ਯੋਗ ਲਾਭਪਾਤਰੀਆਂ ਨੂੰ ਸਕੀਮਾਂ ਤਹਿਤ ਸਮੇਂ ਸਿਰ ਸਹੂਲਤਾਂ ਦੇਣਾ ਬਣਾਇਆ ਜਾਵੇ ਯਕੀਨੀ
(ਰਜਨੀਸ਼ ਰਵੀ) ਫਾਜ਼ਿਲਕਾ/ਜਲਾਲਾਬਾਦ। ਪੰਜਾਬ ਰਾਜ ਫੂਡ ਕਮਿਸ਼ਨ (Punjab State Food Commission) ਦੇ ਮੈਂਬਰ ਵੱਲੋਂ ਅੱਜ ਜ਼ਿਲ੍ਹਾ ਫਾਜ਼ਿਲਕਾ ਦਾ ਦੌਰਾ ਕਰਦਿਆਂ ਸਕੂਲਾਂ ਵਿਚ ਮਿਡ-ਡੇ-ਮਿੱਲ, ਆਂਗਣਵਾੜੀ ਸੈਂਟਰ ਅਤੇ ਰਾਸ਼ਨ ਡਿਪੂਆਂ ਦੀ ਜਾਂਚ ਕੀਤੀ। ਇਸ ਸੰਬਧੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰਾਜ ਫੂਡ ਕਮਿਸ਼ਨ ਚੇਤਨ ਪ੍ਰਕਾਸ਼ ਧਾਲੀਵਾਲ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਕੂਲਾਂ ਵਿਚ ਮਿਡ ਡੇ ਮਿਲ, ਆਂਗਣਵਾੜੀ ਸੈਂਟਰ ਅਤੇ ਰਾਸ਼ਨ ਡਿਪੂਆਂ ਦੀ ਜਾਂਚ ਕੀਤੀ।
ਇਸ ਮੌਕੇ ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਸਕੀਮ ਤਹਿਤ ਲਾਭਪਾਤਰੀ ਲਾਹਾ ਲੈਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਹਰੇਕ ਯੋਗ ਲਾਭਪਾਤਰੀ ਨੂੰ ਸਕੀਮ ਦਾ ਬਣਦਾ ਲਾਭ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਅਰੁਣ ਕੁਮਾਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਬੱਚਿਆਂ ਸਾਫ-ਸੁਥਰਾ ਖਾਣਾ ਮੁਹੱਈਆ ਕਰਵਾਈਆ ਜਾਵੇ
ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਪਹੁੰਚ ਕੇ ਮਿਡ-ਡੇ-ਮਿੱਲ ਸਕੀਮ ਤਹਿਤ ਬੱਚਿਆਂ ਨੂੰ ਦਿੱਤੇ ਜਾ ਰਹੇ ਖਾਣੇ ਦੀ ਜਾਂਚ ਕੀਤੀ। ਉਨ੍ਹਾਂ ਖਾਣਾ ਖਾ ਰਹੇ ਬੱਚਿਆਂ ਤੋਂ ਖਾਣੇ ਦੀ ਗੁਣਵੱਤਾ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਖਾਣਾ ਬਣਾਉਣ ਵਾਲੀ ਥਾਂ ਦੀ ਸਾਫ-ਸਫਾਈ ਯਕੀਨੀ ਬਣਾਉਣ ਅਤੇ ਖਾਣਾ ਬਣਾਉਣ ਵਾਲੀਆਂ ਔਰਤਾਂ ਨੂੰ ਸਾਫ-ਸੁਥਰਾ ਖਾਣਾ ਮੁਹੱਈਆ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ।
ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਵੱਖ-ਵੱਖ ਸਕੀਮਾਂ ਤਹਿਤ ਦਿੱਤਾ ਜਾਵੇ ਪੂਰਾ ਲਾਭ
ਇਸ ਉਪਰੰਤ ਮੈਂਬਰ ਵੱਲੋਂ ਸਰਕਾਰੀ ਸਕੂਲ ਬੰਨਵਾਲਾ ਹਨਵੰਤਾ ਵਿਖੇ ਬਣੇ ਆਂਗਣਵਾੜੀ ਸੈਂਟਰ ਦਾ ਦੌਰਾ ਵੀ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਮੌਜੂਦ ਆਂਗਣਵਾੜੀ ਸੁਪਰਵਾਈਜਰ ਅਤੇ ਵਰਕਰਾਂ ਤੋਂ ਗਰਭਵਤੀ ਔਰਤਾਂ ਨੂੰ ਮੁਹੱਈਆ ਕਰਵਾਈ ਜਾਂਦੀ ਖੁਰਾਕ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਤੇ ਬੱਚਿਆਂ ਲਈ ਵੱਖ-ਵੱਖ ਸਕੀਮਾਂ ਤਹਿਤ ਜੋ ਵੀ ਸਹੂਲਤਾਂ ਆਉਂਦੀਆਂ ਹਨ ਉਨ੍ਹਾਂ ਨੂੰ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸੈਂਟਰ ਵਿਖੇ ਲਾਹਾ ਲੈਣ ਆਈਆਂ ਔਰਤਾਂ ਤੋਂ ਮੈਂਬਰ ਵੱਲੋਂ ਜਾਣਕਾਰੀ ਹਾਸਲ ਕੀਤੀ ਜਿਸ ’ਤੇ ਔਰਤਾਂ ਨੇ ਸਮੇਂ ਸਿਰ ਖੁਰਾਕ ਮਿਲਣ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ।
ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਲਾਧੂਕਾ ਅਤੇ ਜਲਾਲਾਬਾਦ ਵਿਖੇ ਰਾਸ਼ਨ ਡਿਪੂ ਦੀ ਚੈਕਿੰਗ ਵੀ ਕੀਤੀ ਜਿਸ ਤੇ ਉਨ੍ਹਾਂ ਰਾਸ਼ਨ ਡਿਪੂ ਹੋਲਡਰਾਂ ਨੂੰ ਹਦਾਇਤ ਕੀਤੀ ਕਿ ਤੋਲ ਕੇ ਪੂਰੀ ਮਾਤਰਾ ਵਿਚ ਲਾਭਪਾਤਰੀ ਨੂੰ ਕਣਕ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਰਾਸ਼ਨ ਵੰਡਣ ਦੀ ਪ੍ਰਕਿਰਿਆ `ਚ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਕਣਕ ਦੀ ਵੰਡ ਸਮੇਂ ਜਾਗਰੂਕਤਾ ਬੈਨਰ ਵੀ ਲਾਏ ਜਾਣ
ਇਸ ਮੌਕੇ ਡਿੱਪੂ ’ਤੇ ਮੌਜ਼ੂਦ ਰਾਸ਼ਨ ਡਿੱਪੂ ਦੇ ਮੌਜੂਦ ਉਨ੍ਹਾਂ ਲਾਭਪਾਤਰੀਆਂ ਕੋਲੋਂ ਮਿਲ ਰਹੀ ਕਣਕ ਬਾਰੇ ਵੀ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਨੇ ਮੀਟਿੰਗ ਕਰਕੇ ਵੱਖ-ਵੱਖ ਅਧਿਕਾਰੀਆਂ ਤੋਂ ਸਕੀਮਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਕਿਹਾ ਕਿ ਡਿੱਪੂ ਹੋਲਡਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਡਿੱਪੂਆਂ ’ਤੇ ਕਣਕ ਵੰਡਣ ਦੀ ਪ੍ਰਕਿਰਿਆ ਨੂੰ ਪੁਰੀ ਪਾਰਦਰਸ਼ਤਾ ਨਾਲ ਨਿਭਾਇਆ ਜਾਵੇ।
ਉਨ੍ਹਾਂ ਕਿਹਾ ਕਿ ਕਣਕ ਦੀ ਵੰਡ ਵਿਚ ਕੋਈ ਹੇਰਾ ਫੇਰੀ ਨਾ ਹੋਵੇ ਇਹ ਵੀ ਯਕੀਨੀ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਕਣਕ ਦੀ ਵੰਡ ਸਮੇਂ ਜਾਗਰੂਕਤਾ ਬੈਨਰ ਵੀ ਲਗਾਏ ਜਾਣ। ਇਸ ਮੌਕੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਹਿਮਾਂਸ਼ੂ ਕੁਕੱੜ, ਜ਼ਿਲ੍ਹਾ ਸਿਖਿਆ ਅਫਸਰ ਡਾ. ਸੁਖਵੀਰ ਸਿੰਘ ਬਲ, ਜ਼ਿਲ੍ਹਾ ਪ੍ਰੋਗਰਾਮ ਅਫਸਰ ਮੈਡਮ ਹਰਦੀਪ ਕੌਰ, ਜ਼ਿਲ੍ਹਾ ਸਿਹਤ ਅਫਸਰ, ਧਰਮਿੰਦਰ ਸਿੰਘ ਸਹਾਇਕ ਫੂਡ ਸਪਲਾਈ ਅਫਸਰ ਜਲਾਲਾਬਾਦ ਚਰਨਜੀਤ ਸਿੰਘ ,ਇੰਸਪੈਕਟਰ ਛਿੰਦਰ ਸਿੰਘ ਹੀਰਾ ਲਾਲ ਅਤੇ ਸੁਨੀਲ ਗੁੰਬਰ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ