CBSE: ਨਵੀਂ ਦਿੱਲੀ (ਏਜੰਸੀ)। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ 2026 ਤੋਂ ਸਾਲ ’ਚ 2 ਵਾਰ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣ ਲਈ ਖਰੜਾ ਨਿਯਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਾਰੇ ਹਿੱਸੇਦਾਰ 9 ਮਾਰਚ ਤੱਕ ਡਰਾਫਟ ’ਤੇ ਆਪਣੀ ਫੀਡਬੈਕ ਦੇ ਸਕਦੇ ਹਨ। ਇਸ ਤੋਂ ਬਾਅਦ ਨੀਤੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਡਰਾਫਟ ਨਿਯਮਾਂ ਅਨੁਸਾਰ, ਪ੍ਰੀਖਿਆ ਦਾ ਪਹਿਲਾ ਪੜਾਅ 17 ਫਰਵਰੀ ਤੋਂ 6 ਮਾਰਚ ਤੱਕ ਚੱਲੇਗਾ, ਜਦੋਂ ਕਿ ਦੂਜਾ ਪੜਾਅ 5 ਮਈ ਤੋਂ 20 ਮਈ ਤੱਕ ਚੱਲੇਗਾ।
ਇਹ ਖਬਰ ਵੀ ਪੜ੍ਹੋ : Sangrur News: ਚੋਰ 8 ਮੋਟਰਾਂ ਤੋਂ ਹਜਾਰਾਂ ਰੁਪਏ ਦੀਆਂ ਕੇਬਲਾਂ ਚੋਰੀ ਕਰਕੇ ਫਰਾਰ
ਪ੍ਰੀਖਿਆ ਫੀਸ ਦੋਵਾਂ ਪ੍ਰੀਖਿਆਵਾਂ ਲਈ ਅਰਜ਼ੀ ਦੇਣ ਸਮੇਂ ਇਕੱਠੀ ਲਈ ਜਾਵੇਗੀ। ਪਿਛਲੇ ਹਫ਼ਤੇ 19 ਫਰਵਰੀ ਨੂੰ, ਸਿੱਖਿਆ ਮੰਤਰਾਲੇ ਨੇ ਸੀਬੀਐਸਈ ਬੋਰਡ ਸਕੱਤਰ ਤੇ ਹੋਰ ਸਿੱਖਿਆ ਸ਼ਾਸਤਰੀਆਂ ਨਾਲ ਸਾਲ ’ਚ ਦੋ ਵਾਰ ਬੋਰਡ ਪ੍ਰੀਖਿਆਵਾਂ ਕਰਵਾਉਣ ਬਾਰੇ ਚਰਚਾ ਕੀਤੀ ਸੀ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸੀਬੀਐਸਈ, ਐਨਸੀਈਆਰਟੀ, ਕੇਵੀਐਸ, ਐਨਵੀਐਸ ਤੇ ਕਈ ਸਕੂਲ ਅਧਿਕਾਰੀਆਂ ਨਾਲ ਸਾਲ ’ਚ 2 ਵਾਰ ਪ੍ਰੀਖਿਆਵਾਂ ਕਰਵਾਉਣ ਬਾਰੇ ਚਰਚਾ ਕੀਤੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਜੇਈਈ ਵਾਂਗ, 2 ਵਾਰ ਬੋਰਡ ਪ੍ਰੀਖਿਆਵਾਂ ਦੇਣਾ ਵਿਕਲਪਿਕ ਹੋਵੇਗਾ | CBSE
ਇਸ ਦਾ ਖਰੜਾ ਅਗਸਤ 2024 ’ਚ ਤਿਆਰ ਕੀਤਾ ਗਿਆ ਸੀ। ਇਸ ਦੌਰਾਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ, ਜਿਸ ਤਰ੍ਹਾਂ ਵਿਦਿਆਰਥੀਆਂ ਕੋਲ ਇੰਜੀਨੀਅਰਿੰਗ ਕਾਲਜਾਂ ’ਚ ਦਾਖਲੇ ਲਈ ਸਾਲ ’ਚ 2 ਵਾਰ ਸਾਂਝੀ ਪ੍ਰਵੇਸ਼ ਪ੍ਰੀਖਿਆ ਦੇਣ ਦਾ ਵਿਕਲਪ ਹੁੰਦਾ ਹੈ, ਉਸੇ ਤਰ੍ਹਾਂ ਵਿਦਿਆਰਥੀ ਸਾਲ ’ਚ 2 ਵਾਰ 10ਵੀਂ ਜਾਂ 12ਵੀਂ ਦੀ ਪ੍ਰੀਖਿਆ ਦੇ ਸਕਣਗੇ।
ਸਾਲ ’ਚ ਸਿਰਫ਼ ਇੱਕ ਵਾਰ ਵਿਹਾਰਕ ਤੇ ਅੰਦਰੂਨੀ ਮੁਲਾਂਕਣ
ਨਵੇਂ ਨਿਯਮਾਂ ਅਨੁਸਾਰ, ਬੋਰਡ ਪ੍ਰੀਖਿਆਵਾਂ ਸਾਲ ’ਚ 2 ਵਾਰ ਹੋਣਗੀਆਂ, ਜਦੋਂ ਕਿ ਪ੍ਰੈਕਟੀਕਲ ਤੇ ਅੰਦਰੂਨੀ ਮੁਲਾਂਕਣ ਸਾਲ ’ਚ ਸਿਰਫ਼ ਇੱਕ ਵਾਰ ਹੀ ਹੋਣਗੇ। ਇਸ ਨਵੇਂ ਢਾਂਚੇ ਦਾ ਉਦੇਸ਼ ਵਿਦਿਆਰਥੀਆਂ ਨੂੰ ਵਧੇਰੇ ਲਚਕਤਾ ਪ੍ਰਦਾਨ ਕਰਨਾ ਅਤੇ ਇੱਕ ਸਾਲਾਨਾ ਪ੍ਰੀਖਿਆ ਨਾਲ ਜੁੜੇ ਦਬਾਅ ਨੂੰ ਘਟਾਉਣਾ ਹੈ। ਵਿਦਿਆਰਥੀਆਂ ਨੂੰ ਦੋਵਾਂ ਸੈਸ਼ਨਾਂ ਵਿੱਚ ਸ਼ਾਮਲ ਹੋਣ ਅਤੇ ਆਪਣੀ ਤਿਆਰੀ ਲਈ ਸਭ ਤੋਂ ਢੁਕਵਾਂ ਸੈਸ਼ਨ ਚੁਣਨ ਦਾ ਮੌਕਾ ਮਿਲੇਗਾ।