ਲੁਧਿਆਣਾ (ਰਘਬੀਰ ਸਿੰਘ/ਸੱਚ ਕਹੂੰ ਨਿਊਜ) ਸਥਾਨਕ ਥਾਣਾ ਹੈਬੋਵਾਲ ਹੇਠ ਆਉਂਦੇ ਇਲਾਕੇ ਚੂਹੜਪੁਰ ਹੈਬੋਵਾਲ ਵਿਖੇ 10 ਜੁਲਾਈ ਰਾਤ ਨੂੰ ਮਨਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਕਰਨ ਵਾਲੀ ਭੈਣ ਸਮੇਤ 4 ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਇੱਕ ਵਿਅਕਤੀ ਫਰਾਰ ਚੱਲ ਰਿਹਾ ਹੈ। ਗ੍ਰਿਫਤਾਰ ਵਿਅਕਤੀਆਂ ਵਿੱਚ ਪੀੜਤ ਦੀ ਭੈਣ ਐਨੀਪ੍ਰੀਤ ਕੌਰ, ਸਤਨਾਮ ਸਿੰਘ, ਜਸਵੀਰ ਸਿੰਘ ਅਤੇ ਸੁਖਦੇਵ ਸਿੰਘ ਸ਼ਾਮਲ ਹਨ ਜਦੋਂਕਿ ਫਰਾਰ ਵਿਅਕਤੀ ਦੀ ਪਛਾਣ ਜਸ਼ਨਜੋਤ ਸਿੰਘ ਵਜੋਂ ਹੋਈ ਹੈ। (Ludiana News)
ਐਨੀਪ੍ਰੀਤ ਕੌਰ ਨੇ ਆਪਣੇ ਪਿਤਾ ਦੀ ਜਾਇਦਾਦ ਹੜੱਪਣ ਲਈ ਜਾਇਦਾਦ ਦੇ ਇਕੱਲੇ ਵਾਰਸ ਆਪਣੇ ਭਰਾ ਮਨਪ੍ਰੀਤ ਸਿੰਘ ਨੂੰ ਰਾਹ ਵਿੱਚੋਂ ਹਟਾਉਣ ਲਈ ਗੋਲੀਆਂ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਹਮਲਾਵਰਾਂ ਨੇ ਮਨਪ੍ਰੀਤ ਸਿੰਘ ਨੂੰ ਤਿੰਨ ਗੋਲੀਆਂ ਮਾਰੀਆਂ ਅਤੇ ਉਸ ਨੂੰ ਮਰਿਆ ਸਮਝ ਕੇ ਫਰਾਰ ਹੋ ਗਏ। ਪੁਲਿਸ ਨੇ ਉਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤੇ ਰਿਵਾਲਵਰ ਅਤੇ ਮੋਟਰਸਾਈਕਲ ਬਰਾਮਦ ਕਰ ਲਏ ਹਨ।
ਇਹ ਵੀ ਪੜ੍ਹੋ : ਹਨੂੰਮਾਨਗੜ੍ਹ, ਟਿੱਬੀ ਅਤੇ ਪੀਲੀਬੰਗਾ ਦੇ ਸਾਰੇ ਸਕੂਲਾਂ ’ਚ ਛੁੱਟੀ ਦਾ ਐਲਾਨ
ਸਿੰਗਲ ਵਿੰਡੋ ਹਾਲ ਵਿਖੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਪ੍ਰੀਤ ਸਿੰਘ ਵੱਲੋਂ ਪੁਲਿਸ ਕੋਲ ਦਰਜ਼ ਕਰਵਾਏ ਬਿਆਨ ਦੇ ਅਧਾਰ ‘ਤੇ ਪੁਲਿਸ ਨੇ ਸ਼ੱਕ ਹੋਣ ‘ਤੇ ਜਾਂਚ ਵਿੱਚ ਉਸ ਦੀ ਭੈਣ ਐਨੀਪ੍ਰੀਤ ਕੌਰ ਨੂੰ ਸ਼ਾਮਲ ਕੀਤਾ। ਐਨੀਪ੍ਰੀਤ ਕੌਰ ਨੇ ਪੁੱਛ-ਗਿੱਛ ਵਿੱਚ ਖੁਲਾਸਾ ਕੀਤਾ ਕਿ ਉਸ ਦੇ ਪਤੀ ਦੀ ਬਿਮਾਰੀ ਕਾਰਨ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਐਨੀਪ੍ਰੀਤ ਕੌਰ ਆਪਣੇ ਪੇਕੇ ਘਰ ਰਹਿਣ ਲੱਗ ਪਈ। ਇਸ ਦੌਰਾਨ ਉਸ ਦੇ ਪਿਤਾ ਕੋਲ ਡਰਾਈਵਰੀ ਦਾ ਕੰਮ ਕਰਦੇ ਕਥਿੱਤ ਦੋਸ਼ੀ ਸਤਨਾਮ ਸਿੰਘ ਨਾਲ ਉਸ ਦੇ ਗਲਤ ਸਬੰਧ ਬਣ ਗਏ। ਉਸ ਦਾ ਭਰਾ ਉਸ ਦੇ ਪਿਤਾ ਦੀ ਜਾਇਦਾਦ ਦਾ ਇਕੱਲਾ ਵਾਰਸ ਹੈ। (Ludiana News)
ਜਾਇਦਾਦ ਹੜੱਪ ਕੇ ਸਤਨਾਮ ਸਿੰਘ ਨਾਲ ਵਿਆਹ ਕਰਵਾਉਣ ਦੀ ਨੀਅਤ ਨਾਲ ਉਸ ਨੇ ਸਤਨਾਮ ਸਿੰਘ ਨਾਲ ਮਿਲ ਕੇ ਆਪਣੇ ਭਰਾ ਮਨਪ੍ਰੀਤ ਸਿੰਘ ਨੂੰ ਟਿਕਾਣੇ ਲਾਉਣ ਦੀ ਯੋਜਨਾ ਬਣਾਈ। ਪੁਲਿਸ ਨੇ ਸਤਨਾਮ ਸਿੰਘ ਨੂੰ 13 ਜੁਲਾਈ ਨੂੰ ਪਿੰਡ ਮੰਡਾਲੀ ਫਗਵਾੜਾ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਨੇੜਿਉਂ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੇ ਰਿਵਾਲਵਰ ਸਮੇਤ 7 ਜਿੰਦਾ ਕਾਰਤੂਸ ਅਤੇ ਪਲਸਰ ਮੋਟਰਸਾਈਕਲ ਬਰਾਮਦ ਕਰ ਲਿਆ। ਉਸ ਤੋਂ ਪੁੱਛ-ਗਿੱਛ ‘ਤੇ ਉਸ ਦਾ ਦੂਜਾ ਸਾਥੀ ਜਸਵੀਰ ਸਿੰਘ ਸਮੇਤ ਦੇਸੀ ਕੱਟਾ 315 ਬੋਰ ਅਤੇ ਇੱਕ ਰੌਂਦ ਸਣੇ ਸਿਵਲ ਹਸਪਤਾਲ ਜਲੰਧਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਸਵੀਰ ਸਿੰਘ ਦੇ ਖੁਲਾਸੇ ਤੋਂ ਬਾਦ ਉਨ੍ਹਾਂ ਦੇ ਸਾਥੀ ਸੁਖਦੇਵ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜੋਸ਼ਨਜੋਤ ਸਿੰਘ ਵਾਸੀ ਪਿੰਡ ਘੁਮਾਣ ਤਹਿਸੀਲ ਮਹਿਤਾ ਜਿਲ੍ਹਾ ਗੁਰਦਾਸਪੁਰ ਦੀ ਗ੍ਰਿਫਤਾਰੀ ਅਜੇ ਬਾਕੀ ਹੈ। (Ludiana News)