ਅਮਰਿੰਦਰ ਦੇ ਬਿਆਨ ਨੇ ਪਾਰਟੀ ਅੰਦਰਲੇ ਵਿਰੋਧੀਆਂ ਨੂੰ ਲਿਆਂਦੀਆਂ ਤਰੇਲੀਆਂ
ਅਸ਼ਵਨੀ ਚਾਵਲਾ/ਚੰਡੀਗੜ। ਵਿਧਾਨ ਸਭਾ 2017 ਵਿੱਚ ਆਪਣੀ ਆਖਰੀ ਚੋਣ ਦਾ ਐਲਾਨ ਕਰਨ ਵਾਲੇ ਅਮਰਿੰਦਰ ਸਿੰਘ ਹੁਣ ਆਪਣੇ ਇਸ ਐਲਾਨ ਤੋਂ ਪਲਟ ਗਏ ਹਨ ਅਤੇ ਉਨ੍ਹਾਂ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਉਹ ਅਗਲੀ ਚੋਣ ਲੜਨ ਲਈ ਵੀ ਤਿਆਰ ਹਨ, ਇਥੇ ਤੱਕ ਕਿ ਉਹ ਉਸ ਸਮੇਂ ਤੱਕ ਚੋਣ ਮੈਦਾਨ ਵਿੱਚ ਡਟੇ ਰਹਿਣਗੇ, ਜਦੋਂ ਤੱਕ ਕਿ ਪੰਜਾਬ ਪਹਿਲੇ ਨੰਬਰ ‘ਤੇ ਨਹੀਂ ਆ ਜਾਂਦਾ ਹੈ। ਅਮਰਿੰਦਰ ਸਿੰਘ ਨੇ ਇਹ ਐਲਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਅਤੇ ਫੇਸਬੁੱਕ ‘ਤੇ ਕੀਤਾ ਹੈ। ਅਮਰਿੰਦਰ ਸਿੰਘ ਵਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਭਵਿੱਖ ਦੇ ਮੁੱਖ ਮੰਤਰੀਆਂ ਲਈ ਬੁਰੀ ਖ਼ਬਰ ਹੈ, ਕਿਉਂਕਿ ਹੁਣ ਜਦੋਂ ਤੱਕ ਅਮਰਿੰਦਰ ਸਿੰਘ ਚੋਣ ਲੜਦੇ ਰਹਿਣਗੇ ਤਾਂ ਉਸ ਸਮੇਂ ਤੱਕ ਉਹ ਮੁੱਖ ਮੰਤਰੀ ਦੇ ਦਾਅਵੇਦਾਰ ਨਹੀਂ ਬਣ ਸਕਣਗੇ।
ਮੇਰੇ ਪੰਜਾਬ ਵਾਸੀਆਂ ਨੂੰ ਮੇਰੀ ਲੋੜ ਹੈ : ਅਮਰਿੰਦਰ
ਅਮਰਿੰਦਰ ਸਿੰਘ ਨੇ ਲਿਖਿਆ ਹੈ ਕਿ ” ਮੈ ਉਦੋਂ ਤੱਕ ਅਰਾਮ ਨਾਲ ਨਹੀਂ ਬੈਠ ਸਕਦਾ ਹਾਂ, ਜਦੋਂ ਤੱਕ ਕਿ ਮੇਰੇ ਪੰਜਾਬ ਵਾਸੀਆਂ ਨੂੰ ਮੇਰੀ ਲੋੜ ਹੈ। ਜਦੋਂ ਸਾਲ 2017 ਵਿੱਚ ਮੈਂ ਮੁੱਖ ਮੰਤਰੀ ਦੇ ਤੌਰ ‘ਤੇ ਦੂਜੀ ਵਾਰ ਪੰਜਾਬ ਦੀ ਕਮਾਨ ਸੰਭਾਲੀ ਤਾਂ ਮੈਂ ਸੂਬੇ ਦੇ ਹਰ ਇੱਕ ਵਾਸੀ ਨੂੰ ਉਹ ਸੁਵਿਧਾ, ਉਹ ਹੱਕ ਦੇਣ ਦਾ ਵਾਅਦਾ ਕੀਤਾ, ਜਿਸ ਦੇ ਉਹ ਹੱਕਦਾਰ ਹਨ।
ਮੈਂ ਉਦੋਂ ਤੱਕ ਹਾਰ ਨਹੀਂ ਮੰਨਾਂਗਾ ਜਿੰਨੀ ਦੇਰ ਤੱਕ ਮੈਂ ਆਪਣਾ ਕੰਮ ਪੂਰਾ ਨਹੀਂ ਕਰ ਲੈਂਦਾ। ਅਮਰਿੰਦਰ ਸਿੰਘ ਨੇ ਅੱਗੇ ਲਿਖਿਆ ਹੈ ਕਿ ਪੰਜਾਬ ਤੇ ਪੰਜਾਬ ਵਾਸੀਆਂ ਨੇ ਪਿਛਲੇ 10 ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਬਹੁਤ ਬੁਰਾ ਸਮਾਂ ਦੇਖਿਆ ਹੈ, ਬਹੁਤ ਕੁਝ ਝੱਲਿਆ ਹੈ। ਇਹ ਮੇਰਾ ਵਾਅਦਾ ਹੈ ਕਿ ਮੈਂ ਅਕਾਲੀ ਦਲ ਦੇ ਰਾਜ ਦੇ 10 ਸਾਲਾਂ ਦੌਰਾਨ ਪੰਜਾਬ ਉੱਤੇ ਆਏ ਕਾਲੇ ਦਿਨਾਂ ਤੇ ਕਾਲੀਆਂ ਯਾਦਾਂ ਨੂੰ ਮਿਟਾਉਣ ‘ਤੇ ਕੰਮ ਕਰ ਰਿਹਾ ਹਾਂ ਤੇ ਉਦੋਂ ਤੱਕ ਕਰਦਾ ਰਹਾਂਗਾ ਜਦੋਂ ਤੱਕ ਪੰਜਾਬ ਪਹਿਲੇ ਨੰਬਰ ‘ਤੇ ਨਹੀਂ ਪਹੁੰਚ ਜਾਂਦਾ। ਜੇਕਰ ਉਸ ਲਈ ਮੈਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵੀ ਲੜਨੀਆਂ ਪੈਣ ਤਾਂ ਮੈਂ ਲੜਾਗਾਂ।
ਭਵਿੱਖ ‘ਚ ਮੁੱਖ ਮੰਤਰੀ ਦੇ ਦਾਅਵੇਦਾਰ ਦੇ ਤੌਰ ‘ਤੇ ਦੇਖ ਰਹੇ ਕਈ ਕਾਂਗਰਸੀਆਂ ਨੂੰ ਵੱਡਾ ਝਟਕਾ
ਅਮਰਿੰਦਰ ਸਿੰਘ ਵੱਲੋਂ ਇਹ ਸੋਸ਼ਲ ਮੀਡੀਆ ‘ਤੇ ਐਲਾਨ ਕਰਨ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਬਾਹਰ ਆ ਰਹੀਆਂ ਹਨ, ਇਸ ਐਲਾਨ ਨਾਲ ਉਨਾਂ ਕਾਂਗਰਸ ਦੇ ਵੱਡੇ ਚਿਹਰਿਆਂ ਨੂੰ ਧੱਕਾ ਲੱਗਿਆ ਹੈ, ਜਿਹੜੇ ਭਵਿੱਖ ਵਿੱਚ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਦੇ ਤੌਰ ‘ਤੇ ਦੇਖ ਰਹੇ ਸਨ। ਹਾਲਾਂਕਿ ਅਮਰਿੰਦਰ ਸਿੰਘ ਦੇ ਇਸ ਐਲਾਨ ਸਬੰਧੀ ਕਾਂਗਰਸ ਕੁਝ ਵੀ ਨਹੀਂ ਕਹਿ ਰਹੇ ਹਨ, ਪਰ ਅਮਰਿੰਦਰ ਸਿੰਘ ਖ਼ਿਲਾਫ਼ ਚਲਣ ਵਾਲੇ ਕਾਂਗਰਸੀ ਵੀ ਹੁਣ ਕੁਝ ਵੀ ਕਰਨ ਤੋਂ ਪਹਿਲਾਂ ਸੋਚ ਵਿਚਾਰ ਕੇ ਹੀ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।