰਾਉਣ ਲਈ ਦਿਨ ਰਾਤ ਪ੍ਰਚਾਰ ਵਿੱਚ ਲੱਗੇ ਹੋਏ ਹਨ ਤਾਂ ਪੰਜਾਬ ਦੀ ਕਿਸੇ ਹੋਰ ਸੀਟ ’ਤੇ ਉਨ੍ਹਾਂ ਵੱਲੋਂ ਵੀ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਹੈ।

  • 30 ਸਟਾਰ ਪ੍ਰਚਾਰਕਾਂ ਵਿੱਚੋਂ ਸਿਰਫ਼ ਸੁਖਬੀਰ ਬਾਦਲ ਕਰ ਰਹੇ ਹਨ ਪੰਜਾਬ ਭਰ ’ਚ ਪ੍ਰਚਾਰ

ਜਾਣਕਾਰੀ ਅਨੁਸਾਰ ਵਿਧਾਨ ਸਭਾ ਚੋਣਾਂ ਵਿੱਚ ਪਰ ਸਿਆਸੀ ਪਾਰਟੀ ਆਪਣੇ 30 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰਦੀ ਹੈ ਅਤੇ ਇਸ ਲਿਸਟ ਵਿੱਚ ਸ਼ਾਮਲ ਸਟਾਰ ਪ੍ਰਚਾਰ ਪੰਜਾਬ ਭਰ ਵਿੱਚ ਕਿਸੇ ਵੀ ਸੀਟ ’ਤੇ ਪ੍ਰਚਾਰ ਕਰਨ ਲਈ ਜਾਂਦੇ ਹਨ ਤਾਂ ਉਥੇ ਆਉਣ ਵਾਲਾ ਸਾਰਾ ਖਰਚ ਚੋਣ ਲੜ ਰਹੇ ਉਮੀਦਵਾਰ ਦੀ ਜੇਬ ਵਿੱਚ ਨਹੀਂ ਪੈਂਦਾ ਹੈ ਅਤੇ ਇਸ ਖ਼ਰਚੇ ਨੂੰ ਪਾਰਟੀ ਦੇ ਖਰਚੇ ਵਿੱਚ ਜੋੜ ਦਿੱਤਾ ਜਾਂਦਾ ਹੈ।
ਭਾਰਤੀ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਵੀ ਆਪਣੇ 30 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰਦੇ ਹੋਏ ਚੋਣ ਕਮਿਸ਼ਨ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਨਾਂ ਦੇ ਇਹ ਸਟਾਰ ਪ੍ਰਚਾਰਕ ਪੰਜਾਬ ਭਰ ਵਿੱਚ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨਗੇ।

ਇਸ ਸੂਚੀ ਨੂੰ ਸ਼ੋ੍ਰਮਣੀ ਅਕਾਲੀ ਦਲ ਵੱਲੋਂ 25 ਜਨਵਰੀ ਨੂੰ ਚੋਣ ਕਮਿਸ਼ਨ ਦੇ ਦਫ਼ਤਰ ਵਿੱਚ ਜਮ੍ਹਾ ਕਰਵਾ ਦਿੱਤਾ ਗਿਆ ਸੀ ਅਤੇ ਹੁਣ ਇਸ ਲਿਸਟ ਦੇ ਜਮ੍ਹਾ ਕਰਵਾਉਣ ਤੋਂ ਬਾਅਦ 15 ਦਿਨ ਦਾ ਸਮਾਂ ਵੀ ਬੀਤ ਗਿਆ ਹੈ ਪਰ ਫਿਰ ਵੀ ਇਸ ਲਿਸਟ ਵਿੱਚ ਸ਼ਾਮਲ 30 ਵਿੱਚੋਂ 28 ਸਟਾਰ ਪ੍ਰਚਾਰਕਾਂ ਵੱਲੋਂ ਪੰਜਾਬ ਭਰ ਵਿੱਚ ਪ੍ਰਚਾਰ ਕਰਨਾ ਤਾਂ ਦੂਰ ਦੀ ਗੱਲ ਹੈ, ਹੁਣ ਤੱਕ ਆਪਣੀ ਵਿਧਾਨ ਸਭਾ ਸੀਟ ਤੋਂ ਬਾਹਰ ਪ੍ਰਚਾਰ ਨਹੀਂ ਕੀਤਾ। ਸ਼ੋ੍ਰਮਣੀ ਅਕਾਲੀ ਦਲ ਦੀ 30 ਮੈਂਬਰੀ ਸਟਾਰ ਪ੍ਰਚਾਰਕਾ ਦੀ ਸੂਚੀ ਵਿੱਚੋਂ 90 ਫੀਸਦੀ ਸਟਾਰ ਪ੍ਰਚਾਰਕ ਖ਼ੁਦ ਵਿਧਾਨ ਸਭਾ ਚੋਣ ਲੜ ਰਹੇ ਹਨ ਅਤੇ ਉਹ ਖ਼ੁਦ ਆਪਣੇ ਚੋਣ ਮੈਦਾਨ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੇ, ਕਿਉਂਕਿ ਉਹ ਆਪਣੀ ਸੀਟ ’ਤੇ ਸਖਤ ਮੁਕਾਬਲੇ ਦਾ ਸਾਹਮਣਾ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ