ਕਾਂਗਰਸੀ ਆਗੂ ਹੈਰੀਮਾਨ ਦੇ ਵਿਰੋਧ ‘ਚ ਨਿੱਤਰੇ ਅਕਾਲੀ

Akali Dal, Leaders, Opposed, Harinderpal Hariman, Vocabulary

ਮਾਮਲਾ ਕਾਂਗਰਸੀ ਆਗੂ ਵੱਲੋਂ ਬੋਲੀ ਗਈ ਗਲਤ ਸ਼ਬਦਾਵਲੀ ਦਾ

  • ਵਿਧਾਇਕ ਚੰਦੂਮਾਜਰਾ ਤੇ ਜ਼ਿਲ੍ਹਾ ਜਥੇਬੰਦੀ ਵੱਲੋਂ ਧਰਨੇ ‘ਤੇ ਬੈਠਣ ਦਾ ਐਲਾਨ
  • ਹਲਕੇ ‘ਚ ਅਬਦਾਲੀ ਬਣ ਕੇ ਆਏ ਹੈਰੀਮਾਨ ਨੂੰ ਹਰ ਹੀਲੇ ਨੱਥ ਪਾਈ ਜਾਵੇਗੀ: ਪ੍ਰੋ. ਚੰਦੂਮਾਜਰਾ
  • ਹੈਰੀਮਾਨ ਨੂੰ ਪਹਿਲਾਂ ਸਮਾਣਾ ਦੇ ਲੋਕਾਂ ਭਜਾਇਆ ਅਤੇ ਹੁਣ ਸਨੌਰ ਦੇ ਲੋਕਾਂ ਵੱਲੋਂ ਭਜਾਉਣ ਦੀ ਵਿੱਢੀ ਮੁਹਿੰਮ: ਰੱਖੜਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਅਤੇ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਵਿਰੋਧੀਆਂ ਦੇ ਸਿਰ ਵੱਢ ਕੇ ਲਿਆਉਣ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਇਸ ਦੇ ਵਿਰੋਧ ਵਿਚ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਅਤੇ ਸਮੁੱਚੀ ਜ਼ਿਲ੍ਹਾ ਜਥੇਬੰਦੀ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਧਰਨੇ ‘ਤੇ ਬੈਠਣ ਦਾ ਐਲਾਨ ਕੀਤਾ।

ਇਹ ਐਲਾਨ ਅੱਜ ਦੇਵੀਗੜ੍ਹ ਰੋਡ ‘ਤੇ ਸਥਿਤ ਇੱਕ ਪੈਲੇਸ ਵਿਚ ਹੋਈ ਮੀਟਿੰਗ ਵਿੱਚ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਤੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਵੀ ਪਹੁੰਚੇ ਸਨ। ਧਰਨਾ ਨਿਊ ਮੋਤੀ ਮਹਿਲ ਦੇ ਬਾਹਰ 15 ਜਨਵਰੀ ਨੂੰ ਦੁਪਹਿਰ 11.00 ਤੋਂ 3.00 ਵਜੇ ਤੱਕ ਦਿੱਤਾ ਜਾਵੇਗਾ। ਅਕਾਲੀ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਸਰਕਾਰ ਨੇ ਐਕਸ਼ਨ ਨਾ ਲਿਆ ਤਾਂ ਗੱਲ ਨੂੰ ਜਨਤਾ ਦੀ ਕਚਹਿਰੀ ਅਤੇ ਫੇਰ ਮਾਣਯੋਗ ਅਦਾਲਤ ਵਿਚ ਲਿਜਾਇਆ ਜਾਵੇਗਾ।

ਇਹ ਵੀ ਪੜ੍ਹੋ : WTC Final : ਅਸਟਰੇਲੀਆ ਨੂੰ 296 ਦੌੜਾਂ ਦੀ ਲੀੜ, 6 ਵਿਕਟਾਂ ਬਾਕੀ

ਧਰਨੇ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹਰਿੰਦਰਪਾਲ ਸਿੰਘ ਹੈਰੀਮਾਨ ਹਲਕਾ ਸਨੌਰ ਵਿੱਚ ਅਬਦਾਲੀ ਬਣ ਕੇ ਲੁੱਟਣ ਦੇ ਇਰਾਦੇ ਨਾਲ ਆਇਆ ਹੈ, ਪ੍ਰੰਤੂ ਨਾ ਤਾਂ ਉਸ ਨੂੰ ਇੱਥੇ ਲੁੱਟ ਮਾਰ ਕਰਨ ਦਿੱਤੀ ਜਾਵੇਗੀ ਅਤੇ ਨਾ ਹੀ ਇੱਥੋਂ ਦੀ ਅਮਨ ਭਾਈਚਾਰੇ ਅਤੇ ਆਪਸੀ ਸਾਂਝੀਵਾਲਤਾ ਨੂੰ ਲਾਂਬੂ ਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪ੍ਰੋ. ਚੰਦੂਮਾਜਰਾ ਵੱਲੋਂ ਕੀਤੇ ਗਏ ਜੋਸ਼ੀਲੇ ਭਾਸ਼ਣ ਤੋਂ ਬਾਅਦ ਕਈ ਆਗੂਆਂ ਨੇ ਜਨਤਕ ਤੌਰ ‘ਤੇ ਐਲਾਨ ਕੀਤਾ ਕਿ ਹਲਕਾ ਸਨੌਰ ਦੀ ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾ ਦੇ ਰੱਖਣ ਲਈ ਉਹ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ।

ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਿੱਚ ਮਲਾਈ ਖਾ ਕੇ ਖਾਨਾਬਦੋਸ਼ਾਂ ਵਾਂਗ ਇੱਥੇ ਆਏ ਇਸ ਆਪਹੁਦਰੇ ਆਗੂ ਨੂੰ ਪਹਿਲਾਂ ਸਮਾਣਾ ਦੇ ਲੋਕਾਂ ਨੇ ਭਜਾਇਆ ਅਤੇ ਹੁਣ ਇੱਥੋਂ ਦੇ ਲੋਕਾਂ ਨੇ ਭਜਾਉਣ ਲਈ ਮੁਹਿੰਮ ਵਿੱਢ ਲਈ ਹੈ। ਉਹਨਾਂ ਕਿਹਾ ਕਿ ਸਮੁੱਚੀ ਜਿਲ੍ਹਾ ਜਥੇਬੰਦੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਦੇ ਨਾਲ ਚੱਟਾਨ ਵਾਂਗ ਖੜ੍ਹੇਗੀ। ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੇਰਾ ਸਨੌਰ ਹਲਕਾ ਮੇਰਾ ਪਰਿਵਾਰ ਹੈ ਅਤੇ ਚੰਦ ਦਿਨ ਪਹਿਲਾਂ ਆਇਆ ਕੋਈ ਵਿਅਕਤੀ ਜੇਕਰ ਇਥੋਂ ਦੇ ਲੋਕਾਂ ਦੀ ਸਦੀਆਂ ਪੁਰਾਣੇ ਆਪਸੀ ਭਾਈਚਾਰੇ ਨੂੰ ਤੋੜ ਕੇ ਲੋਕਾਂ ਵਿਚ ਫੁੱਟ ਪਾਉਣ ਦਾ ਯਤਨ ਕਰੇਗਾ ਤਾਂ ਇੱਥੇ ਦੇ ਲੋਕਾਂ ਵਿਚ ਫੁੱਟ ਪਾਉਣ ਲਈ ਉੱਠੇ  ਹਥਿਆਰਾਂ ਨੂੰ ਪਹਿਲਾਂ ਮੇਰੀ ਗਰਦਨ ਦੇ ਉਪਰੋਂ ਲੰਘ ਕੇ ਜਾਣਾ ਪਵੇਗਾ।

ਇਸ ਮੌਕੇ ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਸੁਰਜੀਤ ਸਿੰਘ ਗੜੀ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਜਰਨੈਲ ਸਿੰਘ ਕਰਤਾਰਪੁਰ, ਜਗਜੀਤ ਸਿੰਘ ਕੋਹਲੀ, ਨਰਦੇਵ ਸਿੰਘ ਆਕੜੀ, ਮੂਸਾ ਖਾਨ, ਜਥੇ. ਜੈ ਸਿੰਘ ਡਕਾਲਾ, ਭਾਜਪਾ ਜ਼ਿਲ੍ਹਾ ਪ੍ਰਧਾਨ ਰਮੇਸ਼ਵਰ ਸ਼ਰਮਾ, ਚੇਅਰਮੈਨ ਭੁਪਿੰਦਰ ਡਕਾਲਾ, ਸੰਦੀਪ ਸਿੰਘ ਰਾਜਾ ਤੁੜ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।