ਕਿਸਾਨਾਂ ਨੇ ਦਿੱਲੀ ਪੈਦਲ ਕੂਚ 26 ਜਨਵਰੀ ਤੱਕ ਟਾਲਿਆ
- ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਵੱਲੋਂ ਜਗਜੀਤ ਡੱਲੇਵਾਲ ਨੂੰ ਖਾਣਾ ਖਾਣ ਦੀ ਅਪੀਲ
- ਕੇਂਦਰ ਸਰਕਾਰ 14 ਫਰਵਰੀ ਦੀ ਥਾਂ ਪਹਿਲਾਂ ਕਰੇ ਮੀਟਿੰਗ ਅਤੇ ਹੋਵੇ ਨਵੀਂ ਦਿੱਲੀ ’ਚ : ਸਰਵਣ ਪੰਧੇਰ
Kisan Andolan: ਸ਼ੰਭੂ ਬਾਰਡਰ/ਪਟਿਆਲਾ (ਖੁਸ਼ਵੀਰ ਸਿੰਘ ਤੂਰ/ਅਜੈ ਕਮਲ)। ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਵੱਲੋਂ 21 ਜਨਵਰੀ ਨੂੰ ਪੈਦਲ ਦਿੱਲੀ ਕੂਚ ਦਾ ਪ੍ਰੋਗਰਾਮ 26 ਜਨਵਰੀ ਤੱਕ ਟਾਲ ਦਿੱੱਤਾ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਆਗੂਆਂ ਵੱਲੋਂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਆਪਣਾ ਮਰਨ ਵਰਤ ਖਤਮ ਕਰਕੇ ਖਾਣਾ ਖਾਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਉਹ ਤੰਦਰੁਸਤ ਹੋ ਕੇ ਕੇਂਦਰ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਮੀਟਿੰਗ ’ਚ ਸ਼ਾਮਲ ਹੋ ਸਕਣ। ਅੱਜ ਇੱਥੇ ਸ਼ੰਭੂ ਬਾਰਡਰ ’ਤੇ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਐਲਾਨ ਕਰਦਿਆਂ ਕਿਹਾ ਕਿ 21 ਜਨਵਰੀ ਨੂੰ ਜਿਹੜੇ 101 ਕਿਸਾਨਾਂ ਦਾ ਚੌਥਾ ਜਥਾ ਪੈਦਲ ਦਿੱਲੀ ਕੂਚ ਲਈ ਰਵਾਨਾ ਹੋਣਾ ਸੀ, ਉਹ ਹੁਣ ਨਹੀਂ ਹੋਵੇਗਾ। Kisan Andolan
ਇਹ ਖਬਰ ਵੀ ਪੜ੍ਹੋ : Ludhiana News: ਲੁਧਿਆਣਾ ਨੂੰ ਪਹਿਲੀ ਮਹਿਲਾ ਦੇ ਰੂਪ ’ਚ ਮਿਲਿਆ 7ਵਾਂ ਮੇਅਰ
ਉਨ੍ਹਾਂ ਕਿਹਾ ਕਿ ਦਿੱਲੀ ਕੂਚ ਦਾ ਪ੍ਰੋਗਰਾਮ 26 ਜਨਵਰੀ ਤੱਕ ਟਾਲ ਦਿੱਤਾ ਹੈ, ਤੇ ਕੇਂਦਰ ਸਰਕਾਰ ਨੂੰ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਜਿਹੜੀ ਮੀਟਿੰਗ 14 ਫਰਵਰੀ ਨੂੰ ਤੈਅ ਕੀਤੀ ਗਈ ਹੈ, ਉਹ ਬਹੁਤ ਲੇਟ ਹੈ, ਇਸ ਲਈ ਇਸ ਮੀਟਿੰਗ ਨੂੰ ਜਲਦੀ ਕੀਤਾ ਜਾਵੇ ਤੇ ਸਥਾਨ ਨਵੀਂ ਦਿੱਲੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਕੇਂਦਰ ਸਰਕਾਰ ਦਿੱਲੀ ਚੋਣਾਂ ’ਚ ਚੋਣ ਜਾਬਤਾ ਲੱਗਿਆ ਹੋਣ ਦਾ ਬਹਾਨਾ ਬਣਾ ਕੇ 14 ਫਰਵਰੀ ਦੀ ਗੱਲ ਆਖ ਰਹੀ ਹੈ, ਉਹ ਵਾਜਬ ਨਹੀਂ ਲੱਗਦੀ ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਚੋਣ ਜਾਬਤੇ ’ਚ ਹੀ ਅੱਠਵੇਂ ਪੇਅ ਕਮਿਸ਼ਨ ਦਾ ਐਲਾਨ ਕਰ ਰਹੀ ਹੈ। ਜੇਕਰ ਇਹ ਐਲਾਨ ਚੋਣ ਜ਼ਾਬਤੇ ’ਚ ਹੋ ਸਕਦਾ ਹੈ ਤਾਂ ਫਿਰ ਕਿਸਾਨਾਂ ਨਾਲ ਮੀਟਿੰਗ ਵੀ ਪਹਿਲਾਂ ਦਿੱਲੀ ਵਿਖੇ ਹੋ ਸਕਦੀ ਹੈ। Kisan Andolan
ਇਸ ਦੌਰਾਨ ਹੀ ਕਿਸਾਨ ਆਗੂਆਂ ਸਰਵਨ ਸਿੰਘ ਪੰਧੇਰ ਤੇ ਮਨਜੀਤ ਸਿੰਘ ਰਾਏ ਵੱਲੋਂ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੋੜ ਕੇ ਖਾਣਾ ਖਾਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਡਾ. ਸਵੈਮਾਨ ਸਿੰਘ ਵੱਲੋਂ ਆਖਿਆ ਗਿਆ ਹੈ ਕਿ 14 ਫਰਵਰੀ ਤੱਕ ਹੋਣ ਵਾਲੀ ਮੀਟਿੰਗ ਤੱਕ ਮੈਡੀਕਲ ਸਹਾਇਤਾ ’ਤੇ ਐਨੇ ਦਿਨ ਡੱਲੇਵਾਲ ਸਾਹਿਬ ਦੀ ਸਿਹਤ ਠੀਕ ਨਹੀਂ ਰਹਿ ਸਕਦੀ। ਇਸ ਲਈ ਉਹ ਅਪੀਲ ਕਰਦੇ ਹਨ ਕਿ ਡੱਲੇਵਾਲ ਸਾਹਿਬ ਖਾਣਾ ਖਾਣ ਕਿਉਂਕਿ ਤੰਦਰੁਸਤ ਹੋ ਕੇ ਹੀ ਕੇਂਦਰ ਨਾਲ ਮੀਟਿੰਗ ਦੌਰਾਨ ਟੇਬਲ ਤੇ ਗਰਾਊਂਡ ’ਤੇ ਕਿਸਾਨੀ ਮੰਗਾਂ ਨੂੰ ਲਾਗੂ ਕਰਵਾਇਆ ਜਾਵੇ। Kisan Andolan
26 ਜਨਵਰੀ ਨੂੰ ਸਾਇਲੋ, ਮਾਲ ਤੇ ਭਾਜਪਾ ਆਗੂਆਂ ਦੇ ਦਫ਼ਤਰਾਂ ਅੱਗੇ ਹੋਣਗੇ ਟਰੈਕਟਰ ਮਾਰਚ | Kisan Andolan
ਕਿਸਾਨ ਆਗੂਆਂ ਨੇ ਦੱਸਿਆ ਕਿ 26 ਜਨਵਰੀ ਨੂੰ ਦੇਸ਼ ਭਰ ਅੰਦਰ ਨਿਕਲਣ ਵਾਲੇ ਟਰੈਕਟਰ ਮਾਰਚ ਦਾ ਸਮਾਂ 12 ਵਜੇਂ ਤੋਂ 1.30 ਵਜੇਂ ਤੱਕ ਹੋਵੇਗਾ ਤੇ ਇਸ ਸਮੇਂ ਦੌਰਾਨ ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਸਾਇਲੋ ਗੋਦਾਮ, ਮਾਲ ਤੇ ਭਾਜਪਾ ਆਗੂਆਂ ਦੇ ਦਫ਼ਤਰਾਂ ਤੇ ਘਰਾਂ ਅੱਗੇ ਪ੍ਰਦਰਸ਼ਨ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਥੇਬੰਦੀਆਂ ਵੱਲੋਂ ਆਪਣੀਅ ਰੂਪ ਰੇਖਾ ਤੈਅ ਕਰ ਲਈ ਜਾਵੇਗੀ।
ਐੱਸਕੇਐਮ ਨਾਲ ਸੰਪੂਰਨ ਏਕਤਾ ਦੇ ਹੱਕ ’ਚ | Kisan Andolan
ਕਿਸਾਨ ਆਗੂਆਂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚਾ ਨਾਲ ਜੋ ਏਕਤਾ ਸਬੰਧੀ ਮੀਟਿੰਗਾਂ ਚੱਲ ਰਹੀਆਂ ਹਨ ਤੇ ਜੇਕਰ ਉਹ ਏਕਤਾ ਸੰਪੂਰਨ ਏਕਤਾ ’ਚ ਨਹੀਂ ਬਦਲ ਸਕਦੀ ਤਾਂ ਘੱਟੋ-ਘੱਟ ਪ੍ਰੋਗਰਾਮਾਂ ਦੀ ਏਕਤਾ ਜ਼ਰੂਰ ਬਣੇ। ਉਨ੍ਹਾਂ ਆਖਿਆ ਕਿ ਉਹ ਸੰਪੂਰਨ ਏਕਤਾ ਦੇ ਮੁੱਦਈ ਹਨ ਤੇ 24 ਜਨਵਰੀ ਨੂੰ ਐੱਸਕੇਐਮ ਦੀ ਮੀਟਿੰਗ ਹੈ ਤੇ ਉਹ ਆਪਣਾ ਨਿਰਨਾ ਜ਼ਰੂਰ ਲੈਣ। ਮਨਜੀਤ ਸਿੰਘ ਰਾਏ ਨੇ ਆਖਿਆ ਕਿ ਐੱਸਕੇਐੱਮ ਦੀ ਮੋਗਾ ਰੈਲੀ ’ਚ ਜਨਤਾ ਵੱਲੋਂ ਏਕਤਾ ਦਾ ਮਤਾ ਪਾਇਆ ਗਿਆ ਸੀ ਤੇ ਜਨਤਾ ਦਾ ਫੈਸਲਾ ਸਭ ਤੋਂ ਵੱਡਾ ਹੈ।