ਲਾਂਘੇ ‘ਤੇ ਸਿਆਸਤ ਕਰਨ ਦੀ ਬਜਾਏ ਸਾਰੇ ਮਿਲਕੇ ਹੰਭਲਾ ਮਾਰੋ : ਸਿੱਧੂ | Navjot Singh Sidhu
- ਪਾਕਿ ਦੇ ਫੌਜੀ ਜਰਨੈਲ ਵੱਲੋਂ ਲਾਂਘਾ ਖੋਲ੍ਹਣ ਸਬੰਧੀ ਕੀਤੇ ਗਏ ਵਾਅਦੇ ਨੂੰ ਫਿਰ ਦੁਹਰਾਇਆ
ਡੇਰਾ ਬਾਬਾ ਨਾਨਕ/ਗੁਰਦਾਸਪੁਰ, (ਰਾਜਨ ਮਾਨ)। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਾਮਲੇ ਨੂੰ ਹੋਰ ਅੱਗੇ ਤੋਰਦਿਆਂ ਅੱਜ ਡੇਰਾ ਬਾਬਾ ਨਾਨਕ ਵਿਖੇ ਜਾ ਕੇ ਸਰਹੱਦ ‘ਤੇ ਜਾ ਕੇ ਅਰਦਾਸ ਕੀਤੀ ਤੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕੀਤੇ। ਸਿੱਧੂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਸਿਆਸਤ ਕਰਨ ਦੀ ਬਜਾਏ ਸਾਰਿਆਂ ਨੂੰ ਮਿਲਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਪਾਕਿਸਤਾਨੀ ਫੌਜ ਦੇ ਮੁਖੀ ਨੂੰ ਜੱਫੀ ਪਾਉਣ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਸ ਦਾ ਵਿਰੋਧ ਕਰਨ ਕਾਰਨ ਜੱਫੀ ‘ਤੇ ਸਿਆਸਤ ਕੀਤੀ ਜਾ ਰਹੀ ਹੈ। ਹਰ ਆਗੂ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿੱਚ ਲੱਗਾ ਹੋਇਆ ਹੈ, ਕਿਸੇ ਨੂੰ ਦੇਸ਼ ਪਿਆਰ ਤੇ ਕਿਸੇ ਨੂੰ ਸ਼ਹੀਦਾਂ ਦੀ ਯਾਦ ਨੇ ਅੱਜ ਅਚਾਨਕ ਆ ਘੇਰਾ ਪਾਇਆ ਹੈ। (Navjot Singh Sidhu)
ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ
ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਕਈ ਚਿਰਾਂ ਤੋਂ ਮੰਗ ਚੱਲਦੀ ਆ ਰਹੀ ਸੀ,ਪਰ ਕਿਸੇ ਤਣ-ਪੱਤਣ ਨਹੀਂ ਸੀ ਲੱਗ ਰਹੀ। ਸਿੱਧੂ ਦੀ ਪਾਕਿ ਫੇਰੀ ਦੌਰਾਨ ਪਾਕਿ ਫੌਜੀ ਜਰਨੈਲ ਵੱਲੋਂ 550 ਸਾਲਾ ਮੌਕੇ ‘ਤੇ ਇਹ ਲਾਂਘਾ ਦੇਣ ਦਾ ਸਿੱਧੂ ਨਾਲ ਵਾਅਦਾ ਕਰਕੇ ਸਿੱਖਾਂ ਤੇ ਪੰਜਾਬੀਆਂ ਦੀ ਇਸ ਮੰਗ ਨੂੰ ਮੰਨਣ ਵੱਲ ਇਸ਼ਾਰਾ ਕੀਤਾ ਹੈ। ਵੱਖ-ਵੱਖ ਸਿੱਖ ਤੇ ਹੋਰ ਅਮਨ ਪਸੰਦ ਜਥੇਬੰਦੀਆਂ ਵੱਲੋਂ ਸਿੱਧੂ ਦੇ ਇਸ ਕਦਮ ਦੀ ਭਾਰੀ ਸ਼ਲਾਘਾ ਕੀਤੀ ਜਾ ਰਹੀ ਹੈ।
ਅੱਜ ਸਰਹੱਦ ‘ਤੇ ਗੱਲਬਾਤ ਕਰਦਿਆਂ ਸ਼੍ਰੀ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਫੇਰੀ ਦੌਰਾਨ ਪਾਕਿ ਫੌਜ ਮੁਖੀ ਜਨਰਲ ਬਾਜਵਾ ਨੇ ਉਹਨਾਂ ਨੂੰ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ‘ਤੇ ਪਾਕਿਸਤਾਨ ਸਰਕਾਰ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹੇ ਲਾਂਘੇ ਦਾ ਐਲਾਨ ਕਰਨ ਬਾਰੇ ਵਿਚਾਰ ਕਰ ਰਹੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਉਹ ਇਸ ਮਾਮਲੇ ‘ਤੇ ਕੋਈ ਸਿਆਸਤ ਕਰਨਾ ਨਹੀਂ ਚਾਹੁੰਦੇ ਅਤੇ ਨਾ ਹੀ ਇਸ ਮਾਮਲੇ ‘ਤੇ ਕਿਸੇ ਨੂੰ ਸਿਆਸਤ ਕਰਨੀ ਚਾਹੀਦੀ ਹੈ। ਕਰਤਾਰਪੁਰ ਲਾਂਘੇ ਸਬੰਧੀ ਸਿੱਧੂ ਵੱਲੋਂ ਚੁੱਕੇ ਗਏ ਕਦਮਾਂ ਦੀ ਸਿਆਸੀ ਧਿਰਾਂ ਤੋਂ ਇਲਾਵਾ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਸਿੱਧੂ ਦੇ ਇਸ ਕਦਮ ਦੀ ਸ਼ਲਾਘਾ ਨੂੰ ਵੇਖਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਰੋਧਤਾ ਤੋਂ ਬਾਅਦ ਇਸ ਸਬੰਧੀ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੂੰ ਲਾਂਘੇ ਸਬੰਧੀ ਪੱਤਰ ਲਿਖਿਆ ਹੈ ਅੱਜ ਸਿੱਧੂ ਇਸ ਲਾਂਘੇ ਸਬੰਧੀ ਕਾਫੀ ਆਸਵੰਦ ਨਜ਼ਰ ਆ ਰਹੇ ਸਨ। (Navjot Singh Sidhu)