ਹਲਕਾ ਇੰਚਾਰਜ਼ ਖਿਲਾਫ਼ ਟਕਸਾਲੀ ਕਾਂਗਰਸੀਆਂ ਨੇ ਚੁੱਕੇ ਬਗਾਵਤੀ ਝੰਡੇ

against revolt flag

ਕਿਹਾ, ਨਹੀਂ ਹੋ ਰਹੀ ਸਾਡੀ ਕੋਈ ਪੁੱਛ-ਪੜਤਾਲ

ਬਰਨਾਲਾ, (ਮਾਲਵਿੰਦਰ ਸਿੰਘ) ਹਲਕਾ ਬਰਨਾਲਾ ਦੇ ਇੰਚਾਰਜ਼ ਖਿਲਾਫ਼ ਟਕਸਾਲੀ ਕਾਂਗਰਸੀਆਂ (taksali congress) ਨੇ ਝੰਡੇ ਚੁੱਕ ਲਏ ਹਨ। ਉਨ੍ਹਾਂ ਪੰਜਾਬ ਤੇ ਕੇਂਦਰ ਦੀ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਉਹ ਬਰਨਾਲਾ ਵਿਖੇ ਕਾਂਗਰਸ ਦੇ ਡਿੱਗ ਰਹੇ ਮਿਆਰ ਬਾਰੇ ਚੰਗੀ ਤਰ੍ਹਾਂ ਜਾਣੂ ਹੋਣ ਅਤੇ ਬਰਨਾਲਾ ਹਲਕੇ ਦਾ ਇੰਚਾਰਜ਼ ਬਦਲਕੇ ਲੋਕਲ ਬਰਨਾਲਾ ਤੋਂ ਹੀ ਕਿਸੇ ਸੀਨੀਅਰ ਆਗੂ ਨੂੰ ਬਣਾਇਆ ਜਾਵੇ। ਭਦੌੜ ਹਲਕੇ ਵਿੱਚ ਵੀ ਕਿਸੇ ਸੀਨੀਅਰ ਵਰਕਰ ਨੂੰ ਇੰਚਾਰਜ਼ ਲਗਾਇਆ ਜਾਵੇ।

ਸਥਾਨਕ ਰੈਸਟ ਹਾਊਸ ਵਿਖੇ ਜਾਣਕਾਰੀ ਦਿੰਦਿਆਂ ਰਾਜਵੰਤ ਸਿੰਘ ਭੱਦਲਵੱਢ ਮੀਤ ਪ੍ਰਧਾਨ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ, ਐਡਵੋਕੇਟ ਜਤਿੰਦਰ ਬਹਾਦਰਪੁਰੀਆ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ, ਹਰਦੇਵ ਸਿੰਘ ਬਾਜਵਾ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਨੇ ਦੱਸਿਆ ਕਿ ਹਲਕੇ ਅੰਦਰ ਉਨ੍ਹਾਂ ਦੀ ਕੋਈ ਪੁੱਛ-ਪੜਤਾਲ ਨਹੀਂ ਹੋ ਰਹੀ ਅਤੇ ਹਲਕਾ ਬਰਨਾਲਾ ਦੇ ਇੰਚਾਰਜ਼ ਵੱਲੋਂ ਮਿਹਨਤੀ ਕਾਂਗਰਸੀਆਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਮਰਜ਼ੀ ਨਾਲ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਲਈ ਸਿਰ ਤੋੜ ਯਤਨ ਕਰਨ ਵਾਲਿਆਂ ਨੂੰ ਅਹੁਦੇ ਦੇਣ ਤੋਂ ਲਾਂਭੇ ਕੀਤਾ ਜਾ ਰਿਹਾ ਹੈ। ਭਦੌੜ ਅਤੇ ਮਹਿਲ ਕਲਾਂ ਹਲਕੇ ਵਿੱਚ ਵੀ ਜਿਆਦਾਤਰ ਕਾਂਗਰਸੀਆਂ ਨੂੰ ਨਜ਼ਰਅੰਦਾਜ ਹੀ ਕੀਤਾ ਜਾ ਰਿਹਾ ਹੈ ਅਤੇ ਭਦੌੜ ਹਲਕੇ ਤੋਂ ਉੱਥੋਂ ਦੇ ਲੋਕਾਂ ਦੀ ਮੰਗ ਦੇ ਬਾਵਜੂਦ ਹਲਕਾ ਇੰਚਾਰਜ਼ ਨਹੀਂ ਲਗਾਇਆ ਜਾ ਰਿਹਾ।

ਉਨ੍ਹਾਂ ਆਪਣੀ ਨਰਾਜਗੀ ਪ੍ਰਗਟ ਕਰਦਿਆਂ ਦੱਸਿਆ ਕਿ 2017 ਦੀਆਂ ਚੋਣਾਂ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਤਿੰਨੋ ਹਲਕਿਆਂ ਤੋਂ ਹੋਈ ਹਾਰ ਦਰਸਾਉਂਦੀ ਹੈ ਕਿ ਬਰਨਾਲਾ ਜ਼ਿਲ੍ਹਾ ਵਿੱਚ ਕਾਂਗਰਸ ਦਿਨੋਂ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ, ਜਿਸ ਬਾਰੇ ਕਦੇ ਵੀ ਕੋਈ ਗੱਲ ਨਹੀਂ ਕੀਤੀ ਕਿ ਹਾਰ ਦੇ ਕਾਰਨ ਕੀ ਸਨ। ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨੀ ‘ਤੇ ਪਰਿਵਾਰਕ ਮੈਂਬਰ ਨਿਯੁਕਤ ਕਰਨਾ ਵੀ ਇਕ ਮਿਸਾਲ ਹੈ।
ਇਸ ਮੌਕੇ ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਦੀ ਹਾਈ ਕਮਾਂਡ ਤੋਂ ਮੰਗ ਕੀਤੀ ਕਿ ਸੂਬਾ ਪ੍ਰਧਾਨ ਸੁਨੀਲ ਜਾਖ਼ੜ ਦੁਬਾਰਾ ਬਰਨਾਲਾ ਆਉਣ ਜਾਂ ਉਨ੍ਹਾਂ ਨੂੰ ਬੁਲਾ ਕੇ ਉਨ੍ਹਾਂ ਦੇ ਦੁੱਖੜੇ ਸੁਣਨ ਅਤੇ ਬਰਨਾਲਾ ਵਿਖੇ ਕਾਂਗਰਸ ਦੇ ਡਿੱਗ ਰਹੇ ਗ੍ਰਾਫ਼ ਬਾਰੇ ਚੰਗੀ ਤਰ੍ਹਾਂ ਜਾਣੂ ਹੋਣ।

ਲੋਕਲ ਸੀਨੀਅਰ ਕਾਂਗਰਸੀ ਆਗੂ ਨੂੰ ਲਗਾਇਆ ਜਾਵੇ

ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬਰਨਾਲਾ ਹਲਕੇ ਦਾ ਇੰਚਾਰਜ਼ ਬਦਲਕੇ ਕਿਸੇ ਲੋਕਲ ਸੀਨੀਅਰ ਕਾਂਗਰਸੀ ਆਗੂ ਨੂੰ ਲਗਾਇਆ ਜਾਵੇ ਅਤੇ ਬਿਨਾਂ ਇੰਚਾਰਜ਼ ਤੋਂ ਚੱਲ ਰਹੇ ਭਦੌੜ ਹਲਕੇ ਤੋਂ ਵੀ ਕਿਸੇ ਸੀਨੀਅਰ ਕਾਂਗਰਸੀ ਵਰਕਰ ਨੂੰ ਇੰਚਾਰਜ਼ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਕਾਂਗਰਸ ਪਾਰਟੀ ਨੂੰ ਬੁਲੰਦੀਆਂ ‘ਤੇ ਦੇਖਣਾ ਚਾਹੁੰਦੇ ਹਾਂ ਪਰ ਜੇਕਰ ਹਾਈ ਕਮਾਂਡ ਨੇ ਇਨ੍ਹਾਂ ਗੱਲਾਂ ‘ਤੇ ਧਿਆਨ ਨਾ ਦਿੱਤਾ ਤਾਂ ਟਕਸਾਲੀ ਕਾਂਗਰਸੀ ਗਰੁੱਪ ਸੰਘਰਸ਼ ਵਿੱਢੇਗਾ।

ਇਸ ਮੌਕੇ ਮਹੰਤ ਗੁਰਮੀਤ ਸਿੰਘ ਸੈਕਟਰੀ ਪੰਜਾਬ ਕਾਂਗਰਸ, ਮਨਦੀਪ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ, ਜਸਵੰਤ ਸਿੰਘ ਸਕੱਤਰ ਪੰਜਾਬ ਆਰਗੇਨਾਇਜ਼ਡ ਵਰਕਰਜ਼ ਯੂਨੀਅਨ, ਹਰਵਿੰਦਰ ਸੰਧੂ ਸੀਨੀਅਰ ਕਾਂਗਰਸੀ ਆਗੂ, ਜਸਵਿੰਦਰ ਸਿੰਘ ਟੀਲੂ ਸਾਬਕਾ ਐਮਸੀ, ਕੁਲਦੀਪ ਹਾਂਸ ਮੀਤ ਪ੍ਰਧਾਨ ਜ਼ਿਲਾ ਕਾਂਗਰਸ, ਸੁਭਾਸ਼ ਕੁਮਾਰ ਕੁਰੜ ਵਾਲੇ, ਸੁਖਵਿੰਦਰ ਕਲਕੱਤਾ ਆਦਿ ਵੀ ਹਾਜ਼ਰ ਸਨ। ਜਦ ਇਸ ਸਬੰਧੀ ਸੂਬਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ਼ ਕੇਵਲ ਸਿੰਘ ਢਿੱਲੋਂ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ