ਹਰ ਵਿਦਿਆਰਥੀ ਦੇ ਖਾਤੇ ‘ਚ ਆਉਣਗੇ 600 ਰੁਪਏ, ਖ਼ੁਦ ਖ਼ਰੀਦਣਗੇ ਆਪਣੀ ਵਰਦੀ
ਹਰ ਵਾਰ ਲੱਗਣ ਵਾਲੇ ਦੋਸ਼ ਤੇ ਸ਼ਿਕਾਇਤਾਂ ਤੋਂ ਦੁਖੀ ਸਿੱਖਿਆ ਵਿਭਾਗ ਨੇ ਲਿਆ ਫੈਸਲਾ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਵਰਦੀ ਦੇਣ ਦੇ ਝੰਜਟ ਤੋਂ ਸਿੱਖਿਆ ਵਿਭਾਗ ਮੁਕਤੀ ਚਾਹੁੰਦਾ ਹੈ, ਇਸ ਲਈ ਹੁਣ ਵਿਦਿਆਰਥੀਆਂ ਨੂੰ ਵਰਦੀ ਨਹੀਂ ਸਗੋਂ ਵਰਦੀ ਲੈਣ ਲਈ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਆਉਣਗੇ। ਇਸ ਲਈ ਹਰ ਸਕੂਲ ਦੇ ਅਧਿਆਪਕ ਨੂੰ ਆਪਣੇ ਆਪਣੇ ਵਿਦਿਆਰਥੀਆਂ ਦੇ ਖਾਤੇ ਖੁੱਲ੍ਹਵਾਉਂਦੇ ਹੋਏ 30 ਅਗਸਤ ਤੱਕ ਸਿੱਖਿਆ ਵਿਭਾਗ ਨੂੰ ਬੈਂਕ ਖਾਤੇ ਸਣੇ ਰਿਪੋਰਟ ਭੇਜਣੀ ਪਏਗੀ ਤਾਂ ਕਿ ਸਤੰਬਰ ਮਹੀਨੇ ਵਿੱਚ ਹਰ ਵਿਦਿਆਰਥੀ ਦੇ ਖਾਤੇ ਵਿੱਚ ਵਰਦੀ ਲਈ 600 ਰੁਪਏ ਪਾ ਦਿੱਤੇ ਜਾਣ।
ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਾਈ ਕਰਦੇ ਪਹਿਲੀ ਤੋਂ 8ਵੀ ਤੱਕ ਦੀਆਂ ਲੜਕੀਆਂ ਅਤੇ ਐਸ.ਸੀ./ਬੀ.ਸੀ. ਅਤੇ ਬੀ.ਪੀ.ਐਲ. ਪਰਿਵਾਰਾਂ ਨਾਲ ਸਬੰਧਿਤ ਲੜਕਿਆਂ ਨੂੰ ਸਰਕਾਰ ਵੱਲੋਂ ਸਰਵ ਸਿੱਖਿਆ ਅਭਿਆਨ ਤਹਿਤ ਹਰ ਸਾਲ ਮੁਫ਼ਤ ਵਰਦੀ ਦਿੱਤੀ ਜਾਂਦੀ ਹੈ, ਜਿਸ ਵਿੱਚ ਸਰਦੀ ਅਤੇ ਗਰਮੀ ਦੀ ਵਰਦੀ ਸਣੇ ਬੂਟ ਅਤੇ ਜੁਰਾਬਾਂ ਵੀ ਸ਼ਾਮਲ ਹਨ। ਪੰਜਾਬ ਸਰਕਾਰ ਵੱਲੋਂ ਪਹਿਲਾਂ ਸੂਬਾ ਪੱਧਰ ‘ਤੇ ਖਰੀਦ ਕਰਕੇ ਇਹ ਸਾਰੀ ਵਰਦੀ ਦਿੱਤੀ ਜਾਂਦੀ ਸੀ ਅਤੇ ਫਿਰ ਇਸ ਕੰਮ ਨੂੰ ਸਕੂਲ ਪੱਧਰ ‘ਤੇ ਕਰਨ ਲਈ ਆਦੇਸ਼ ਦੇ ਦਿੱਤੇ ਸਨ।
ਵਰਦੀ ਵੰਡਣ ਦੇ ਕੰਮ ਵਿੱਚ ਸਿੱਖਿਆ ਵਿਭਾਗ ਨੂੰ ਸ਼ਾਬਾਸ਼ੀ ਘੱਟ ਤੇ ਸ਼ਿਕਾਇਤਾਂ ਜਿਆਦਾ ਆਉਂਦੀਆਂ ਸਨ, ਜਿਸ ਵਿੱਚ ਅਧਿਆਪਕਾਂ ਤੱਕ ‘ਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਗਾ ਦਿੱਤੇ ਜਾਂਦੇ ਸਨ। ਇਸ ਮੁਫ਼ਤ ਦੇ ਝੰਜਟ ਤੋਂ ਬਾਹਰ ਆਉਣ ਲਈ ਸਿੱਖਿਆ ਵਿਭਾਗ ਨੇ ਵਰਦੀ ਲੈਣ ਦੀ ਸਾਰੀ ਜਿੰਮੇਵਾਰੀ ਹੁਣ ਵਿਦਿਆਰਥੀਆਂ ਦੇ ਮਾਪੇ ਸਿਰ ਪਾ ਦਿੱਤੀ ਹੈ ਤਾਂ ਕਿ ਉਹ ਬਾਅਦ ਵਿੱਚ ਸ਼ਿਕਾਇਤ ਨਾ ਕਰਨ ਕਿ ਉਨ੍ਹਾਂ ਨੂੰ ਵਰਦੀ ਨਹੀਂ ਮਿਲੀ ਹੈ, ਜੇਕਰ ਮਿਲੀ ਹੈ ਤਾਂ ਉਸ ਦੀ ਕੁਆਲਿਟੀ ਠੀਕ ਨਹੀਂ ਹੈ।
ਇਸ ਲਈ ਸਿੱਖਿਆ ਵਿਭਾਗ ਨੇ ਆਦੇਸ਼ ਦਿੱਤੇ ਹਨ ਕਿ ਹਰ ਵਿਦਿਆਰਥੀ ਕਿਸੇ ਵੀ ਨੈਸ਼ਨਲ ਸਰਕਾਰੀ ਬੈਂਕ ਵਿੱਚ ਜ਼ੀਰੋ ਬੈਂਕ ਬੈਲੰਸ ਵਾਲਾ ਖਾਤਾ ਖੁਲ੍ਹਵਾ ਬੈਂਕ ਅਕਾਉਂਟ ਸਕੂਲ ਮੁੱਖੀ ਨੂੰ ਦੇਵੇਗਾ, ਜਿਸ ਤੋਂ ਬਾਅਦ ਇਹ ਸਾਰਾ ਡਾਟਾ ਸਿੱਖਿਆ ਵਿਭਾਗ ਕੋਲ 30 ਅਗਸਤ ਤੱਕ ਪੁੱਜੇਗਾ। ਇਨ੍ਹਾਂ ਸਾਰੇ ਵਿਦਿਆਰਥੀਆਂ ਦੇ ਬੈਂਕ ਖਾਤੇ ਆਉਣ ਤੋਂ ਬਾਅਦ ਹਰ ਵਿਦਿਆਰਥੀ ਦੇ ਖਾਤੇ ਵਿੱਚ 600 ਰੁਪਏ ਸਤੰਬਰ ਮਹੀਨੇ ਵਿੱਚ ਸਿੱਖਿਆ ਵਿਭਾਗ ਵਰਦੀ ਲਈ ਪਾ ਦੇਵੇਗਾ। ਜਿਸ ਤੋਂ ਬਾਅਦ ਮਾਪੀਆਂ ਨੂੰ ਖ਼ੁਦ ਆਪਣੀ ਮਨਮਰਜ਼ੀ ਨਾਲ ਵਰਦੀ ਲੈਣ ਦੀ ਛੁੱਟ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।