Acupuncture Therapy Benefits: ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਤਣਾਅ, ਬੇਨੇਮਾ ਖਾਣ-ਪੀਣ ਅਤੇ ਸਰੀਰਕ ਸਰਗਰਮੀਆਂ ਦੀ ਕਮੀ ਕਾਰਨ ਬਹੁਤ ਸਾਰੇ ਲੋਕ ਮਾਈਗ੍ਰੇਨ, ਕਮਰ ਦਰਦ, ਗਰਦਨ ਦਰਦ, ਨੀਂਦ ਨਾ ਆਉਣ ਅਤੇ ਜੋੜਾਂ ਦੀਆਂ ਸਮੱਸਿਆਵਾਂ ਨਾਲ ਪ੍ਰੇਸ਼ਾਨ ਰਹਿੰਦੇ ਹਨ। ਕਈ ਵਾਰ ਦਵਾਈਆਂ ਸਿਰਫ਼ ਅਸਥਾਈ ਰਾਹਤ ਦਿੰਦੀਆਂ ਹਨ, ਪਰ ਸਮੱਸਿਆ ਦੀ ਜੜ੍ਹ ਬਣੀ ਰਹਿੰਦੀ ਹੈ। ਅਜਿਹੇ ਸਮੇਂ ਵਿੱਚ ਐਕਿਊਪੰਕਚਰ ਇੱਕ ਪ੍ਰਭਾਵਸ਼ਾਲੀ ਕੁਦਰਤੀ ਇਲਾਜ ਵਿਧੀ ਵਜੋਂ ਤੇਜ਼ੀ ਨਾਲ ਮਸ਼ਹੂਰ ਹੋ ਰਿਹਾ ਹੈ।
ਇਹ ਇੱਕ ਅਜਿਹੀ ਥੈਰੇਪੀ ਹੈ ਜਿਸ ਵਿੱਚ ਸਰੀਰ ਦੇ ਖਾਸ ਬਿੰਦੂਆਂ ’ਤੇ ਪਤਲੀਆਂ ਸੂਈਆਂ ਲਾਉਣ ਨਾਲ ਦਰਦ, ਸੋਜ ਅਤੇ ਕਈ ਬਿਮਾਰੀਆਂ ਵਿੱਚ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਐਕਿਊਪੰਕਚਰ ਦੀ ਸ਼ੁਰੂਆਤ ਪ੍ਰਾਚੀਨ ਚੀਨ ਵਿੱਚ ਮੰਨੀ ਜਾਂਦੀ ਹੈ, ਪਰ ਅੱਜ ਇਹ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਆਧੁਨਿਕ ਚਿਕਿੱਤਸਾ ਨਾਲ ਸਹਾਇਕ ਇਲਾਜ ਵਜੋਂ ਅਪਣਾਇਆ ਜਾ ਰਿਹਾ ਹੈ। ਕਈ ਹਸਪਤਾਲਾਂ ਅਤੇ ਫਿਜ਼ੀਓਥੈਰੇਪੀ ਸੈਂਟਰਾਂ ਵਿੱਚ ਵੀ ਇਸ ਨੂੰ ਦਰਦ ਪ੍ਰਬੰਧਨ ਅਤੇ ਮਾਨਸਿਕ ਸਿਹਤ ਸੁਧਾਰਨ ਲਈ ਵਰਤਿਆ ਜਾਂਦਾ ਹੈ।
ਇਹ ਖਬਰ ਵੀ ਪੜ੍ਹੋ : Dhaka Political Change: ਢਾਕਾ ’ਚ ਬਦਲਾਅ ਦੀ ਹਵਾ ਵਗੀ, ਭਾਰਤ ਲਈ ਇੱਕ ਨਵੀਂ ਪ੍ਰੀਖਿਆ
ਐਕਿਊਪੰਕਚਰ ਕੀ ਹੈ? | Acupuncture Therapy Benefits
ਐਕਿਊਪੰਕਚਰ ਇੱਕ ਅਜਿਹੀ ਇਲਾਜ ਪ੍ਰਣਾਲੀ ਹੈ ਜਿਸ ਵਿੱਚ ਸਰੀਰ ’ਤੇ ਮੌਜੂਦ ਕੁਝ ਖਾਸ ਬਿੰਦੂਆਂ ਨੂੰ ਐਕਿਊ ਪੁਆਇੰਟਸ ਕਿਹਾ ਜਾਂਦਾ ਹੈ। ਇਨ੍ਹਾਂ ਬਿੰਦੂਆਂ ’ਤੇ ਸੂਈਆਂ ਲਾਉਣ ਨਾਲ ਸਰੀਰ ਦੀਆਂ ਨਸਾਂ, ਮਾਸਪੇਸ਼ੀਆਂ ਅਤੇ ਊਰਜਾ ਪ੍ਰਣਾਲੀ ਨੂੰ ਸਰਗਰਮ ਕੀਤਾ ਜਾਂਦਾ ਹੈ। ਪਰੰਪਰਾਗਤ ਚਿਕਿੱਤਸਾ ਮਾਨਤਾ ਅਨੁਸਾਰ, ਸਰੀਰ ਵਿੱਚ ਇੱਕ ਊਰਜਾ ਪ੍ਰਵਾਹ ਹੁੰਦਾ ਹੈ ਜਿਸ ਨੂੰ ਕਿਊਆਈ ਕਿਹਾ ਜਾਂਦਾ ਹੈ। ਜਦੋਂ ਇਹ ਊਰਜਾ ਅਸੰਤੁਲਿਤ ਹੋ ਜਾਂਦੀ ਹੈ ਜਾਂ ਰੁਕ ਜਾਂਦੀ ਹੈ, ਤਾਂ ਸਰੀਰ ਵਿੱਚ ਦਰਦ ਅਤੇ ਰੋਗ ਪੈਦਾ ਹੁੰਦੇ ਹਨ। ਐਕਿਊਪੰਕਚਰ ਦਾ ਮਕਸਦ ਇਸੇ ਊਰਜਾ ਸੰਤੁਲਨ ਨੂੰ ਮੁੜ-ਸਥਾਪਿਤ ਕਰਨਾ ਹੈ। ਵਿਗਿਆਨਕ ਨਜ਼ਰੀਏ ਤੋਂ ਵੇਖੀਏ ਤਾਂ ਇਹ ਥੈਰੇਪੀ ਸਰੀਰ ਵਿੱਚ ਖੂਨ ਦਾ ਪ੍ਰਵਾਹ ਵਧਾਉਂਦੀ ਹੈ, ਨਰਵ ਸਿਸਟਮ ਨੂੰ ਸਰਗਰਮ ਕਰਦੀ ਹੈ ਅਤੇ ਦਰਦ ਤੋਂ ਰਾਹਤ ਦੇਣ ਵਾਲੇ ਹਾਰਮੋਨ ਜਿਵੇਂ ਐਂਡੋਰਫਿਨ ਨੂੰ ਵਧਾਉਂਦੀ ਹੈ।
ਇਲਾਜ ਕਿਵੇਂ ਹੁੰਦੈ?
ਐਕਿਊਪੰਕਚਰ ਥੈਰੇਪੀ ਦੀ ਪ੍ਰਕਿਰਿਆ ਆਮ ਤੌਰ ’ਤੇ ਸੁਰੱਖਿਅਤ ਅਤੇ ਨਿਯੰਤਰਿਤ ਹੁੰਦੀ ਹੈ। ਸਭ ਤੋਂ ਪਹਿਲਾਂ ਡਾਕਟਰ ਮਰੀਜ਼ ਦੀ ਸਮੱਸਿਆ, ਦਰਦ ਦੀ ਹਾਲਤ, ਮੈਡੀਕਲ ਹਿਸਟਰੀ ਅਤੇ ਜੀਵਨਸ਼ੈਲੀ ਬਾਰੇ ਜਾਣਕਾਰੀ ਲੈਂਦਾ ਹੈ। ਇਸ ਤੋਂ ਬਾਅਦ ਬਿਮਾਰੀ ਅਨੁਸਾਰ ਸਰੀਰ ’ਤੇ ਢੁੱਕਵੇਂ ਐਕਿਊ ਪੁਆਇੰਟਸ ਚੁਣੇ ਜਾਂਦੇ ਹਨ। ਫਿਰ ਡਾਕਟਰ ਡਿਸਪੋਜ਼ੇਬਲ ਅਤੇ ਸਟ੍ਰਲਾਈਜ਼ਡ ਪਤਲੀਆਂ ਸੂਈਆਂ ਨੂੰ ਚਮੜੀ ਵਿੱਚ ਥੋੜ੍ਹੀ ਡੂੰਘਾਈ ਤੱਕ ਲਾਉਂਦਾ ਹੈ। ਇਹ ਪ੍ਰਕਿਰਿਆ ਆਮ ਤੌਰ ’ਤੇ ਜ਼ਿਆਦਾ ਦਰਦਨਾਕ ਨਹੀਂ ਹੁੰਦੀ।
ਕਈ ਮਰੀਜ਼ਾਂ ਨੂੰ ਸਿਰਫ਼ ਹਲਕੀ ਚੋਭ ਜਾਂ ਦਬਾਅ ਮਹਿਸੂਸ ਹੁੰਦਾ ਹੈ। ਸੂਈਆਂ ਨੂੰ 15 ਤੋਂ 30 ਮਿੰਟ ਤੱਕ ਉਸੇ ਹਾਲਤ ਵਿੱਚ ਰੱਖਿਆ ਜਾਂਦਾ ਹੈ। ਕੁਝ ਮਾਮਲਿਆਂ ਵਿੱਚ ਸੂਈਆਂ ਨੂੰ ਥੋੜ੍ਹਾ ਘੁਮਾਇਆ ਜਾਂਦਾ ਹੈ ਜਾਂ ਇਲੈਕਟਰੋ-ਐਕਿਊਪੰਕਚਰ ਰਾਹੀਂ ਹਲਕਾ ਇਲੈਕਟਿ੍ਰਕ ਸਟਿਮੂਲੇਸ਼ਨ ਵੀ ਦਿੱਤਾ ਜਾਂਦਾ ਹੈ। ਥੈਰੇਪੀ ਤੋਂ ਬਾਅਦ ਮਰੀਜ਼ ਨੂੰ ਕੁਝ ਸਮਾਂ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਈ ਲੋਕਾਂ ਨੂੰ ਇਲਾਜ ਤੋਂ ਤੁਰੰਤ ਬਾਅਦ ਹੌਲਾਪਣ ਅਤੇ ਆਰਾਮ ਮਹਿਸੂਸ ਹੁੰਦਾ ਹੈ।
ਇਨ੍ਹਾਂ ਬਿਮਾਰੀਆਂ ’ਚ ਐਕਿਊਪੰਕਚਰ ਲਾਹੇਵੰਦ | Acupuncture Therapy Benefits
ਐਕਿਊਪੰਕਚਰ ਦੀ ਵਰਤੋਂ ਖਾਸ ਤੌਰ ’ਤੇ ਦਰਦ ਠੀਕ ਕਰਨ ਲਈ ਜ਼ਿਆਦਾ ਕੀਤੀ ਜਾਂਦੀ ਹੈ। ਇਸ ਵਿੱਚ ਮਾਈਗ੍ਰੇਨ, ਸਿਰ ਦਰਦ, ਸਰਵਾਈਕਲ ਦਰਦ, ਕਮਰ ਦਰਦ, ਸਲਿੱਪ ਡਿਸਕ, ਸਾਇਟੀਕਾ ਅਤੇ ਮੌਢਿਆਂ ਦੀ ਜਕੜ ਵਰਗੀਆਂ ਸਮੱਸਿਆਵਾਂ ਵਿੱਚ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਇਹ ਥੈਰੇਪੀ ਗਠੀਏ ਤੇ ਜੋੜਾਂ ਦੀ ਜਕੜਨ ਵਿੱਚ ਵੀ ਫਾਇਦੇਮੰਦ ਮੰਨੀ ਜਾਂਦੀ ਹੈ। ਗੋਡਿਆਂ ਦੇ ਦਰਦ ਅਤੇ ਆਸਟੀਓਅਰਥਰਾਈਟਿਸ ਦੇ ਮਰੀਜ਼ਾਂ ਵਿੱਚ ਇਸ ਦਾ ਅਸਰ ਅਕਸਰ ਸਕਾਰਾਤਮਕ ਵੇਖਿਆ ਗਿਆ ਹੈ।
ਮਾਨਸਿਕ ਸਿਹਤ ਦੇ ਖੇਤਰ ਵਿੱਚ ਵੀ ਐਕਿਊਪੰਕਚਰ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਤਣਾਅ, ਚਿੰਤਾ, ਚਿੜਚਿੜਾਪਣ ਅਤੇ ਉਨੀਂਦਰੇ ਵਰਗੀਆਂ ਸਮੱਸਿਆਵਾਂ ਵਿੱਚ ਇਹ ਨਰਵ ਸਿਸਟਮ ਨੂੰ ਸ਼ਾਂਤ ਕਰਕੇ ਨੀਂਦ ਅਤੇ ਮਾਨਸਿਕ ਸੰਤੁਲਨ ਸੁਧਾਰਨ ਵਿੱਚ ਮੱਦਦ ਕਰਦਾ ਹੈ। ਕੁਝ ਮਾਮਲਿਆਂ ਵਿੱਚ ਐਕਿਊਪੰਕਚਰ ਨੂੰ ਪਾਚਨ ਤੰਤਰ ਦੀਆਂ ਸਮੱਸਿਆਵਾਂ ਜਿਵੇਂ ਗੈਸ, ਅਪੱਚ, ਕਬਜ਼ ਅਤੇ ਆਈਬੀਐੱਸ ਵਿੱਚ ਵੀ ਵਰਤਿਆ ਜਾਂਦਾ ਹੈ। ਔਰਤਾਂ ਵਿੱਚ ਮਾਹਵਾਰੀ ਦੌਰਾਨ ਹੋਣ ਵਾਲੇ ਦਰਦ, ਬੇਨੇਮੀ ਮਾਹਵਾਰੀ ਅਤੇ ਹਾਰਮੋਨਲ ਅਸੰਤੁਲਨ ਵਿੱਚ ਵੀ ਇਸ ਨੂੰ ਸਹਾਇਕ ਥੈਰੇਪੀ ਵਜੋਂ ਅਪਣਾਇਆ ਜਾਂਦਾ ਹੈ।
ਐਕਿਊਪੰਕਚਰ ਦੇ ਮੁੱਖ ਲਾਭ | Acupuncture Therapy Benefits
ਐਕਿਊਪੰਕਚਰ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਇਲਾਜ ਬਿਨਾਂ ਦਵਾਈ ਦੇ ਸਰੀਰ ਦੀ ਕੁਦਰਤੀ ਸਮਰੱਥਾ ਨੂੰ ਸਰਗਰਮ ਕਰਦਾ ਹੈ। ਇਹ ਸਰੀਰ ਦੀ ਸੋਜ ਘਟਾਉਂਦਾ ਹੈ, ਖੂਨ ਦਾ ਸੰਚਾਰ ਸੁਧਾਰਦਾ ਹੈ ਅਤੇ ਮਾਸਪੇਸ਼ੀਆਂ ਦੀ ਜਕੜਨ ਦੂਰ ਕਰਦਾ ਹੈ। ਲਗਾਤਾਰ ਥੈਰੇਪੀ ਨਾਲ ਮਾਈਗ੍ਰੇਨ ਦੇ ਦੌਰੇ ਘੱਟ ਹੋ ਸਕਦੇ ਹਨ ਤੇ ਲੰਮੇ ਸਮੇਂ ਤੋਂ ਚੱਲ ਰਹੇ ਦਰਦ ਵਿੱਚ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਇਹ ਰੋਗ ਰੋਕੂ ਸਮਰੱਥਾ ਵਧਾਉਣ ਅਤੇ ਸਰੀਰ ਨੂੰ ਊਰਜਾ ਦੇਣ ਵਿੱਚ ਵੀ ਸਹਾਇਕ ਮੰਨਿਆ ਜਾਂਦਾ ਹੈ। ਕਈ ਲੋਕ ਇਸ ਨੂੰ ਵਜ਼ਨ ਕੰਟਰੋਲ ਅਤੇ ਮੈਟਾਬਾਲਿਜ਼ਮ ਸੁਧਾਰਨ ਲਈ ਵੀ ਅਪਣਾਉਂਦੇ ਹਨ, ਹਾਲਾਂਕਿ ਇਹ ਮੁੱਖ ਤੌਰ ’ਤੇ ਸਹਾਇਕ ਭੂਮਿਕਾ ਵਿੱਚ ਹੀ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। Acupuncture Therapy Benefits
ਸਾਵਧਾਨੀਆਂ ਵੀ ਜ਼ਰੂਰੀ:
ਹਾਲਾਂਕਿ ਐਕਿਊਪੰਕਚਰ ਆਮ ਤੌਰ ’ਤੇ ਸੁਰੱਖਿਅਤ ਹੈ, ਪਰ ਇਸ ਨੂੰ ਹਮੇਸ਼ਾ ਸਿਖਲਾਈ ਪ੍ਰਾਪਤ ਅਤੇ ਪ੍ਰਮਾਣਿਤ ਡਾਕਟਰ ਤੋਂ ਹੀ ਕਰਵਾਉਣਾ ਚਾਹੀਦਾ ਹੈ। ਗਰਭਵਤੀ ਔਰਤਾਂ, ਖੂਨ ਜੰਮਣ ਦੀ ਸਮੱਸਿਆ ਵਾਲੇ ਮਰੀਜ਼ਾਂ ਜਾਂ ਬਲੱਡ ਥਿਨਰ ਦਵਾਈ ਲੈਣ ਵਾਲਿਆਂ ਨੂੰ ਖਾਸ ਸਾਵਧਾਨੀ ਰੱਖਣੀ ਚਾਹੀਦੀ ਹੈ। ਖੁੱਲ੍ਹੇ ਜ਼ਖ਼ਮ, ਤੇਜ਼ ਬੁਖਾਰ ਜਾਂ ਗੰਭੀਰ ਇਨਫੈਕਸ਼ਨ ਦੀ ਹਾਲਤ ਵਿੱਚ ਐਕਿਊਪੰਕਚਰ ਤੋਂ ਬਚਣਾ ਚਾਹੀਦਾ ਹੈ।
ਡਾ. ਰਵੀ ਕੁਮਾਰ ਚੀਫ਼ ਮੈਡੀਕਲ ਅਫਸਰ
ਐੱਮਐੱਸਜੀ ਨੈਚੁਰੋਪੈਥੀ ਹਸਪਤਾਲ, ਸਰਸਾ














