ਆਮ ਆਦਮੀ ਪਾਰਟੀ ਤੇ ਰਵਾਇਤੀ ਸਿਆਸਤ ਦਾ ਪਰਛਾਵਾਂ

Aam Aadmi Party Sachkahoon

ਆਮ ਆਦਮੀ ਪਾਰਟੀ ਦੇ ਆਗੂ ਸਿਧਾਂਤਕ ਸਿਆਸਤ ਕਰਨ ਦੇ ਆਪਣੇ ਸ਼ੁਰੂਆਤੀ ਐਲਾਨਾਂ ਤੇ ਇਰਾਦਿਆਂ ਤੋਂ ਪਲਟਦੇ ਨਜ਼ਰ ਆ ਰਹੇ ਹਨ ਆਪ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਕੋਲ ਅਗਲੀਆਂ ਚੋਣਾਂ ਲੜਨ ਲਈ ਪੈਸਾ ਨਹੀਂ ਹੈ ਸਭ ਤੋਂ ਅਹਿਮ ਗੱਲ ਇਹ ਹੈ ਕਿ ਕੇਜਰੀਵਾਲ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿਰਫ਼ ਪੈਸੇ ਨਾਲ ਚੋਣਾਂ ਨਹੀਂ ਜਿੱਤੀਆਂ ਜਾਂਦੀਆਂ ਖੁਦ ਆਪ ਆਗੂ ਦਿੱਲੀ ਵਿਧਾਨ ਸਭਾ ਚੋਣਾਂ ਮੌਕੇ ਇਹ ਦਾਅਵਾ ਕਰਦੇ ਰਹੇ ਹਨ ਕਿ ਉਹ ਲੋਕਾਂ ਦੇ ਆਗੂ ਹਨ ਤੇ ਲੋਕਾਂ ਦੇ ਮੁੱਦਿਆਂ ‘ਤੇ ਚੋਣਾਂ ਲੜ ਰਹੇ ਹਨ ਚੋਣਾਂ ਦੇ ਨਤੀਜੇ ਵੀ ਹੈਰਾਨੀਜਨਕ ਰਹੇ ਤੇ ਦਿੱਲੀ ‘ਚ ਲਗਾਤਾਰ ਤਿੰਨ ਵਾਰ ਸਰਕਾਰ ਬਣਾਉਣ ਵਾਲੀ ਕਾਂਗਰਸ ਇੱਕ ਵੀ ਸੀਟ ਨਾ ਜਿੱਤ ਸਕੀ।

ਭਾਜਪਾ ਵੀ ਤਿੰਨ ਸੀਟਾਂ ‘ਤੇ ਸਿਮਟ ਗਈ ਰਾਸ਼ਟਰੀ ਪਾਰਟੀਆਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਆਪ ਆਗੂ ਇਸ ਜਿੱਤ ਨੂੰ ਲੋਕਾਂ ਦੀ ਜਿੱਤ ਤੇ ਸਰਮਾਏਦਾਰਾਂ ਦੀ ਹਾਰ ਕਹਿੰਦੇ ਨਹੀਂ ਥੱਕਦੇ ਸਨ ਪਾਰਟੀ ਦੇ ਗਠਨ ਤੋਂ ਪਹਿਲਾਂ ਹੀ ਆਪ ਆਗੂ ਕਹਿ ਰਹੇ ਸਨ ਕਿ ਰਾਜਨੀਤੀ ਸੁੱਖ ਆਰਾਮ, ਪੈਸਾ ਕਮਾਉਣ ਲਈ ਨਹੀਂ ਸਗੋਂ ਸੇਵਾ ਲਈ ਹੈ ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਆਪਣੇ ਪਹਿਲੇ ਕਾਰਜਕਾਲ ‘ਚ ਸਰਕਾਰੀ ਬੰਗਲਾ ਤੇ ਸਰਕਾਰੀ ਕਾਰ ਲੈਣ ਤੋਂ ਵੀ ਨਾਂਹ ਕਰ ਦਿੱਤੀ।

ਹੁਣ ਕੇਜਰੀਵਾਲ ਨੂੰ ਇੱਕਦਮ ਪੈਸੇ ਤੋਂ ਬਿਨਾ ਰਾਜਨੀਤੀ ਨਾ ਚੱਲਦੀ ਕਿਵੇਂ ਲੱਗਣ ਲੱਗੀ, ਸਮਝ ਤੋਂ ਬਾਹਰ ਹੈ ਕੀ ਅਜਿਹਾ ਕਹਿ ਕੇ ਕਿਤੇ ਕੇਜਰੀਵਾਲ ਚੰਦੇ ਵਾਸਤੇ ਹਮਦਰਦੀ ਦੀ ਲਹਿਰ ਖੜ੍ਹੀ ਕਰਨਾ ਚਾਹੁੰਦੇ ਹਨ ਜਾਂ ਉਹ ਰਵਾਇਤੀ ਸਿਆਸਤ ਨੂੰ ਹੀ ਅਸਲੀ ਸਿਆਸਤ ਮੰਨਣ ਲੱਗੇ ਹਨ ਉਂਜ ਇਸ ਪਾਰਟੀ ਨੇ ਵੀ ਆਪਣੇ ਹੀ ਸਿਧਾਂਤਾਂ ਨੂੰ ਤਿਲਾਂਜ਼ਲੀ ਦੇਣ ਤੋਂ ਸੰਕੋਚ ਨਹੀਂ ਕੀਤਾ ਇੱਥੋਂ ਤੱਕ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਮਹਿਮਾ ਕਰੋੜਾਂ ਰੁਪਏ ਦੇ ਇਸ਼ਤਿਹਾਰਾਂ ਰਾਹੀਂ ਪੰਜਾਬ ‘ਚ ਗਾਈ ਜਾ ਰਹੀ ਹੈ।

ਸਰਕਾਰੀ ਖਜਾਨੇ ਨੂੰ ਲੋਕਾਂ ਦੀ ਅਮਾਨਤ ਦੱਸਣ ਵਾਲੀ ਆਪ ਦਾ ਇਸ਼ਤਿਹਾਰਬਾਜ਼ੀ ‘ਤੇ ਸ਼ਾਹੀ ਖਰਚ ਪਾਰਟੀ ਦੇ ਸ਼ੁਰੂਆਤੀ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ ਪਾਰਟੀ ਨੇ ਹੋਰਨਾਂ ਪਾਰਟੀਆਂ ਵਾਂਗ ਹੀ ਚੰਦਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਆਪ ਨੇ ਚੰਦੇ ਦੇ ਮਾਮਲੇ ‘ਚ ਖੇਤਰੀ ਪਾਰਟੀਆਂ ਨੂੰ ਪਛਾੜ ਦਿੱਤਾ ਹੈ ਭਾਵੇਂ ਹੋਰਨਾਂ ਪਾਰਟੀਆਂ ਵੱਲੋਂ ਚੰਦੇ ਦੇ ਜ਼ਾਹਿਰ ਕੀਤੇ ਅੰਕੜੇ ਅਸਲੀਅਤ ਨਾਲੋਂ ਕਿਤੇ ਜ਼ਿਆਦਾ ਘੱਟ ਹਨ ਤੇ ਇਹ ਆਮ ਆਦਮੀ ਪਾਰਟੀ ਨਾਲੋਂ ਕਈ ਗੁਣਾ ਵੱਧ ਹੋਣਗੇ ਪੈਸੇ ਨਾਲ ਚੋਣਾਂ ਜਿੱਤਣ ਦੇ ਪੈਂਤਰੇ ਨਾਲ ਬਹੁਤ ਸਾਰੀਆਂ ਬੁਰਾਈਆਂ ਜੁੜੀਆਂ ਹੋਈਆਂ ਜਿਸ ਦੀ ਲਾਗ ਤੋਂ ਆਪ ਵੀ ਨਹੀਂ ਬਚ ਸਕਦੀ ਪਾਰਟੀਆਂ ਵੱਲੋਂ ਕਰੋੜਾਂ ਦੇ ਫੰਡਾਂ ਨੂੰ ਇਕੱਠਾ ਕਰਨਾ ਇੱਕ ਨਕਾਰਾਤਮਕ ਰੁਝਾਨ ਵਜੋਂ ਲਿਆ ਜਾਂਦਾ ਹੈ।

ਫਿਰ ਵੀ ਆਮ ਆਦਮੀ ਪਾਰਟੀ ਵੀ ਜੇਕਰ ਚੰਦਾ ਇਕੱਠਾ ਕਰਦੀ ਹੈ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਸਿਰਫ਼ ਪੈਸੇ ਨਾਲ ਚੋਣਾਂ ਜਿੱਤਣ ਲਈ ਕਾਬਲੀਅਤ ਦਾ ਆਧਾਰ ਪੈਸਾ ਮੰਨਣਾ ਲੋਕਤੰਤਰ ਦੇ ਸਿਧਾਂਤਾਂ ਦੇ ਹੀ ਉਲਟ ਹੈ ਅਜਿਹੇ ਮਾਹੌਲ ‘ਚ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ‘ਚ ਵਖਰੇਵਾਂ ਕਰਨਾ ਔਖਾ ਨਹੀਂ ਪੈਸੇ ਵਾਲੀ ਗੱਲ ਨੂੰ ਇਸ ਕਰਕੇ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ  ਆਪ ਸਾਫ਼-ਸੁਥਰੀ ਰਾਜਨੀਤੀ ਤੇ ਗਰੀਬ ਤੇ ਆਮ ਲੋਕਾਂ ਨਾਲ ਖੜ੍ਹਾ ਹੋਣ ਦਾ ਦਾਅਵਾ ਕਰਕੇ ਮੈਦਾਨ ‘ਚ ਆਈ ਸੀ