ਚੰਡੀਗੜ੍ਹ (ਸੱਚ ਕਹੂੰ ਨਿਊਜ਼)। Vande Bharat Train: ਜੂਨ ’ਚ ਜੰਮੂ-ਕਸ਼ਮੀਰ ’ਚ ਸ਼ੁਰੂ ਹੋਈਆਂ ਵੰਦੇ ਭਾਰਤ ਟ੍ਰੇਨਾਂ ਨੂੰ ਯਾਤਰੀਆਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਰੇਲਵੇ ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕਟੜਾ-ਸ਼੍ਰੀਨਗਰ ਰੂਟ ’ਤੇ ਚੱਲਣ ਵਾਲੀਆਂ ਚਾਰੋਂ ਵੰਦੇ ਭਾਰਤ ਟ੍ਰੇਨਾਂ ਲਗਾਤਾਰ ਹਾਊਸਫੁੱਲ ਚੱਲ ਰਹੀਆਂ ਹਨ। ਅਗਸਤ ਲਈ ਲਗਭਗ ਸਾਰੀਆਂ ਸੀਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹਨ। ਪਹਿਲੀ ਟ੍ਰੇਨ ਜੂਨ ਵਿੱਚ 100 ਪ੍ਰਤੀਸ਼ਤ ਭਰੀ ਹੋਈ ਸੀ, ਜੁਲਾਈ ’ਚ 102 ਪ੍ਰਤੀਸ਼ਤ ਤੇ ਅਗਸਤ ’ਚ 98 ਫੀਸਦੀ ਤੱਕ ਪਹੁੰਚ ਗਈ ਸੀ। Vande Bharat Train
ਇਹ ਖਬਰ ਵੀ ਪੜ੍ਹੋ : Ludhiana News: ਨਸ਼ੀਲੇ ਪਦਾਰਥ ਤੇ ਅਸਲੇ ਸਣੇ ਇੱਕ ਵਿਅਕਤੀ ਗ੍ਰਿਫ਼ਤਾਰ
ਵਾਪਸੀ ਟ੍ਰੇਨ ਤਿੰਨਾਂ ਮਹੀਨਿਆਂ ਵਿੱਚ 101 ਪ੍ਰਤੀਸ਼ਤ ਓਕੂਪੈਂਸੀ ’ਤੇ ਸੀ। ਦੂਜੀ ਜੋੜਾ ਟ੍ਰੇਨਾਂ ਵੀ ਲਗਭਗ ਭਰੀਆਂ ਹੋਈਆਂ ਸਨ, ਜੂਨ ’ਚ 94 ਪ੍ਰਤੀਸ਼ਤ ਤੋਂ ਸ਼ੁਰੂ ਹੋ ਕੇ, ਜੁਲਾਈ ’ਚ 100 ਫੀਸਦੀ ਤੇ ਅਗਸਤ ਵਿੱਚ 98 ਪ੍ਰਤੀਸ਼ਤ ਤੱਕ ਪਹੁੰਚ ਗਈ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ 100 ਪ੍ਰਤੀਸ਼ਤ ਤੋਂ ਵੱਧ ਓਕੂਪੈਂਸੀ ਦਾ ਮਤਲਬ ਹੈ ਕਿ ਸਮਰੱਥਾ ਨਾਲੋਂ ਜ਼ਿਆਦਾ ਮੰਗ ਹੈ ਤੇ ਇਸ ਵਿੱਚ ਉਡੀਕ ਟਿਕਟਾਂ ਵੀ ਸ਼ਾਮਲ ਹਨ। ਅੰਜਨੀ ਤੇ ਚੇਨਾਬ ਪੁਲਾਂ ਦੇ ਖੁੱਲ੍ਹਣ ਤੋਂ ਬਾਅਦ ਜੂਨ ’ਚ ਸ਼੍ਰੀਨਗਰ ਸਿੱਧੇ ਤੌਰ ’ਤੇ ਰੇਲ ਨੈੱਟਵਰਕ ਨਾਲ ਜੁੜਿਆ ਹੋਇਆ ਸੀ। ਵਰਤਮਾਨ ’ਚ, ਹਰ ਰੋਜ਼ ਕਟੜਾ-ਸ਼੍ਰੀਨਗਰ ਵਿਚਕਾਰ ਦੋ ਜੋੜੇ (ਕੁੱਲ 4) ਵੰਦੇ ਭਾਰਤ ਟ੍ਰੇਨਾਂ ਚੱਲ ਰਹੀਆਂ ਹਨ।
ਇਹ ਟ੍ਰੇਨ ਕਟੜਾ ਤੋਂ ਸਵੇਰੇ 8:10 ਵਜੇ ਚੱਲਦੀ ਹੈ ਤੇ ਸਵੇਰੇ 11 ਵਜੇ ਸ੍ਰੀਨਗਰ ਪਹੁੰਚਦੀ ਹੈ। ਇਹ ਵਿਚਕਾਰ ਸਿਰਫ਼ ਬਨਿਹਾਲ ਸਟੇਸ਼ਨ ’ਤੇ ਰੁਕਦੀ ਹੈ। ਚੇਅਰ ਕਾਰ ਦਾ ਕਿਰਾਇਆ 715 ਰੁਪਏ ਹੈ ਤੇ ਐਗਜ਼ੀਕਿਊਟਿਵ ਕਲਾਸ ਦਾ ਕਿਰਾਇਆ 1,320 ਰੁਪਏ ਹੈ। ਵਾਪਸੀ ਦੀ ਯਾਤਰਾ ’ਤੇ, ਟ੍ਰੇਨ ਸ਼੍ਰੀਨਗਰ ਤੋਂ ਦੁਪਹਿਰ 2 ਵਜੇ ਚੱਲਦੀ ਹੈ ਤੇ ਸ਼ਾਮ 4:58 ਵਜੇ ਕਟੜਾ ਪਹੁੰਚਦੀ ਹੈ। ਇਸ ਦਾ ਕਿਰਾਇਆ ਚੇਅਰ ਕਾਰ ਲਈ 880 ਰੁਪਏ ਤੇ ਐਗਜ਼ੀਕਿਊਟਿਵ ਕਲਾਸ ਲਈ 1,515 ਰੁਪਏ ਹੈ। ਸ਼੍ਰੀਨਗਰ-ਕਟੜਾ ਵੰਦੇ ਭਾਰਤ ਟ੍ਰੇਨ ਸ਼ੁਰੂ ਹੁੰਦੇ ਹੀ ਯਾਤਰੀਆਂ ਦੀ ਪਹਿਲੀ ਪਸੰਦ ਬਣ ਗਈ ਹੈ। ਇਸ ਦਾ ਪ੍ਰਭਾਵ ਉਡਾਣਾਂ ’ਤੇ ਵੀ ਦਿਖਾਈ ਦੇ ਰਿਹਾ ਹੈ। ਪਹਿਲਾਂ ਹਵਾਈ ਟਿਕਟਾਂ 10 ਤੋਂ 15 ਹਜ਼ਾਰ ਰੁਪਏ ’ਚ ਮਿਲਦੀਆਂ ਸਨ, ਪਰ ਹੁਣ ਇੱਕ ਦਿਨ ਬਾਅਦ ਦੀ ਟਿਕਟ ਸਿਰਫ਼ 2,500 ਰੁਪਏ ’ਚ ਮਿਲਦੀ ਹੈ। ਵੰਦੇ ਭਾਰਤ ਟ੍ਰੇਨ ਨੇ ਲੋਕਾਂ ਦੇ ਦਿਲਾਂ ’ਚ ਇੱਕ ਖਾਸ ਜਗ੍ਹਾ ਬਣਾਈ ਹੈ। Vande Bharat Train