ਕੌਮਾਂਤਰੀ ਕਬੱਡੀ ਕੱਪ ‘ਚ ਵੇਖਣ ਨੂੰ ਨਹੀਂ ਮਿਲਿਆ ਪਹਿਲਾਂ ਵਰਗਾ ਜਲੌਅ

ਪਿੰਡਾਂ ‘ਚ ਹੁੰਦੇ ਟੂਰਨਾਮੈਂਟਾਂ ਨਾਲੋਂ ਵੀ ਬਠਿੰਡਾ ‘ਚ ਹੋਇਆ ਘੱਟ ਇਕੱਠ

ਬਠਿੰਡਾ (ਸੁਖਜੀਤ ਮਾਨ)। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਿਹਾ ਕੌਮਾਂਤਰੀ ਕਬੱਡੀ ਕੱਪ ਪੰਜਾਬ ਸਰਕਾਰ ਦਾ ਵਧੀਆ ਉਪਰਾਲਾ ਹੈ ਪਰ ਪਹਿਲਾਂ ਹੋਏ ਕੌਮਾਂਤਰੀ ਕੱਪਾਂ ਵਰਗਾ ਜਲੌਅ ਇਸ ਵਾਰ ਵੇਖਣ ਨੂੰ ਨਹੀਂ ਮਿਲ ਰਿਹਾ। ਪ੍ਰਕਾਸ਼ ਪੁਰਬ ਵਾਲੇ ਮਹੀਨੇ ‘ਚ ਗੁਆਂਢੀ ਮੁਲਕ ਪਾਕਿਤਸਾਨ ਨੇ ਬਾਬੇ ਨਾਨਕ ਦੇ ਘਰ ਤੱਕ ਪੁੱਜਣ ਲਈ ਸਿੱਧਾ ਰਸਤਾ ਖੋਲ੍ਹ ਦਿੱਤਾ ਪਰ ਪਾਕਿਸਤਾਨ ਦੀ ਕਬੱਡੀ ਟੀਮ ਇਸ ਕਬੱਡੀ ਕੱਪ ‘ਚ ਨਹੀਂ ਪੁੱਜ ਸਕੀ। ਕਬੱਡੀ ਪ੍ਰਬੰਧਕਾਂ ਤੇ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਦਾਅਵਾ ਕੀਤਾ ਜਾਂਦਾ ਰਿਹਾ ਕਿ ਪਾਕਿ ਟੀਮ ਨੂੰ ਭਾਰਤ ਤਰਫੋਂ ਐਨਓਸੀ ਲਈ ਯਤਨ ਕੀਤੇ ਜਾ ਰਹੇ ਨੇ ਪਰ ਇਹ ਯਤਨ ਪੂਰੇ ਹੋਏ ਵਿਖਾਈ ਨਹੀਂ ਦਿੱਤੇ। ਪਾਕਿਸਤਾਨ ਸਮੇਤ ਇਸ ਕੱਪ ‘ਚ 9 ਟੀਮਾਂ ਨੇ ਹਿੱਸਾ ਲੈਣਾ ਸੀ ਪਰ ਹੁਣ 8 ਟੀਮਾਂ ਹੀ ਖੇਡ ਰਹੀਆਂ ਹਨ। ਭਾਰਤੀ ਕਬੱਡੀ ਟੀਮ ਦੀ ਚੋਣ ‘ਤੇ ਵੀ ਉਂਗਲ ਉੱਠੀ ਹੈ। (International Kabaddi Cup)

ਇਹ ਵੀ ਪੜ੍ਹੋ : ਰਿਸ਼ਵਤ ਦੇ ਪੈਸੇ ਫੜ੍ਹਨ ਵਾਲੇ ਨੂੰ ਵਿਜੀਲੈਂਸ ਨੇ ਫੜ੍ਹਿਆ

ਵੇਰਵਿਆਂ ਮੁਤਾਬਿਕ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਲੋਂ ਆਪਣੀ ਪਿਛਲੀ ਪਾਰੀ ਦੌਰਾਨ ਛੇ ਵਿਸ਼ਵ ਕਬੱਡੀ ਕੱਪ ਕਰਵਾਏ ਗਏ ਸਨ। ਭਾਵੇਂ ਹੀ ਉਨ੍ਹਾਂ ਮੈਚਾਂ ‘ਤੇ ਉਸ ਵੇਲੇ ਵਿਰੋਧੀ ਧਿਰਾਂ ਵੱਲੋਂ ਅਨੇਕਾਂ ਟਿੱਪਣੀਆਂ ਕੀਤੀਆਂ ਗਈਆਂ ਪਰ ਪੰਜਾਬ ਦੀ ਮਾਂ ਖੇਡ ਕਬੱਡੀ ਫਰਸ਼ ਤੋਂ ਅਰਸ਼ ਤੱਕ ਪੁੱਜੀ। ਖਿਡਾਰੀਆਂ ਨੂੰ ਕਰੋੜਾਂ ਦੇ ਇਨਾਮ ਵੰਡੇ ਗਏ ਸੀ ਜਦੋਂਕਿ ਇਸ ਵਾਰ ਪਹਿਲੇ ਤਿੰਨ ਸਥਾਨਾਂ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਕੁੱਲ 50 ਲੱਖ ਰੁਪਏ ਵੰਡੇ ਜਾਣਗੇ ਉਂਝ ਮੁੱਖ ਸਟੇਜ ਤੋਂ ਵਿੱਤ ਮੰਤਰੀ ਵੱਲੋਂ ਦਿਲ ਖੋਲ੍ਹ ਕੇ ਖ਼ਜਾਨੇ ‘ਚੋਂ ਮੱਦਦ ਕਰਨ ਦਾ ਜ਼ਿਕਰ ਜ਼ਰੂਰ ਹੋਇਆ। (International Kabaddi Cup)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਨੂੰ ਮਹਾਨ ਦਰਜ਼ਾ ਦਿੰਦਿਆਂ ਆਖਿਆ ਸੀ ਕਿ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਪਰ ਉਨ੍ਹਾਂ ਦੇ ਪ੍ਰਕਾਸ਼ ਪੁਰਬ ਸਮਾਗਮਾਂ ‘ਚ ਮਹਿਲਾ ਕਬੱਡੀ ਟੀਮਾਂ ਨੂੰ ਥਾਂ ਨਹੀਂ ਮਿਲੀ। ਹੋਰ ਤਾਂ ਹੋਰ ਅੱਜ ਦੇ ਮੈਚਾਂ ਦੌਰਾਨ ਜਦੋਂ ਇੱਕ ਗਾਇਕ ਸਟੇਜ਼ ਤੋਂ ਆਪਣਾ ਪ੍ਰੋਗਰਾਮ ਪੇਸ਼ ਕਰ ਰਿਹਾ ਸੀ ਤਾਂ ਸਟੇਜ਼ ਦੇ ਪਿੱਛੇ ਹੋਰਡਿੰਗ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਵੀ ਲੱਗੀ ਹੋਈ ਸੀ ਪਰ ਗਾਇਕ ਦੇ ਸਟੇਜ ਸੰਚਾਲਕ ਨੇ ਆਪਣੇ ਬੋਲਾਂ ‘ਚ ਮਹਿਲਾਵਾਂ ਨੂੰ ‘ਮੁਸੀਬਤ’ ਆਖਕੇ ਵਿਅੰਗ ਸੁਣਾਇਆ।

ਦਰਸ਼ਕਾਂ ਦੇ ਇਕੱਠ ਪੱਖੋਂ ਵੀ ਅੱਜ ਦੇ ਮੈਚ ਫਿੱਕੇ | International Kabaddi Cup

ਦਰਸ਼ਕਾਂ ਦੇ ਇਕੱਠ ਪੱਖੋਂ ਵੀ ਅੱਜ ਦੇ ਮੈਚ ਫਿੱਕੇ ਰਹੇ। ਪਿੰਡਾਂ ‘ਚ ਹੁੰਦੇ ਕਬੱਡੀ ਕੱਪਾਂ ਜਾਂ ਟੂਰਨਾਮੈਂਟਾਂ ਨਾਲੋਂ ਵੀ ਘੱਟ ਇਕੱਠ ਅੱਜ ਸਟੇਡੀਅਮ ‘ਚ ਵੇਖਣ ਨੂੰ ਮਿਲਿਆ। ਸਟੇਡੀਅਮ ‘ਚ ਦਰਸ਼ਕਾਂ ਦੇ ਬੈਠਣ ਲਈ ਬਣਾਏ ਸਟੈਂਡਾਂ ‘ਚੋਂ ਸਿਰਫ ਇੱਕ ‘ਚ ਹੀ ਦਰਸ਼ਕ ਬੈਠੇ ਸੀ ਪਰ ਉਹ ਸਟੈਂਡ ਵੀ ਪੂਰਾ ਨਹੀਂ ਭਰਿਆ।  ਪਹਿਲਾਂ ਵਿਸ਼ਵ ਕਬੱਡੀ ਕੱਪਾਂ ਵੇਲੇ ਦਰਸ਼ਕਾਂ ਨੂੰ ਖੇਡ ਮੈਦਾਨਾਂ ਤੱਕ ਲਿਆਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਜਾਂਦਾ ਸੀ ਪਰ ਇਸ ਵਾਰ ਅਜਿਹੇ ਕੋਈ ਇੰਤਜਾਮ ਨਹੀਂ ਹੋਏ।

ਜ਼ਿਲ੍ਹਾ ਬਠਿੰਡਾ ਦੇ ਇਸ ਵੇਲੇ ਪੰਜਾਬ ਵਜ਼ਾਰਤ ‘ਚ ਦੋ ਮੰਤਰੀ ਨੇ ਪਰ ਅੱਜ ਦੇ ਮੈਚਾਂ ‘ਚ ਇੱਕ ਵੀ ਨਹੀਂ ਪੁੱਜਿਆ।ਸਟੇਜ਼ ਤੋਂ ਦੱਸਿਆ ਗਿਆ ਕਿ ਮਨਪ੍ਰੀਤ ਬਾਦਲ ਕਿਸੇ ਜ਼ਰੂਰੀ ਕੰਮ ਕਾਰਨ ਨਹੀਂ ਆ ਸਕੇ।  ਗੁਰਪ੍ਰੀਤ ਕਾਂਗੜ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਭਾਰਤੀ ਕਬੱਡੀ ਟੀਮ ਦੀ ਚੋਣ ਤੇ ਵਿਵਾਦ ਸਬੰਧੀ ਪੁੱਛੇ ਜਾਣ ‘ਤੇ ਟੀਮ ਦੇ ਕੋਚ ਹਰਪ੍ਰੀਤ ਸਿੰਘ ਨੇ ਆਖਿਆ ਕਿ ਕਿਸੇ ਵੀ ਖਿਡਾਰੀ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ। ਘੱਟ ਇਨਾਮੀ ਰਾਸ਼ੀ ਸਮੇਤ ਹੋਰਨਾਂ ਮੁੱਦਿਆਂ ਸਬੰਧੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਉਨ੍ਹਾਂ ਦੇ ਨਿੱਜੀ ਸਹਾਇਕ ਨੇ ਦੱਸਿਆ ਕਿ ਖੇਡ ਮੰਤਰੀ ਮੀਟਿੰਗ ‘ਚ ਹਨ। (International Kabaddi Cup)

ਅੱਗੇ ਤੋਂ ਇਨਾਮੀ ਰਾਸ਼ੀ ਵਧਾਈ ਜਾਵੇ : ਮਲੂਕਾ

ਸਾਬਕਾ ਅਕਾਲੀ ਮੰਤਰੀ ਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਹੈ ਕਿ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਜੋ ਇਸ ਕਬੱਡੀ ਕੱਪ ਨੂੰ ਹਰ ਸਾਲ ਕਰਵਾਉਣ ਦਾ ਐਲਾਨ ਕੀਤਾ ਹੈ ਉਹ ਚੰਗੀ ਗੱਲ ਹੈ ਪਰ ਅੱਗੇ ਤੋਂ ਇਨਾਮੀ ਰਾਸ਼ੀ ਵਧਾਈ ਜਾਣੀ ਚਾਹੀਦੀ ਹੈ। ਮਹਿਲਾਵਾਂ ਦੀਆਂ ਟੀਮਾਂ ਨਾ ਹੋਣ ਦੇ ਸਵਾਲ ਤੇ ਮਲੂਕਾ ਨੇ ਆਖਿਆ ਕਿ ਅਜਿਹਾ ਕਰਕੇ ਵਿਤਕਰਾ ਕੀਤਾ ਗਿਆ ਹੈ ਤੇ ਭਵਿੱਖ ‘ਚ ਮਹਿਲਾਵਾ ਦੀਆਂ ਟੀਮਾਂ ਨੂੰ ਵੀ ਇਸ ਕਬੱਡੀ ਕੱਪ ਦਾ ਹਿੱਸਾ ਬਣਾਉਣਾ ਚਾਹੀਦਾ ਹੈ। (International Kabaddi Cup)