ਸਿੱਖਿਆ ਵਿਭਾਗ ਵੱਲੋਂ ਰੱਖੀ 30 ਨਵੰਬਰ ਦੀ ਆਖ਼ਰੀ ਤਰੀਕ ਨੂੰ ਦੇਖਦੇ ਹੋਏ 622 ਹੋਰ ਅਧਿਆਪਕਾਂ ਨੇ ਦਿੱਤੀ ਸਹਿਮਤੀ
ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਪੱਕੇ ਹੋਣ ਲਈ ਦਿੱਤੀ ਗਈ 30 ਨਵੰਬਰ ਦੀ ਆਖ਼ਰੀ ਤਰੀਕ ਨੇ ਪਟਿਆਲਾ ਧਰਨੇ ‘ਤੇ ਬੈਠੇ ਅਧਿਆਪਕਾਂ ਨੂੰ ਖੇਰੂੰ-ਖੇਰੂੰ ਕਰਕੇ ਰੱਖ ਦਿੱਤਾ ਹੈ। ਪਟਿਆਲਾ ਧਰਨੇ ਅਤੇ ਰਮਸਾ ਤੇ ਐਸ.ਐਸ.ਏ. ਯੂਨੀਅਨ ਵਿੱਚ ਸ਼ੁਰੂ ਤੋਂ ਵੱਡਾ ਰੋਲ ਅਦਾ ਕਰ ਰਹੇ ਉਪ ਪ੍ਰਧਾਨ ਰਾਮ ਭਜਨ ਚੌਧਰੀ ਨੇ ਸਿੱਖਿਆ ਵਿਭਾਗ ਵਿੱਚ ਪੱਕੇ ਹੋਣ ਲਈ ਨਾ ਸਿਰਫ਼ ਸਹਿਮਤੀ ਦੇ ਦਿੱਤੀ ਹੈ, ਸਗੋਂ ਸਿੱਖਿਆ ਮੰਤਰੀ ਓ.ਪੀ. ਸੋਨੀ ਤੋਂ ਆਪਣਾ ਨਿਯੁਕਤੀ ਪੱਤਰ ਵੀ ਲੈ ਲਿਆ ਹੈ। ਰਾਮ ਭਜਨ ਚੌਧਰੀ ਹੁਣ ਸਰਕਾਰ ਦੀ ਸ਼ਰਤ ਅਨੁਸਾਰ ਅਗਲੇ 3 ਸਾਲ ਤੱਕ 15 ਹਜ਼ਾਰ 300 ‘ਤੇ ਹੀ ਕੰਮ ਕਰਨਗੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੱਕੇ ਤੌਰ ਪੂਰੀ ਤਨਖ਼ਾਹ ਮਿਲ ਜਾਵੇਗੀ।
ਰਾਮ ਭਜਨ ਦੇ ਨਾਲ ਹੀ 622 ਹੋਰ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿੱਚ ਪੱਕੇ ਹੋਣ ਲਈ ਸਹਿਮਤੀ ਦਿੰਦੇ ਹੋਏ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਨਿਯੁਕਤੀ ਪੱਤਰ ਲੈਂਦੇ ਹੋਏ ਪਟਿਆਲਾ ਧਰਨੇ ਅਤੇ ਯੂਨੀਅਨ ਨੂੰ ਅਲਵਿਦਾ ਕਹਿ ਦਿੱਤਾ ਹੈ। ਮੰਗਲਵਾਰ ਨੂੰ ਧਰਨੇ ਨੂੰ ਛੱਡ ਕੇ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾ ਦਾ ਸੁਆਗਤ ਖ਼ੁਦ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਰਦੇ ਹੋਏ ਕਿਹਾ ਕਿ ਹਰ ਵਿਵਾਦ ਦਾ ਹਲ਼ ਮੀਟਿੰਗ ਰਾਹੀਂ ਹੀ ਨਿਕਲਦਾ ਹੈ ਅਤੇ ਰਮਸਾ ਤੇ ਐਸ.ਐਸ.ਏ. ਯੂਨੀਅਨ ਲੀਡਰ ਹੀ ਅਧਿਆਪਕਾਂ ਨੂੰ ਭੜਕਾ ਆਪਣੇ ਨਾਲ ਲਗਾਈ ਬੈਠੇ ਸਨ ਪਰ ਹੁਣ ਉਨਾਂ ਲੀਡਰਾਂ ਦੀ ਕਾਰਗੁਜ਼ਾਰੀ ਤੋਂ ਅਧਿਆਪਕ ਜਾਣੂੰ ਹੋ ਗਏ ਹਨ, ਜਿਸ ਕਾਰਨ ਅਧਿਆਪਕਾਂ ਸਣੇ ਖ਼ੁਦ ਯੂਨੀਅਨ ਲੀਡਰ ਵੀ ਸਰਕਾਰ ਅਨੁਸਾਰ ਸਿੱਖਿਆ ਵਿਭਾਗ ਵਿੱਚ ਪੱਕੇ ਹੋਣ ਆ ਰਹੇ ਹਨ।
ਇਥੇ ਰਮਸਾ ਤੇ ਐਸ.ਐਸ.ਏ. ਦੇ ਸੂਬਾ ਉਪ ਪ੍ਰਧਾਨ ਰਾਮ ਭਜਨ ਚੌਧਰੀ ਨੇ ਕਿਹਾ ਕਿ ਪਟਿਆਲਾ ਧਰਨੇ ਨੂੰ ਚਲਾ ਰਹੇ ਕੁਝ ਲੀਡਰਾਂ ਨੇ ਉਸ ਨੂੰ ਆਪਣੀ ਜਗੀਰ ਬਣਾਉਂਦੇ ਹੋਏ ਆਪਣੇ ਅਨੁਸਾਰ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਹੀ 2 ਮਹੀਨੇ ਤੋਂ ਚਲ ਰਹੇ ਧਰਨੇ ਦਾ ਕੋਈ ਹਲ਼ ਨਹੀਂ ਨਿਕਲਿਆ ਹੈ। ਉਨਾਂ ਕਿਹਾ ਕਿ ਕਈ ਕੈਬਨਿਟ ਮੰਤਰੀਆਂ ਰਾਹੀਂ ਯੂਨੀਅਨ ਦੀ ਗੱਲਬਾਤ ਸਰਕਾਰ ਨਾਲ ਸ਼ੁਰੂ ਹੋਈ ਸੀ ਪਰ ਕਥਿਤ ਤੌਰ ‘ਤੇ ਕੁਝ ਲੀਡਰਾਂ ਨੇ ਗੱਲਬਾਤ ਨੂੰ ਸਿਰੇ ਹੀ ਨਹੀਂ ਚੜਨ ਦਿੱਤਾ। ਜਿਸ ਦਾ ਨੁਕਸਾਨ ਸਾਰੇ ਅਧਿਆਪਕਾਂ ਨੂੰ ਹੋ ਰਿਹਾ ਹੈ। ਉਨਾਂ ਕਿਹਾ ਕਿ ਉਹ ਹੁਣ ਯੂਨੀਅਨ ਨੂੰ ਛੱਡ ਕੇ ਸਿੱਖਿਆ ਵਿਭਾਗ ਵਿੱਚ ਪੱਕੇ ਹੋ ਗਏ ਹਨ, ਇਸ ਲਈ ਉਨਾਂ ਦਾ ਪਟਿਆਲਾ ਧਰਨੇ ਦਾ ਨਾਲ ਕੋਈ ਤਾਲੂਕਾਤ ਨਹੀਂ ਰਿਹਾ ਹੈ ਪਰ ਸਾਰੇ ਅਧਿਆਪਕ ਉਨਾਂ ਦਾ ਪਰਿਵਾਰਕ ਮੈਂਬਰ ਰਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।