ਚੀਨ ਦਾ ਟਕਰਾਅ ਬਨਾਮ ਸ਼ਾਜਿਸ਼

ਚੀਨ ਦਾ ਟਕਰਾਅ ਬਨਾਮ ਸ਼ਾਜਿਸ਼

ਲੱਦਾਖ ‘ਚ ਚੀਨੀ ਫੌਜ ਵੱਲੋਂ ਪਹਿਲੀ ਵਾਰ ਗੋਲੀਬਾਰੀ ਦੀ ਘਟਨਾ ਬੜੇ ਗੰਭੀਰ ਸਵਾਲ ਖੜੇ ਕਰਦੀ ਹੈ ਤੇ ਇਸ ਨੇ ਭਾਰਤ ਨਾਲ ਵਿਦੇਸ਼ੀ ਮਾਮਲਿਆਂ ਦੇ ਮਾਹਿਰਾਂ ਦੇ ਸ਼ੰਕੇ ਤੇ ਰਾਏ ਨੂੰ ਹਕੀਕਤ ਬਣਾ ਦਿੱਤਾ ਹੈ ਦੋ ਮਹੀਨੇ ਪਹਿਲਾਂ ਗਲਵਾਨ ‘ਚ ਹੋਏ ਚੀਨੀ ਹਮਲੇ ਵੇਲੇ ਵਿਦੇਸ਼ੀ ਸਬੰਧਾਂ ਦੇ ਮਾਹਿਰਾਂ ਦੀ ਸ਼ੰਕਾ ਇਹ ਹੀ ਸੀ ਕਿ ਕੀ ਹਮਲਾ ਚੀਨੀ ਫੌਜ ਦੀ ਅਚਾਨਕ ਭੜਕਾਹਟ ਹੈ ਜਾਂ ਚੀਨੀ ਸ਼ਾਸ਼ਨ ਦੇ ਇਸ਼ਾਰੇ ‘ਤੇ ਹੋਇਆ ਹੈ ਮਾਹਿਰਾਂ ਨੇ ਭਾਰਤ ਸਰਕਾਰ ਨੂੰ ਰਾਏ ਦਿੱਤੀ ਸੀ ਕਿ ਸਰਕਾਰ ਕੂਟਨੀਤਿਕ ਸਰੋਤਾਂ ਰਾਹੀਂ ਇਸ ਗੱਲ ਦਾ ਪਤਾ ਲਾਵੇ ਕਿ ਕੀ ਹਮਲੇ ਲਈ ਸਿੱਧੀ ਚੀਨੀ ਸਰਕਾਰ ਜਿੰਮੇਵਾਰ ਹੈ ਹੁਣ ਦੋ ਮਹੀਨਿਆਂ ਬਾਅਦ ਵਾਪਰ ਰਹੀਆਂ ਘਟਨਾਵਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਹੱਦ ‘ਤੇ ਹੋ ਰਹੀ ਹਿਲਜੁਲ ਸਾਧਾਰਨ ਜਾਂ ਅਚਾਨਕ ਨਹੀਂ ਸਗੋਂ ਇਹ ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਜਾਂ ਸ਼ਕਤੀ ਸੰਤੁਲਨ ਦੀ ਕਿਸੇ ਨਵੀਂ ਰਣਨੀਤੀ ਦਾ ਨਤੀਜਾ ਹੈ

ਗਲਵਾਨ ਘਾਟੀ ‘ਚ ਹਮਲੇ ਤੋਂ ਬਾਅਦ ਕਮਾਂਡਰ ਪੱਧਰ ਅਤੇ ਕਈ ਹੋਰ ਮੀਟਿੰਗਾਂ ਦੇ ਫੈਸਲੇ ਸਰਹੱਦ ‘ਤੇ ਅਸਰ ਅੰਦਾਜ਼ ਹੁੰਦੇ ਨਜ਼ਰ ਨਹੀਂ ਆ ਰਹੇ ਭਾਵੇਂ 45 ਸਾਲਾਂ ਦੇ ਅਰਸੇ ਬਾਅਦ  ਪਹਿਲੀ ਵਾਰ ਗੋਲੀਬਾਰੀ ਦੀ ਵੱਡੀ ਘਟਨਾ ਹੈ ਪਰ ਗਲਵਾਨ ‘ਚ ਕੰਡਿਆਲੀ ਤਾਰਾਂ ਵਾਲੇ ਡੰਡਿਆਂ ਦੀ ਵਰਤੋਂ ਵੀ ਕਿਸੇ ਘਾਤਕ ਹਥਿਆਰ ਤੋਂ ਘੱਟ ਨਹੀਂ ਸੀ ਜੰਮੂ ਕਸ਼ਮੀਰ ਵਰਗੇ ਹਾਲਾਤ ਲੱਦਾਖ ‘ਚ ਬਣਦੇ ਨਜ਼ਰ ਆਉਂਦੇ ਹਨ ਇਸ ਮਾਮਲੇ ‘ਚ ਭਾਰਤ ਨੂੰ ਹੁਣ ਹਰ ਕਦਮ ਫੂਕ ਕੇ ਰੱਖਣਾ ਪਵੇਗਾ

ਅਰੁਣਾਚਲ ‘ਚ ਕੁਝ ਭਾਰਤੀਆਂ ਦੇ ਅਗਵਾ ਹੋਣ ਦੀਆਂ ਘਟਨਾਵਾਂ ਵੀ ਗੰਭੀਰਤਾ ਨਾਲ ਵਿਚਾਰਨ ਦੀ ਜ਼ਰੂਰਤ ਹੈ ਅਰੁਣਾਚਲ ਨੂੰ ਚੀਨ ਅਜੇ ਵੀ ਆਪਣਾ ਅੰਗ ਮੰਨ ਰਿਹਾ ਹੈ ਭਾਰਤੀ ਨਾਗਰਿਕਾਂ ਦੇ ਅਗਵਾ ਹੋਣ ਦਾ ਚੀਨ ਵੱਲੋਂ ਜਿਸ ਤਰ੍ਹਾਂ ਜਵਾਬ ਦਿੱਤਾ ਗਿਆ ਹੈ ਉਹ ਆਪਣੇ ਆਪ ‘ਚ ਭਾਰਤ ਦੀ ਖੁਦਮੁਖਤਿਆਰੀ ਤੇ ਅਖੰਡਤਾ ਨੂੰ ਚੁਣੌਤੀ ਹੈ ਇਹ ਗੱਲ ਤਸੱਲੀ ਵਾਲੀ ਹੈ ਕਿ ਭਾਰਤ ਸਰਕਾਰ ਨੇ ਆਰਥਿਕ ਮੋਰਚੇ ‘ਤੇ ਚੀਨ ਖਿਲਾਫ਼ ਮੋਰਚਾ ਵਧੀਆ ਤਰੀਕੇ ਨਾਲ ਖੋਲ੍ਹਿਆ ਹੈ 200 ਤੋਂ ਵੱਧ ਚੀਨੀ ਐਪ ‘ਤੇ ਪਾਬੰਦੀ ਲੱਗਣ ਨਾਲ ਚੀਨ ਨੂੰ ਆਰਥਿਕ ਝਟਕਾ ਲੱਗਾ ਹੈ

ਪਰ ਚੀਨ ਵੱਲੋਂ ਸਰਹੱਦ ‘ਤੇ ਸ਼ਰਾਰਤਾਂ ਉਸ ਵੇਲੇ ਕੀਤੀਆਂ ਜਾ ਰਹੀਆਂ ਹਨ ਜਦੋਂ ਤਾਕਤਵਰ ਜੰਗੀ ਜਹਾਜ਼ ਰਾਫ਼ੇਲ ਭਾਰਤ ਦੀ ਫੌਜ ‘ਚ ਸ਼ਾਮਲ ਕੀਤੇ ਜਾ ਰਹੇ ਹਨ ਇਸ ਤੋਂ ਸਪੱਸ਼ਟ ਸੰਕੇਤ ਹੈ ਕਿ ਚੀਨ  ਆਪਣੀ ਫੌਜੀ ਸਮਰੱਥਾ ਨੂੰ ਵਧੇਰੇ ਦਰਸਾਉਣ ਦਾ ਯਤਨ ਕਰ ਰਿਹਾ ਹੈ ਇਸ ਦੇ ਨਾਲ ਹੀ ਚੀਨ ਨੂੰ ਭਾਰਤ-ਅਮਰੀਕਾ ਦੀ ਦੋਸਤੀ ਵੀ ਹਜ਼ਮ ਹੁੰਦੀ ਨਜ਼ਰ ਨਹੀਂ ਆ ਰਹੀ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਮੌਕੇ ਚੀਨ ਵੱਲੋਂ ਭਾਰਤ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਜੋ ਚੀਨ ਦੇ ਅਮਰੀਕਾ ਖਿਲਾਫ਼ ਮਨਸੂਬਿਆਂ ਨੂੰ ਵੀ ਉਜਾਗਰ ਕਰਦੀ ਹੈ ਭਾਰਤ ਸਰਕਾਰ ਨੂੰ ਸਰਹੱਦੀ ਮਾਮਲਿਆਂ ਬਾਰੇ ਅਮਰੀਕਾ-ਚੀਨ ਟਕਰਾਅ ਦੇ ਸੰਦਰਭ ‘ਚ ਵੀ ਵੇਖਣਾ ਤੇ ਨਜਿੱਠਣਾ ਪਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.